ਸ੍ਰੀ ਦਰਬਾਰ ਸਾਹਿਬ ਲਈ ਧਮਕੀ ਭਰੀਆਂ ਈਮੇਲਾਂ ਅਤੀ ਚਿੰਤਾਜਨਕ : ਕਾ: ਸੇਖੋਂ
ਮੁੱਖ ਮੰਤਰੀ ਈਮੇਲ ਮਾਮਲੇ ਬਾਰੇ ਤੁਰੰਤ ਸਥਿਤੀ ਨੂੰ ਸਪਸ਼ਟ ਕਰਨ
ਚੰਡੀਗੜ੍ਹ 17 ਜੁਲਾਈ ( ਰਣਜੀਤ ਧਾਲੀਵਾਲ ) : ਸ਼੍ਰੀ ਦਰਬਾਰ ਸਾਹਿਬ ਇਲਾਕੇ ਵਿੱਚ ਬੰਬ ਰੱਖਣ ਦੀਆਂ ਖ਼ਬਰਾਂ ਅਤੀ ਚਿੰਤਾਜਨਕ ਹਨ, ਇਹ ਮਨੁੱਖਤਾ ਨਾਲ ਜੁੜਿਆ ਹੋਇਆ ਮਾਮਲਾ ਹੈ, ਪਰ ਇਸ ਬਾਰੇ ਮੁੱਖ ਮੰਤਰੀ ਚੁੱਪ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਮੁੱਖ ਮੰਤਰੀ ਸਥਿਤੀ ਨੂੰ ਸਪਸ਼ਟ ਕਰਨ ਤਾਂ ਜੋ ਸਰਧਾਲੂਆਂ ਯਾਤਰੀਆਂ ਦੇ ਮਨਾਂ ਵਿੱਚੋਂ ਡਰ ਦੂਰ ਕੀਤਾ ਜਾ ਸਕੇ। ਇੱਥੇ ਇਹ ਵਰਨਣਯੋਗ ਹੈ ਬੀਤੇ ਦਿਨਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਲਈ ਬੰਬ ਰੱਖਣ ਦੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜ ਈਮੇਲਾਂ ਆਈਆਂ ਹਨ। ਇਹ ਈਮੇਲਾਂ ਰਾਜ ਦੇ ਮੁੱਖ ਮੰਤਰੀ ਨੂੰ ਵੀ ਭੇਜੇ ਜਾਣ ਦੀ ਚਰਚਾ ਹੈ। ਕਾ: ਸੇਖੋਂ ਨੇ ਕਿਹਾ ਕਿ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਬਾਰੇ ਅਜਿਹੀਆਂ ਖ਼ਬਰਾਂ ਅਤੀ ਚਿੰਤਾਜਨਕ ਹਨ। ਭਾਵੇਂ ਫੋਰਸਾਂ ਨੇ ਤਲਾਸੀ ਮੁਹਿੰਮ ਚਲਾਈ ਹੋਈ ਹੈ ਅਤੇ ਸੁਰੱਖਿਆ ਦੇ ਪ੍ਰਬੰਧ ਵੀ ਸਖ਼ਤ ਕੀਤੇ ਹਨ, ਪਰ ਇਹ ਈਮੇਲਾਂ ਕੌਣ ਭੇਜ ਰਿਹਾ ਹੈ, ਇਸਦੀ ਪੜਤਾਲ ਕਰਨ ਵਿੱਚ ਸਰਕਾਰ ਫੇਲ੍ਹ ਹੋਈ ਹੈ। ਹੈਰਾਨੀ ਹੈ ਕਿ ਮੁੱਖ ਮੰਤਰੀ ਦੇ ਈਮੇਲ ਅਡਰੈਸ ਤੇ ਭੇਜੀ ਧਮਕੀ ਦਾ ਵੀ ਸਰਕਾਰ ਪਤਾ ਨਹੀਂ ਲਗਾ ਸਕੀ ਤਾਂ ਆਮ ਲੋਕ ਕੀ ਉਮੀਦ ਰੱਖ ਸਕਦੇ ਹਨ? ਉਹਨਾਂ ਕਿਹਾ ਅਜਿਹੀਆਂ ਖ਼ਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਯਾਤਰੀਆਂ ਦੇ ਮਨਾਂ ਵਿੱਚ ਡਰ ਪੈਦਾ ਹੁੰਦਾ ਹੈ, ਜਿਸਨੂੰ ਦੂਰ ਕਰਨਾ ਰਾਜ ਸਰਕਾਰ ਦਾ ਫ਼ਰਜ ਬਣਦਾ ਹੈ। ਸੂਬਾ ਸਕੱਤਰ ਨੇ ਕਿਹਾ ਕਿ ਇਸ ਅਤੀ ਗੰਭੀਰ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ਸਰਕਾਰ ਦੀ ਜੁਮੇਵਾਰੀ ਉੱਪਰ ਸੁਆਲ ਖੜੇ ਕਰਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੁਰੰਤ ਇਸ ਸਮੁੱਚੇ ਮਾਮਲੇ ਬਾਰੇ ਸਥਿਤੀ ਸਪਸ਼ਟ ਕਰਨ, ਤਾਂ ਜੋ ਲੋਕਾਂ ਦੇ ਮਨਾਂ ਚੋਂ ਡਰ ਦੂਰ ਕੀਤਾ ਜਾ ਸਕੇ।
Comments
Post a Comment