ਐਸਸੀ ਬੀਸੀ ਮੋਰਚਾ ਆਗੂਆਂ ਨੇ 26 ਮਈ ਸੋਮਵਾਰ ਨੂੰ ਐਸਐਚਓ ਡੇਰਾਬੱਸੀ ਦੇ ਘਿਰਾਓ ਦਾ ਕੀਤਾ ਐਲਾਨ.
ਜਬਰ ਜਨਾਹ ਦੀ ਸ਼ਿਕਾਰ 12 ਸਾਲਾ ਨਬਾਲਗ ਬੱਚੀ ਦੀ ਮਾਤਾ ਖਾ ਰਹੀ ਹੈ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ.
ਐਸਐਸਪੀ ਐਸ.ਏ.ਐਸ.ਨਗਰ (ਮੋਹਾਲੀ) ਨੂੰ ਮਿਲ ਕੇ ਲਿਖਤੀ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਨਹੀਂ ਹੋਈ ਸੁਣਵਾਈ, ਐਸਐਚਓ ਡੇਰਾਬੱਸੀ ਨਹੀਂ ਕਰਦਾ ਅਜਿਹੇ ਕੇਸਾਂ ਦੀ ਕੋਈ ਪਰਵਾਹ : ਬਲਵਿੰਦਰ ਕੁੰਭੜਾ.
ਐਸਐਸਪੀ ਐਸ.ਏ.ਐਸ.ਨਗਰ (ਮੋਹਾਲੀ) ਅਤੇ ਐਸਐਚਓ ਡੇਰਾਬੱਸੀ ਮੇਰੇ ਜਾਨੀ ਮਾਲੀ ਨੁਕਸਾਨ ਦੇ ਹੋਣਗੇ ਜ਼ਿੰਮੇਵਾਰ : ਪੀੜਿਤ ਮਾਂ.
ਐਸ.ਏ.ਐਸ.ਨਗਰ 18 ਮਈ ( ਰਣਜੀਤ ਧਾਲੀਵਾਲ ) : ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ 21 ਸਾਲਾਂ ਸਕੀ ਭੂਆ ਦੇ ਮੁੰਡੇ ਵੱਲੋਂ ਇੱਕ ਜਬਰ ਜਨਾਹ ਦੀ ਸ਼ਿਕਾਰ 12 ਸਾਲਾਂ ਨਬਾਲਗ ਬੱਚੀ ਦੀ ਮਾਤਾ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਤੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਸੀ। ਮੋਰਚਾ ਆਗੂਆਂ ਨੇ ਆਪਣੇ ਵੱਲੋਂ ਵੀ ਇਸ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਪਰ ਪੁਲਿਸ ਤੇ ਪ੍ਰਸ਼ਾਸਨ ਟਸ ਤੋਂ ਮਸ ਨਹੀਂ ਹੋਏ ਤੇ ਇਹ ਪੀੜਤ ਮਹਿਲਾ ਅੱਜ ਵੀ ਆਪਣੀ ਬੇਟੀ ਨੂੰ ਲੈਕੇ ਕਦੀ ਐਸਐਸਪੀ ਐਸ.ਏ.ਐਸ.ਨਗਰ (ਮੋਹਾਲੀ) ਤੇ ਕਦੀ ਐਸਐਚਓ ਡੇਰਾ ਬੱਸੀ ਦੇ ਦਫਤਰਾਂ ਦੇ ਧੱਕੇ ਖਾ ਰਹੀ ਹੈ। ਪਰ ਕਿਸੇ ਨੇ ਵੀ ਇਸ ਦੀ ਸ਼ਿਕਾਇਤ ਤੱਕ ਦਰਜ ਨਹੀਂ ਕੀਤੀ, ਇਨਸਾਫ ਦੇਣਾ ਤਾਂ ਬੜੇ ਦੂਰ ਦੀ ਗੱਲ ਹੈ। ਇਹ ਵਿਚਾਰ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਭਰੇ ਮਨ ਨਾਲ ਪ੍ਰੈਪੱਤਰਕਾਰਾਂ ਅੱਗੇ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਮਹਿਲਾ ਕਮਿਸ਼ਨ ਆਏ ਦਿਨ ਸੋਸ਼ਲ ਮੀਡੀਆ ਤੇ ਵੱਡੀਆਂ ਵੱਡੀਆਂ ਡੀਗਾਂ ਮਾਰਦੇ ਰਹਿੰਦੇ ਹਨ। ਪਰ ਸੱਚਾਈ ਇਹ ਹੈ ਕਿ ਜਮੀਨੀ ਪੱਧਰ ਤੇ ਕਿਸੇ ਵੀ ਗਰੀਬ ਜਾਂ ਪੀੜਤ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਦਰਿੰਦਗੀ ਕਰਨ ਵਾਲਾ ਸਕੀ ਭੂਆ ਦਾ ਮੁੰਡਾ ਇੰਦਰਜੀਤ ਸਿੰਘ (31 ਸਾਲਾਂ) ਪਿੰਡ ਬੁੱਟਰ ਕਲਾਂ ਜ਼ਿਲ੍ਹਾ ਗੁਰਦਾਸਪੁਰ ਅੱਜ ਵੀ ਬਿਨਾਂ ਕਿਸੇ ਡਰੋਂ ਅਜ਼ਾਦੀ ਨਾਲ ਘੁੰਮ ਰਿਹਾ ਹੈ। ਕੁੰਭੜਾ ਨੇ ਡੀਜੀਪੀ ਪੰਜਾਬ ਨੂੰ ਬੇਨਤੀ ਕੀਤੀ ਕਿ ਆਏ ਦਿਨ ਐਸਐਸਪੀਜ਼ ਦੇ ਤਬਾਦਲੇ ਕਰਕੇ ਕਾਨੂੰਨ ਵਿਵਸਥਾ ਦਾ ਸੁਧਾਰ ਨਹੀਂ ਹੋਣਾ। ਇਸ ਲਈ ਪੁਖਤਾ ਪ੍ਰਬੰਧ ਕਰਨ ਦੀ ਜਰੂਰਤ ਹੈ। ਕੁੰਭੜਾ ਨੇ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਵਿੱਚ ਅਹੁਦਿਆਂ ਤੇ ਬਿਰਾਜਮਾਨ ਸਮੂਹ ਮਹਿਲਾ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਸਾਡਾ ਸਾਥ ਦੇਵੋ। ਇਸ ਮੌਕੇ ਪੀੜਿਤ ਬੱਚੀ ਦੀ ਮਾਂ ਨੇ ਕਿਹਾ ਕਿ ਅਸੀਂ ਐਸਐਸਪੀ ਮੋਹਾਲੀ ਤੇ ਐਸਐਚਓ ਡੇਰਾਬਸੀ ਨੂੰ ਲਿਖਤੀ ਦਰਖਾਸਤਾਂ ਮੋਰਚਾ ਆਗੂਆਂ ਦੀ ਅਗਵਾਈ ਵਿੱਚ ਦਿੱਤੀਆਂ ਤੇ ਮਹਿਲਾ ਕਮਿਸ਼ਨ ਨੂੰ ਵੀ ਡਾਕ ਰਾਹੀਂ ਦਰਖਾਸਤ ਭੇਜੀ ਹੈ। ਪਰ ਕਿਸੇ ਨੇ ਵੀ ਮੇਰੀ ਨਾਬਾਲਗ ਬੱਚੀ ਨੂੰ ਇਨਸਾਫ ਨਹੀਂ ਦਿੱਤਾ, ਉਲਟਾ ਸਾਡੇ ਪਰਿਵਾਰ ਨੂੰ ਡੇਰਾ ਬੱਸੀ ਦੇ ਥਾਣੇ ਵਿੱਚ ਵਾਰ-ਵਾਰ ਜਲੀਲ ਹੋਣਾ ਪੈ ਰਿਹਾ ਹੈ। ਸਾਡੀ ਸਮਾਜ ਵਿੱਚ ਬਹੁਤ ਬੇਇੱਜਤੀ ਹੋ ਰਹੀ ਹੈ, ਇਸ ਤੋਂ ਤੰਗ ਆ ਕੇ ਮੇਰੀ ਬੱਚੀ ਜਾਂ ਸਾਡਾ ਪਰਿਵਾਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਜਬਰ ਜਨਾਹ ਕਰਨ ਵਾਲੇ ਦਰਿੰਦੇ ਦੇ ਨਾਲ ਨਾਲ ਐਸਐਸਪੀ ਮੋਹਾਲੀ ਅਤੇ ਐਸਐਚਓ ਡੇਰਾਬੱਸੀ ਵੀ ਜਿੰਮੇਵਾਰ ਹੋਣਗੇ। ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਮੇਰੀ ਬੇਟੀ ਨਾਲ ਹੋਈ ਦਰਿੰਦਗੀ ਦੀ ਸ਼ਿਕਾਇਤ ਦਰਜ ਕਰਕੇ ਕਾਰਵਾਈ ਨਹੀਂ ਹੁੰਦੀ ਤਾਂ ਆਉਂਦੇ 26 ਮਈ ਦਿਨ ਸੋਮਵਾਰ ਨੂੰ ਐਸਐਚਓ ਡੇਰਾ ਬੱਸੀ ਦਾ ਘਿਰਾਓ ਕੀਤਾ ਜਾਵੇਗਾ। ਪੀੜਤ ਮਾਂ ਨੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਇਸ ਵਿੱਚ ਸ਼ਾਮਿਲ ਹੋ ਕੇ 12 ਸਾਲਾਂ ਨਾਬਾਲਗ ਬੱਚੀ ਨੂੰ ਇਨਸਾਫ ਦਿਵਾਉਣ ਲਈ ਬੇਨਤੀ ਕੀਤੀ। ਇਸ ਮੌਕੇ ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਸੋਨੀਆ ਰਾਣੀ, ਲਖਵੀਰ ਸਿੰਘ, ਕਰਮਜੀਤ ਸਿੰਘ, ਗੌਰਵ ਕੁਮਾਰ, ਬਾਬੂ ਵੇਦ ਪ੍ਰਕਾਸ਼ ਆਦਿ ਹਾਜ਼ਰ ਹੋਏ।
Good
ReplyDelete