ਹਰਿਆਣਾ ਵਿਧਾਨ ਸਭਾ ਸਪੀਕਰ ਦੇ ਸੈਕਟਰੀ ‘ਤੇ ਮਧੂ ਮੱਖੀਆਂ ਦਾ ਹਮਲਾ
ਚੰਡੀਗੜ੍ਹ 19 ਫ਼ਰਵਰੀ ( ਰਣਜੀਤ ਧਾਲੀਵਾਲ ) : ਹਰਿਆਣਾ ਸਕੱਤਰੇਤ ਕੰਪਲੈਕਸ ‘ਚ ਮੰਗਲਵਾਰ ਦੁਪਹਿਰ ਨੂੰ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਪੂਰੇ ਸਕੱਤਰੇਤ ਵਿੱਚ ਹਫੜਾ-ਦਫੜੀ ਮੱਚ ਗਈ। ਜਦੋਂ ਮੱਖੀਆਂ ਨੇ ਮੁਲਾਜ਼ਮਾਂ ‘ਤੇ ਹਮਲਾ ਕੀਤਾ ਤਾਂ ਕਈ ਕਰਮਚਾਰੀ ਆਪਣੇ ਆਪ ਨੂੰ ਕੱਪੜਿਆਂ ਨਾਲ ਢੱਕ ਕੇ ਜ਼ਮੀਨ ‘ਤੇ ਬੈਠ ਗਏ। ਇਸ ਦੌਰਾਨ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਦੇ ਸਿਆਸੀ ਸਕੱਤਰ ਨੂੰ ਮਧੂ ਮੱਖੀਆਂ ਨੇ ਡੰਗ ਮਾਰੇ। ਮੌਕੇ ‘ਤੇ ਤਾਇਨਾਤ ਸੀਆਈਐਸਐਫ ਦੇ ਜਵਾਨਾਂ ਨੇ ਉਸ ਨੂੰ ਬਚਾਇਆ।ਜਵਾਨਾਂ ਨੇ ਜੈਕਟਾਂ ਨਾਲ ਮੱਖੀਆਂ ਨੂੰ ਭਜਾਇਆ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦੇਖਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਛੱਡ ਕੇ ਮਧੂਮੱਖੀਆਂ ਸੀਆਈਐਸਐਫ ਦੇ ਜਵਾਨਾਂ ਦੇ ਪਿੱਛੇ ਲੱਗ ਗਈਆਂ ਸਨ। ਉਨ੍ਹਾਂ ਨੇ ਭੱਜ ਕੇ ਆਪਣੇ ਆਪ ਨੂੰ ਬਚਾਇਆ। ਮਧੂ ਮੱਖੀਆਂ ਦੇ ਹਮਲੇ ‘ਚ ਜ਼ਖਮੀ ਵਿਅਕਤੀ ਨੰਦ ਕਿਸ਼ੋਰ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਦਾ ਸਿਆਸੀ ਸਕੱਤਰ ਹੈ। ਉਸ ਨੂੰ ਮਧੂ ਮੱਖੀਆਂ ਨੇ ਕਈ ਡੰਗ ਮਾਰੇ, ਜਿਸ ਕਾਰਨ ਸੋਜ ਆ ਗਈ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਐਮ.ਐਲ.ਏ ਹੋਸਟਲ ਡਿਸਪੈਂਸਰੀ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਸੀਆਈਐਸਐਫ ਦੇ ਜਵਾਨਾਂ ਦਾ ਧੰਨਵਾਦ ਕੀਤਾ ਹੈ।
Comments
Post a Comment