ਭਾਜਪਾ-ਅਕਾਲੀ ਦਲ ਗੱਠਜੋੜ ਤੋਂ ਪਹਿਲਾਂ ਕੇਂਦਰ ਸਰਕਾਰ ਚੰਡੀਗੜ੍ਹ ਨੂੰ ਪੰਜਾਬ ‘ਚ ਸ਼ਾਮਲ ਕਰੇ : ਬਡਹੇੜੀ
ਚੰਡੀਗੜ੍ਹ 28 ਜੁਲਾਈ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਤੋਂ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਗੱਠਜੋੜ ਬਾਰੇ ਚੱਲ ਰਹੀਆਂ ਚਰਚਾਵਾਂ ‘ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਭਾਜਪਾ ਨਾਲ ਫਿਰ ਤੋਂ ਗੱਠਜੋੜ ਕਰਨਾ ਚਾਹੁੰਦਾ ਹੈ ਤਾਂ ਇਸ ਲਈ ਉਸ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਨੂੰ ਤੁਰੰਤ ਪੰਜਾਬ ਨੂੰ ਵਾਪਸ ਕਰਨੀ ਦੀ ਮੰਗ ਕਰਨੀ ਚਾਹੀਦੀ ਹੈ, ਜਦਕਿ ਬਾਕੀ ਗੱਲਾਂ ਬਾਅਦ ਵਿੱਚ ਹੋਣੀਆਂ ਚਾਹੀਦੀਆਂ ਹਨ। ਬਡਹੇੜੀ ਨੇ ਕਿਹਾ ਕਿ ਜੇਕਰ ਅਕਾਲੀ ਦਲ, ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦਿੱਤੇ ਬਿਨਾਂ ਗੱਠਜੋੜ ਕਰਦਾ ਹੈ ਤਾਂ ਇਹ ਨਾਪਾਕ ਗੱਠਜੋੜ ਹੋਏਗਾ। ਇਹ ਸਿਰਫ ਸੱਤਾ ਹਾਸਿਲ ਕਰਨ ਵਾਲਾ ਗਠਜੋੜ ਹੋਏਗਾ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲਾ ਗੱਠਜੋੜ ਹੋਏਗਾ। ਉਹਨਾਂ ਕਿਹਾ ਕਿ ਦੋਵੇਂ ਸਿਆਸੀ ਧਿਰਾਂ ਭਾਜਪਾ ਅਤੇ ਬਾਦਲ ਦਲ, ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ‘ਤੇ ਰਾਜ ਕਰਨ ਲਈ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਲੰਮਾ ਸਮਾਂ ਆਪਣੀਆਂ ਸਿਆਸੀ ਲਾਲਸਾਵਾਂ ਤੱਕ ਸੀਮਿਤ ਰਹੀਆਂ ਹਨ। ਪੰਜਾਬ ਦੀ ਕੋਈ ਮੁਸ਼ਕਿਲ ਹੱਲ ਨਹੀਂ ਕੀਤੀ ਗਈ, ਸਭ ਤੋਂ ਵੱਡੀ ਮੰਗ ਤਾਂ ਪੰਜਾਬ ਦੀ ਰਾਜਧਾਨੀ ਕੇਂਦਰ ਤੋਂ ਵਾਪਸ ਲੈਣ ਵਾਲੀ ਹੈ। ਉਹਨਾਂ ਅੱਗੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਵੀ ਪੁਰਾਣਾ ਮਸਲਾ ਹੈ, ਜਿਸ ਨੂੰ ਭਾਜਪਾ ਅਤੇ ਅਕਾਲੀ ਦਲ ਬਾਦਲ ਨੇ ਬਿਨਾ ਵਜ੍ਹਾ ਉਲਝਾਇਆ ਹੋਇਆ ਹੈ, ਜੋ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਬੇਹੱਦ ਜ਼ਰੂਰੀ ਹੈ। ਇਸ ਲਈ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸੂਬੇ ਦੇ ਮਸਲੇ ਕੇਂਦਰ ਵਲੋਂ ਨਿਬੇੜੇ ਜਾਣਾ ਸਮੇਂ ਦੀ ਅਹਿਮ ਲੋੜ ਹੈ।
Comments
Post a Comment