ਡਰੱਗ ਨਾ ਵੇਚਣ ਉਤੇ ਪਤੀ-ਸੱਸ ਵੱਲੋਂ ਪੀੜ੍ਹਤਾ ਦੀ ਇਤਰਾਜ਼ਯੋਗ ਵੀਡੀਓ ਵਾਇਰਲ ?
ਪੀੜ੍ਹਤਾ ਵਲੋਂ ਇਨਸਾਫ ਨਾ ਮਿਲਣ ‘ਤੇ ਥਾਣੇ ਦਾ ਘਿਰਾਓ ਕਰਨ ਦਾ ਐਲਾਨ
ਪੁਲਿਸ ਉਤੇ ਦੋਸ਼ੀਆਂ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਨਾ ਕਰਨ ਦਾ ਦੋਸ਼
ਐਸ.ਏ.ਐਸ.ਨਗਰ 31 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਵੱਲੋਂ ਵਿੱਢੀ ‘ਜੰਗ ਨਸ਼ਿਆਂ ਵਿਰੁੱਧ’ ਮੁਹਿੰਮ ਪੰਜਾਬ ਵਿੱਚ ਹੀ ਦਮ ਤੋੜਦੀ ਨਜ਼ਰ ਆ ਰਹੀ ਹੈ, ਜਿਥੇ ਮੁੱਖ ਮੰਤਰੀ ਪੰਜਾਬ ਦੀ ਇਕ ਫੇਕ ਵੀਡੀਓ ਵਿਰੁੱਧ ਧੜੱਲੇ ਨਾਲ ਜਾਂਚ ਪੜਤਾਲ ਚੱਲ ਰਹੀ ਹੈ, ਉਥੇ ਹੀ ਇਕ ਲੜਕੀ ਦੀ ਇਤਰਾਜ਼ਯੋਗ ਅਸਲੀ ਵਾਇਰਲ ਵੀਡੀਓ ਉਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨਾ ਸ਼ੱਕ ਦੇ ਘੇਰੇ ਵਿਚ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਇੱਕ ਫਿਲਮੀ ਮਾਡਲ ਲੜਕੀ ਨੇ ਆਪਣੇ ਪਤੀ ਅਤੇ ਸੱਸ ਉਤੇ ਸੰਗੀਨ ਦੋਸ਼ ਲਾਏ ਹਨ ਅਤੇ ਜਿਸ ਬਾਬਤ ਮੋਹਾਲੀ ਪੁਲਿਸ ਵੱਲੋਂ ਪਰਚਾ ਵੀ ਦਰਜ ਕੀਤਾ ਜਾ ਚੁੱਕਾ ਹੈ ਪਰ ਪਰਚੇ ਵਿਚ ਨਾ ਤਾਂ ਬਣਦੀਆਂ ਧਾਰਾਵਾਂ ਲਗਾਈਆਂ ਹਨ ਅਤੇ ਨਾ ਹੀ ਪੀੜ੍ਹਤਾ ਨੂੰ ਇਨਸਾਫ ਦੀ ਕੋਈ ਉਮੀਦ ਦਿਖਾਈ ਦੇ ਰਹੀ ਹੈ। ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਵਿੱਥਿਆ ਸੁਣਾਉਂਦਿਆਂ ਪੇਸ਼ੇ ਵੱਜੋਂ ਮਾਡਲ ਲੜਕੀ ਦੱਸਿਆ ਕਿ ਉਸਦੀ ਇੰਸਟਾਗ੍ਰਾਮ ਉਪਰ ਇਕ ਵਿਅਕਤੀ ਨਾਲ ਕੁਝ ਸਮਾਂ ਪਹਿਲਾਂ ਜਾਣ-ਪਹਿਚਾਣ ਹੋਈ ਸੀ, ਜੋ ਕਿ ਬਾਅਦ ਵਿਚ ਵਿਆਹ ਬੰਧਨ ਵਿਚ ਬਦਲ ਗਈ। ਪਰੰਤੂ ਵਿਆਹ ਤੋਂ ਬਾਅਦ, ਪੀੜ੍ਹਤਾ ਦੇ ਦੱਸਣ ਮੁਤਾਬਕ ਉਸਦੀ ਸੱਸ ਵੱਲੋਂ ਉਸ ਨੂੰ ਡਰੱਗ ਵੇਚਣ ਲਈ ਮਜ਼ਬੂਰ ਕੀਤਾ ਜਾਂਦਾ ਸੀ, ਕਿਉਂਕਿ ਉਸਦੀ ਇਕ ਨਨਦ ਜੇਲ੍ਹ ਵਿਚ ਬੰਦ ਸੀ ਅਤੇ ਉਸ ਨੂੰ ਰਿਹਾਅ ਕਰਵਾਉਣ ਲਈ ਪੈਸਿਆਂ ਦੀ ਲੋੜ ਸੀ। ਇਨਕਾਰ ਕਰਨ ਉਤੇ ਪੀੜ੍ਹਤਾ ਨੂੱ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਉਪਰ ਉਸਦੀ ਇਕ ਨਿਊਡ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਪੰਜਾਬ ਭਰ ਵਿਚ ਫੈਲ ਵੀ ਚੁੱਕੀ ਹੈ। ਆਪਣੇ ਪਤੀ ਅਤੇ ਉਸਦੇ ਸਾਥੀਆਂ ਉਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ, ਉਸਦੀ ਸਹਿਮਤੀ ਤੋਂ ਬਿਨਾਂ ਅਸ਼ਲੀਲ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਗਈ ਤਾਂ ਕਿ ਪੰਜਾਬ ਭਰ ਵਿਚ ਉਸਦੀ ਰੱਜ ਕੇ ਬਦਨਾਮੀ ਹੋ ਸਕੇ ਅਤੇ ਉਹ ਸਮਾਜ ਵਿਚ ਕਿਸੇ ਨੂੰ ਮੂੰਹ ਦਿਖਾਉਣ ਦਾ ਕਾਬਲ ਨਾ ਰਹੇ। ਪੀੜ੍ਹਤ ਮਹਿਲਾ ਨੇ ਦੱਸਿਆ ਕਿ ਇਸ ਮਾਮਲੇ ਤਹਿਤ ਸਿਟੀ ਥਾਣਾ ਖਰੜ ਵਿਖੇ ਧਾਰਾ 115(2), 127(2), 351(2), 79 ਆਫ ਬੀਐਨਐਸ, 2023 ਅਤੇ ਆਈਟੀ ਐਕਟ 2000 ਦੀ ਧਾਰਾ 67 ਤਹਿਤ ਐਫਆਈਆਰ ਨੰ: 334 ਦਰਜ ਕੀਤੀ ਗਈ ਹੈ ਪਰ ਇਸ ਤੋਂ ਬਾਅਦ ਉਸਦੀ ਮੁਸੀਬਤ ਵਧਦੀ ਰਹੀ। ਪੀੜ੍ਹਤਾ ਨੇ ਇਸਦੇ ਬਾਵਜੂਦ ਪੁਲਿਸ ਉਤੇ ਆਪਣੇ ਪਤੀ ਤੇ ਸੱਸ ਵਿਰੁੱਧ ਕੋਈ ਕਾਰਵਾਈ ਨਾ ਕਰਨ ਅਤੇ ਮਿਲੀਭੁਗਤ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਦੱਸਿਆ ਕਿ ਉਸ ਵੱਲੋਂ ਡੀਐਸਪੀ ਖਰੜ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਪੀੜ੍ਹਤ ਮਹਿਲਾ ਨੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਉਸ ਨਾਲ ਵਾਰ ਵਾਰ ਬਲਾਤਕਾਰ ਕੀਤਾ ਗਿਆ, ਪਰ ਪੁਲਿਸ ਵੱਲੋਂ ਕਥਿਤ ਤੌਰ ਉਤੇ ਦੋਸ਼ੀਆਂ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਨਹੀਂ ਕੀਤੀ ਜਾ ਰਹੀ। ਆਖਰ ਵਿਚ ਪੀੜ੍ਹਤ ਮਹਿਲਾ ਨੇ ਮੁੱਖ ਮੰਤਰੀ, ਪੰਜਾਬ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਨਾਲ ਹੀ ਲੜਕੀ ਨੇ ਕਿਹਾ ਕਿ ਉਸਦੀ ਵੀਡੀਓ ਵਾਇਰਲ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਉਤੇ ਕਾਰਵਾਈ ਕਰਨ ਦੇ ਨਾਲ ਨਾਲ ਉਹਨਾਂ ਦੇ ਸੋਸ਼ਲ ਅਕਾਊਂਟ ਵੀ ਬੰਦ ਕੀਤੇ ਜਾਣ। ਇਸੇ ਦੌਰਾਨ ਪੀੜ੍ਹਤਾ ਨੇ ਵੂਮੈਨ ਸੈੱਲ ਮੋਹਾਲੀ ਦਾ ਘਿਰਾਓ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ।

Comments
Post a Comment