28 ਫਰਵਰੀ ਨੂੰ ਬਰਨਾਲਾ ‘ਚ ਪੰਜਾਬ ਕਾਂਗਰਸ ਦੀ ਵਿਸ਼ਾਲ ਰੈਲੀ ਵਿਚ ਸਾਮਿਲ ਹੋਣਗੇ ਰਾਹੁਲ ਗਾਂਧੀ
ਵਪਾਰ ਸਮਝੌਤੇ ਅਤੇ ਮਨਰੇਗਾ ਖਤਮ ਕਰਨ ਦੇ ਵਿਰੋਧ ‘ਚ ਰੈਲੀ : ਵੜਿੰਗ
ਕਿਹਾ: ਪੰਜਾਬ ਦੇ ਤਬਾਹਕੁੰਨ ਸਾਬਤ ਹੋ ਸਕਦਾ ਹੈ ਵਪਾਰ ਸਮਝੌਤਾ
ਚੰਡੀਗੜ੍ਹ 20 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਵੱਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਹੋਰ ਆਗੂਆਂ ਦੇ ਨਾਲ-ਨਾਲ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਵੀ ਸ਼ਿਰਕਤ ਕਰਨਗੇ। ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾਰਿੰਗ ਨੇ ਦੱਸਿਆ ਕਿ ਇਹ ਰੈਲੀ ਮਨਰੇਗਾ ਨੂੰ ਖਤਮ ਕਰਨ ਅਤੇ ਅਮਰੀਕਾ ਨਾਲ ਕੀਤੇ ਜਾ ਰਹੇ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ, ਜਿਸਦਾ ਪੰਜਾਬ ‘ਤੇ ਗੰਭੀਰ ਅਤੇ ਤਬਾਹਕੁੰਨ ਪ੍ਰਭਾਵ ਪਵੇਗਾ।
ਇਸ ਬਾਰੇ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿੱਥੇ ਮਨਰੇਗਾ ਸੰਬੰਧੀ ਨਵਾਂ ਕਾਨੂੰਨ ਗਰੀਬਾਂ ਦੀ ਰੋਜ਼ੀ-ਰੋਟੀ ‘ਤੇ ਵੱਡਾ ਅਸਰ ਪਾਵੇਗਾ। ਉੱਥੇ ਹੀ, ਅਮਰੀਕਾ ਨਾਲ ਵਪਾਰ ਸਮਝੌਤਾ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਅਰਥ ਵਿਵਸਥਾ ਦੀ ਮੁੱਖ ਧੁਰੀ ਹੈ, ਇਸ ਲਈ ਇਹ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਵਪਾਰ ਸਮਝੌਤਾ ਲੰਮੇ ਸਮੇਂ ਲਈ ਕਈ ਚੁਣੌਤੀਆਂ ਪੈਦਾ ਕਰ ਸਕਦਾ ਹੈ। ਇਨ੍ਹਾਂ ਹਾਲਾਤਾਂ ਵਿੱਚ ਜੇਕਰ ਖੇਤੀਬਾੜੀ ਉਤਪਾਦਾਂ ਨੂੰ ‘ਜ਼ੀਰੋ ਫੀਸਦੀ’ ਟੈਰਿਫ਼ ‘ਤੇ ਆਯਾਤ ਕਰਨ ਦੀ ਮਨਜ਼ੂਰੀ ਮਿਲ ਗਈ, ਤਾਂ ਸਥਾਨਕ ਖੇਤੀਬਾੜੀ ਨਸ਼ਟ ਹੋ ਸਕਦੀ ਹੈ। ਇਸ ਨਾਲ ਕਿਸਾਨਾਂ ਕੋਲ ਨਾ ਕੰਮ ਰਹੇਗਾ ਤੇ ਨਾ ਆਮਦਨ, ਅਤੇ ਵੱਡੀ ਗਿਣਤੀ ਵਿੱਚ ਕਿਸਾਨ ਬੇਰੁਜਗਾਰ ਹੋ ਜਾਣਗੇ।
ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਜਿਹੇ ਹਾਲਾਤਾਂ ਦਾ ਫਾਇਦਾ ਸਾਡੀਆਂ ਦੁਸ਼ਮਣ ਤਾਕਤਾਂ ਉਠਾ ਸਕਦੀਆਂ ਹਨ, ਜਿਹੜੀਆਂ ਹਮੇਸ਼ਾ ਤੋਂ ਸੂਬੇ ਅੰਦਰ ਅਸ਼ਾਂਤੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਪਹਿਲਾਂ ਹੀ ਪਾਕਿਸਤਾਨ ਤੋਂ ਤਸਕਰੀ ਹੋ ਰਹੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਸੂਬਾ ਹੋਰ ਖ਼ਤਰੇ ਮੋਲ ਨਹੀਂ ਲੈ ਸਕਦਾ। ਇਸ ਦੌਰਾਨ ਕਾਂਗਰਸ ਤੋਂ ਕਢੇ ਗਏ ਆਗੂ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰਦਿਆਂ, ਵੜਿੰਗ ਨੇ ਕਿਹਾ ਕਿ ਇਨ੍ਹਾਂ ਦੀ ਮਾਨਸਿਕ ਅਤੇ ਸਿਹਤ ਦੀ ਹਾਲਤ ਨੂੰ ਦੇਖਦੇ ਹੋਏ, ਉਹ ਸਮਝਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਦੇ ਬਿਆਨਾਂ ‘ਤੇ ਪ੍ਰਤੀਕਿਰਿਆ ਦੇਣ ਦੀ ਲੋੜ ਨਹੀਂ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿਰਫ਼ ਸਿੱਧੂ ਹੀ ਨਹੀਂ ਹਨ, ਜਿਹੜੇ ਉਹਨਾਂ ਨੂੰ ਨਿਰਾਧਾਰ ਆਰੋਪਾਂ ਅਤੇ ਆਲੋਚਨਾਵਾਂ ਰਾਹੀਂ ਨਿਸ਼ਾਨਾ ਬਣਾ ਰਹੇ ਹਨ। ਬਲਕਿ ਮੁੱਖ ਮੰਤਰੀ ਭਗਵੰਤ ਮਾਨ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਇਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਅਤੇ ਸੂਬਾ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਅਜਿਹੇ ਹੀ ਆਰੋਪ ਲਗਾ ਰਹੇ ਹਨ, ਕਿਉਂਕਿ ਇਹ ਸਾਰੇ ਆਗੂ ਆਪਣੀ ਹੋਂਦ ਲਈ ਕਾਂਗਰਸ ਨੂੰ ਇਕੱਲਾ ਅਤੇ ਸਾਂਝਾ ਖ਼ਤਰਾ ਸਮਝ ਰਹੇ ਹਨ।

Comments
Post a Comment