ਨੌਜਵਾਨਾਂ ਨੂੰ ਜੀਵਨ ਵਿੱਚ ਸਫ਼ਲਤਾ ਲਈ ਪ੍ਰੇਰਿਤ ਕਰਨ ਹਿਤ ਕਿਤਾਬ ਲਿਖੀ : ਨੰਦ ਲਾਲ ਸੰਬਿਆਲ
ਚੰਡੀਗੜ੍ਹ 1 ਜਨਵਰੀ ( ਰਣਜੀਤ ਧਾਲੀਵਾਲ ) : ਭਾਰਤ ਦੇ ਸਾਬਕਾ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਤੇ ਆਈਏਐਸ (ਸੇਵਾਮੁਕਤ) ਨੰਦ ਲਾਲ ਸੰਬਿਆਲ ਦੀ ਪਹਿਲੀ ਕਿਤਾਬ 'ਦੀ ਇਨਕਰੈਡੀਬਲ ਪਾਥ ਆਈ ਵਾਕਡ' ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਲੋਕ ਅਰਪਤ ਕੀਤਾ ਗਿਆ। ਚੰਡੀਗੜ੍ਹ ਵਿੱਚ ਸਹਾਇਕ ਨਿਯੰਤਰਣ ਅਕਾਉਂਟਸ ਸਮੇਤ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਸਿਵਲ ਸੇਵਾਵਾਂ ਨਿਭਾਉਣ ਵਾਲੇ ਨੰਦ ਲਾਲ ਸੰਬਿਆਲ ਨੇ ਸਾਂਝਾ ਕੀਤਾ ਕਿ ਇਹ ਕਿਤਾਬ ਅੱਜ ਦੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਗਈ ਹੈ ਤਾਂ ਜੋ ਉਹ ਪ੍ਰੇਰਨਾ ਲੈ ਸਕਣ ਅਤੇ ਜੀਵਨ ਵਿੱਚ ਉਚਾਈਆਂ ਤੱਕ ਪਹੁੰਚ ਸਕਣ। ਕਿਤਾਬ ਵਿੱਚ ਜੀਵਨ ਸਫ਼ਰ ਦਾ ਵੇਰਵਾ, ਬਚਪਨ ਦੇ ਸੰਘਰਸ਼ ਤੋਂ ਲੈ ਕੇ ਸਿੱਖਿਆ, ਸਿਵਲ ਸੇਵਾਵਾਂ ਵਿੱਚਲਾ ਸਮਾਂ ਅਤੇ ਹੋਰ ਮੁੱਖ ਘਟਨਾਵਾਂ ਦਰਜ ਕੀਤੀਆਂ ਹਨ। ਸਤਲੁਜ ਪ੍ਰਕਾਸ਼ਨ ਪੰਚਕੂਲਾ ਦੇ ਦੇਸ਼ ਨਿਰਮੋਹੀ ਨੇ ਟਿੱਪਣੀ ਕੀਤੀ ਕਿ ਨੰਦ ਲਾਲ ਸੰਬਿਆਲ ਦੀ ਪੁਸਤਕ ਉਨ੍ਹਾਂ ਦੇ ਜੀਵਨ ਦਾ ਸਵੈ-ਜੀਵਨੀ ਬਿਰਤਾਂਤ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਮਝਣ ਲਈ ਲਿਖੀ ਗਈ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਦੌਰ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਰਹਿੰਦੇ ਸਨ, ਸੰਘਰਸ਼ਾਂ ਦਾ ਸਾਹਮਣਾ ਕਰਦੇ ਸਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਦੂਰ-ਦੁਰਾਡੇ ਪਿੰਡ ਵਿੱਚ ਕਿਵੇਂ ਗੁਜ਼ਾਰਾ ਕਰਦੇ ਸਨ। ਸਰਵ ਪ੍ਰਿਆ ਨਿਰਮੋਹੀ ਨੇ ਕਿਹਾ ਕਿ ਨੰਦ ਲਾਲ ਸੰਬਿਆਲ ਨੇ ਸਿਵਲ ਸੇਵਾਵਾਂ ਵਿੱਚ ਆਪਣੇ ਲੰਬੇ ਕਾਰਜਕਾਲ ਦੌਰਾਨ ਆਪਣੇ ਚੰਗੇ ਅਤੇ ਮਾੜੇ ਤਜਰਬਿਆਂ ਦਾ ਵਰਣਨ ਕੀਤਾ ਹੈ। ਕਿਤਾਬ ਉਹਨਾਂ ਕੰਮਾਂ ਤੇ ਚੁਣੌਤੀਆਂ ਦੀ ਰੂਪਰੇਖਾ ਦੱਸਦੀ ਹੈ ਜਿਨਾਂ ਦਾ ਲੇਖਕ ਨੇ ਸਾਹਮਣਾ ਕੀਤਾ ਅਤੇ ਉਹਨਾਂ ਨੂੰ ਕਿਵੇਂ ਹੱਲ ਕੀਤਾ। ਉਹਨਾਂ ਦੱਸਿਆ ਕਿ ਨੰਦ ਲਾਲ ਸੰਬਿਆਲ ਬਹੁਤ ਸਾਰੀਆਂ ਪ੍ਰਤਿਭਾਵਾਂ ਦੇ ਮਾਲਕ ਹਨ। ਉਹ ਇੱਕ ਭਾਵੁਕ ਤੇ ਜੇਤੂ ਖੇਡ ਪ੍ਰੇਮੀ ਵੀ ਹਨ। ਨੰਦ ਲਾਲ ਸੰਬਿਆਲ ਧਰਮਸ਼ਾਲਾ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਹਨ ਤੇ ਪੜ੍ਹਾਈ ਕਰਕੇ ਅਫਸਰ ਬਣੇ। ਸਿਵਲ ਸਰਵਿਸਿਜ਼ ਇਮਤਿਹਾਨ ਪਾਸ ਕਰਨ ਤੋਂ ਬਾਅਦ, ਉਹ 1979 ਵਿੱਚ ਇੰਡੀਅਨ ਆਡਿਟ ਐਂਡ ਅਕਾਊਂਟਸ ਸਰਵਿਸ ਵਿੱਚ ਸ਼ਾਮਲ ਹੋਏ। ਉਹ ਸਾਰਥੀ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਅਤੇ ਪ੍ਰਧਾਨ ਵੀ ਹਨ। ਉਨਾਂ ਦੀ ਕਿਤਾਬ ਸਾਡਾ ਮਾਰਗ ਦਰਸ਼ਨ ਕਰੇਗੀ।
Comments
Post a Comment