ਅਗਾਮੀ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਾਂਗੇ : ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ ਉੱਪਰ ਪੰਜਾਬ ਦਾ ਅਧਿਕਾਰ ਕਮਜ਼ੋਰ ਨਹੀਂ ਪੈਣ ਦੇਵਾਂਗੇ, ਜੇਕਰ ਸੈਸ਼ਨ ਵਿੱਚ ਕੇਂਦਰ ਸਰਕਾਰ ਕੋਈ ਅਜਿਹਾ ਬਿੱਲ ਲੈਕੇ ਆਉਂਦਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ
ਐਸਜੀਪੀਸੀ ਅਤੇ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਮੰਗ
ਚੰਡੀਗੜ੍ਹ 26 ਨਵੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸੀਨੀਅਰ ਲੀਡਰਸ਼ਿਪ ਦੀ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੰਡੀਗੜ ਵਿਖੇ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦੇ ਸਕੱਤਰ ਜਨਰਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਰਵੀਇੰਦਰ ਸਿੰਘ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ,ਸਰਦਾਰ ਸੁਰਜੀਤ ਸਿੰਘ ਰੱਖੜਾ,ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ,ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ,ਭਾਈ ਗੋਬਿੰਦ ਸਿੰਘ ਲੌਂਗੋਵਾਲ, ਜੱਥੇਦਾਰ ਸੁੱਚਾ ਸਿੰਘ ਛੋਟੇਪੁਰ,ਜਸਟਿਸ ਨਿਰਮਲ ਸਿੰਘ,ਰਣਜੀਤ ਸਿੰਘ ਛੱਜਲਵੱਡੀ,ਗਗਨਜੀਤ ਸਿੰਘ ਬਰਨਾਲਾ, ਅਜੇਪਾਲ ਸਿੰਘ ਬਰਾੜ, ਤੇਜਿੰਦਰ ਸਿੰਘ ਪੰਨੂ,ਗੁਰਜੀਤ ਸਿੰਘ ਤਲਵੰਡੀ ,ਅਤੇ ਜਗਜੀਤ ਸਿੰਘ ਕੋਹਲੀ ਹਾਜ਼ਰ ਸਨ। ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਕਿ ਅੱਜ ਸਮੁੱਚੀ ਲੀਡਰਸ਼ਿਪ ਦੀ ਸਮੂਹਿਕ ਰਾਇ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਪਾਰਟੀ ਅਗਾਮੀ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜੇਗੀ। ਚੋਣਾਂ ਦੀ ਤਿਆਰੀ ਨੂੰ ਲੈਕੇ ਅਗਲੇ ਕੁਝ ਦਿਨਾਂ ਵਿੱਚ ਜ਼ਿਲਾ ਪੱਧਰੀ ਮੀਟਿੰਗ ਕਰਨ ਲਈ ਲੀਡਰਸ਼ਿਪ ਦੀ ਡਿਊਟੀ ਲਗਾਈ ਜਾਵੇਗੀ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ,ਚੰਡੀਗੜ ਪੰਜਾਬ ਦਾ ਅਟੁੱਟ ਹਿੱਸਾ ਹੈ। ਚੰਡੀਗੜ ਉੱਪਰ ਪੰਜਾਬ ਦੇ ਹੱਕ ਨੂੰ ਕਦੇ ਕਮਜ਼ੋਰ ਨਹੀਂ ਪੈਣ ਦਿੱਤਾ ਜਾਵੇਗਾ। ਓਹਨਾਂ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿੱਲ ਦਾ ਸਖ਼ਤ ਵਿਰੋਧ ਕਰਦੇ ਕਿਹਾ ਕਿ, ਬੇਸ਼ਕ ਕੇਂਦਰ ਸਰਕਾਰ ਵਲੋਂ ਇੱਕ ਵਾਰ ਬਿੱਲ ਨੂੰ ਵਾਪਿਸ ਲੈਣ ਦੀ ਗੱਲ ਕੀਤੀ ਗਈ ਹੈ, ਪਰ ਪਿਛਲੇ ਫੈਸਲਿਆਂ ਨੂੰ ਵੇਖਦੇ ਹੋਏ, ਕੇਂਦਰ ਸਰਕਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਓਹਨਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ, ਜੇਕਰ ਅਗਾਮੀ ਸੈਸ਼ਨ ਵਿੱਚ ਅਜਿਹਾ ਕੋਈ ਵੀ ਬਿੱਲ ਆਉਂਦਾ ਹੈ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਅਗਲਾ ਐਕਸ਼ਨ ਅਖ਼ਤਿਆਰ ਕੀਤਾ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਵੱਡੇ ਸੰਘਰਸ਼ ਦੀ ਲਾਮਬੰਦੀ ਕੀਤੀ ਜਾਵੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੰਘਰਸ਼ ਕਰ ਰਹੀਆਂ ਵਿਦਿਆਰਥੀਆਂ ਜਥੇਬੰਦੀਆਂ ਦੇ ਸਮਰਥਨ ਦਾ ਐਲਾਨ ਕਰਦੇ ਹੋਏ ਕਿਹਾ ਕਿ, ਪਾਰਟੀ ਪੂਰਨ ਰੂਪ ਵਿੱਚ ਸੰਘਰਸ਼ ਰਹੇ ਵਿਦਿਆਰਥੀਆਂ ਨੂੰ ਤਨੋ, ਮਨੋ ਧਨੋ ਸਮਰਥਨ ਕਰੇਗੀ। ਇਸ ਦੇ ਨਾਲ ਹੀ ਓਹਨਾ ਮੰਗ ਕੀਤੀ ਕਿ,ਕੇਂਦਰ ਸਰਕਾਰ ਤੁਰੰਤ ਸੈਨੈਟ ਚੋਣਾਂ ਦਾ ਐਲਾਨ ਕਰੇ। ਐਸਜੀਪੀਸੀ ਚੋਣਾਂ ਦੀ ਤੁਰੰਤ ਮੰਗ ਨੂੰ ਉਠਾਉਂਦੇ ਹੋਏ ਓਹਨਾਂ ਕਿਹਾ ਕਿ, ਅੱਜ ਕੇਂਦਰ ਅਤੇ ਐਸਜੀਪੀਸੀ ਤੇ ਕਾਬਜ ਧੜੇ ਦੀ ਮਿਲੀ ਭੁਗਤ ਨਾਲ ਸਿੱਖ ਸੰਗਤ ਨੂੰ 16 ਸਾਲ ਤੋਂ ਐਸਜੀਪੀਸੀ ਚੋਣਾਂ ਤੋਂ ਦੂਰ ਕੀਤਾ ਗਿਆ ਹੈ। ਓਹਨਾਂ ਕਿਹਾ ਕਿ, ਅੱਜ ਐਸਜੀਪੀਸੀ ਉੱਪਰ ਇੱਕ ਪਰਿਵਾਰ ਦਾ ਪੂਰਨ ਕਬਜ਼ਾ ਹੋ ਚੁੱਕਾ ਹੈ। ਇੱਕ ਗਹਿਰੀ ਸਾਜਿਸ਼ ਅਧੀਨ ਸਿੱਖ ਨੌਜਵਾਨਾਂ ਨੂੰ ਐਸਜੀਪੀਸੀ ਦੇ ਪ੍ਰਬੰਧ ਤੋ ਦੂਰ ਕੀਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਵੱਲੋ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ, ਪਾਰਟੀ ਲੀਡਰਸ਼ਿਪ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ, ਪਾਰਟੀ ਦਾ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੁਚਾਰੂ ਰੂਪ ਵਿੱਚ ਕਾਰਜ ਕਰੇਗਾ। ਇਸ ਲਈ *ਦੋ ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਪਾਰਟੀ ਆਪਣਾ ਮੁੱਖ ਦਫਤਰ ਖੋਲ੍ਹਣ ਜਾ ਰਹੀ ਹੈ।

Comments
Post a Comment