ਦੇਸ਼ ਦੇ 79ਵੇ ਅਜ਼ਾਦੀ ਦਿਹਾੜੇ ਮੌਕੇ ਵੀ 80 ਕਰੋੜ ਤੋਂ ਵੱਧ ਭਾਰਤੀ ਲੋਕ ਗਰੀਬੀ ਰੇਖਾ ਤੋਂ ਹੇਠ ਨਰਕਮਈ ਜੀਵਨ ਬਤੀਤ ਕਰਨ ਲਈ ਮਜਬੂਰ : ਪ੍ਰੋ. ਬਡੂੰਗਰ
ਦੇਸ਼ ਦੇ 79ਵੇ ਅਜ਼ਾਦੀ ਦਿਹਾੜੇ ਮੌਕੇ ਵੀ 80 ਕਰੋੜ ਤੋਂ ਵੱਧ ਭਾਰਤੀ ਲੋਕ ਗਰੀਬੀ ਰੇਖਾ ਤੋਂ ਹੇਠ ਨਰਕਮਈ ਜੀਵਨ ਬਤੀਤ ਕਰਨ ਲਈ ਮਜਬੂਰ : ਪ੍ਰੋ. ਬਡੂੰਗਰ
ਚੰਡੀਗੜ੍ਹ 14 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸਮੁੱਚੇ ਦੇਸ ਨਿਵਾਸੀਆਂ ਨੂੰ 15 ਅਗਸਤ ਦੌਰਾਨ 79ਵੇ ਅਜ਼ਾਦੀ ਦਿਵਸ ਮਨਾਉਣ ਦੀ ਸਮੂਹ ਦੇਸ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਨ੍ਹਾਂ ਸਿੰਘਾਂ-ਸਿੰਘਣੀਆਂ ਅਤੇ ਭਾਰਤ ਵਾਸੀਆਂ ਨੇ ਮਹਾਨ ਕੁਰਬਾਨੀਆਂ-ਸ਼ਹੀਦੀਆਂ ਦਿਤੀਆਂ, ਅਣਗਿਣਤ ਅਸਹਿ ਅਤੇ ਅਕਹਿ ਤਸੀਹੇ ਅਤੇ ਕਠਿਨਾਈਆਂ ਆਪਣੇ ਪਿੰਡੇ ਉਤੇ ਝਲੀਆਂ, ਉਨ੍ਹਾਂ ਨੂੰ ਸੀਸ ਨਿਵਾਕੇ ਹਾਰਦਿਕ ਸਿਜਦਾ ਅਤੇ ਸਤਿਕਾਰ ਭੇਂਟ ਕਰਦੇ ਹਾਂ। ਪ੍ਰੋਫੈਸਰ ਬਡੂੰਗਰ ਨੇ ਕਿਹਾ ਐਨੇ ਲੰਮੇ ਸਮੇਂ ਵਿਚ ਅਨੇਕਾਂ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ, ਭਾਵੇਂ ਦੇਸ ਦੇ ਉਥਾਨ ਲਈ ਬਹੁਤ ਸਕੀਮਾਂ ਵੀ ਉਲੀਕੀਆਂ ਗਈਆਂ ਅਤੇ ਦਮਗਜੇ ਵੀ ਮਾਰੇ ਜਾਂਦੇ ਰਹੇ ਤੇ ਨਿਸਚੇ ਹੀ ਕਈ ਖੇਤਰਾਂ ਵਿਚ ਤਰੱਕੀ ਹੋਈ ਹੈ, ਦੇਸ ਅੰਦਰ ਨੀਤੀਆਂ ਘੜੀਆਂ ਅਤੇ ਲਾਗੂ ਕੀਤੀਆਂ ਗਈਆਂ, ਨੀਤੀਆਂ ਅਤੇ ਪ੍ਰੋਗਰਾਮ ਵੀ ਕੀਤੇ ਗਏ ਅਤੇ ਅੱਜ ਵੀ ਜਾਰੀ ਹਨ। ਪਰੰਤੂ ਇਸ ਦੌਰਾਨ ਅਮੀਰ ਹੋਰ ਅਮੀਰ ਹੋ ਗਿਆ ਅਤੇ ਗਰੀਬ ਹੋਰ ਵੀ ਗਰੀਬ ਹੋ ਗਿਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਕਹਿਣ ਅਨੁਸਾਰ ਅਜੇ ਵੀ 80 ਕਰੋੜ ਤੋਂ ਵੱਧ ਭਾਰਤੀ ਲੋਕ ਗਰੀਬੀ ਰੇਖਾ ਤੋਂ ਹੇਠ ਰਹਿੰਦਿਆਂ ਹੋਇਆਂ ਆਪਣਾ ਨਰਕਮਈ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਮੰਗਤਿਆਂ ਦੀ ਗਿਣਤੀ ਬੇਸੁਮਾਰ ਵਧੀ ਹੈ, ਇਸ ਲਈ ਭਾਰਤ ਨੂੰ ਅਸਲ ਅਜ਼ਾਦੀ ਦਾ ਸਹੀ ਨਿਘ ਉਦੋਂ ਹੀ ਮਾਣਨ ਨੂੰ ਮਿਲੇਗਾ ਜਦੋਂ ਬਿਲਕੁਲ ਹੇਠਲੇ ਪੱਧਰ ਉਤੇ ਹਰ ਭਾਰਤੀ ਨੂੰ ਕੁਲੀ, ਜੁਲੀ, ਗੁਲੀ ਪ੍ਰਾਪਤ ਹੋਵੇਗੀ, ਉਨ੍ਹਾਂ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮ ਦਾ ਪੁਨਰ ਮੁਲਅੰਕਣ ਕਰਨ ਅਤੇ ਦੇਸ ਵਿਚੋਂ ਗਰੀਬੀ, ਬੇਰੁਜਗਾਰੀ ਦੀ ਬਿਮਾਰੀ ਨੂੰ ਬਾਹਰ ਕੱਢਕੇ ਉਨ੍ਹਾਂ ਨੂੰ ਸੁੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਕੇ ਦਿਲੀ ਸ਼ਰਧਾਂਜਲੀ ਭੇਟ ਕਰੀਏ।
Comments
Post a Comment