ਪੰਜਾਬ ਵਿੱਚ ਕੰਟਰੈਕਟ ਮਹਿਲਾ ਸਿਹਤ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਆਵਾਜ਼ ਉਠਾਈ
ਬਰਾਬਰ ਤਨਖਾਹ ਅਤੇ ਸਥਾਈ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ
ਚੰਡੀਗੜ੍ਹ 11 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਭਰ ਤੋਂ ਸੈਂਕੜੇ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਆਪਣੇ ਪਰਿਵਾਰਾਂ ਸਮੇਤ ਅੱਜ ਸੈਕਟਰ 34 ਵਿੱਚ ਇਕੱਠੇ ਹੋਏ। ਚੰਡੀਗੜ੍ਹ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਫ਼ਤਰ ਦੇ ਬਾਹਰ ਸੂਬਾ ਪੱਧਰੀ ਰੈਲੀ ਕੱਢੀ ਗਈ। ਯੂਨੀਅਨ ਦੀ ਸੂਬਾ ਪ੍ਰਧਾਨ ਸਰਬਜੀਤ ਕੌਰ ਨੇ ਕਿਹਾ ਕਿ 24 ਫਰਵਰੀ 2014 ਨੂੰ ਪੰਜਾਬ ਸਰਕਾਰ ਨੇ ਕੈਬਨਿਟ ਵਿੱਚ "ਬਰਾਬਰ ਕੰਮ ਲਈ ਬਰਾਬਰ ਤਨਖਾਹ" ਦਾ ਫੈਸਲਾ ਪਾਸ ਕੀਤਾ ਸੀ, ਜਿਸ ਦੇ ਹੁਕਮ 22 ਦਸੰਬਰ 2015 ਨੂੰ ਜਾਰੀ ਕੀਤੇ ਗਏ ਸਨ, ਪਰ ਵਿਭਾਗ ਨੇ ਇਤਰਾਜ਼ਾਂ ਦੇ ਬਹਾਨੇ ਹੁਕਮ 'ਤੇ ਰੋਕ ਲਗਾ ਦਿੱਤੀ ਅਤੇ ਅਦਾਲਤੀ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਪਿਛਲੇ 10 ਸਾਲਾਂ ਤੋਂ ਮਾਮਲਾ ਲਟਕਦਾ ਰੱਖਿਆ। ਉਨ੍ਹਾਂ ਕਿਹਾ ਕਿ 10 ਫਰਵਰੀ, 2025 ਨੂੰ ਹਾਈ ਕੋਰਟ ਨੇ ਸਟੇਅ ਹਟਾ ਦਿੱਤੀ ਅਤੇ ਵਿਭਾਗ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ, ਪਰ 5-6 ਮਹੀਨੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਸਥਾਈ ਨਿਯੁਕਤੀਆਂ ਅਤੇ ਤਨਖਾਹ ਦੇ ਹੁਕਮਾਂ 'ਤੇ ਝੂਠਾ ਡਰਾਮਾ ਕਰ ਰਹੀ ਹੈ ਅਤੇ ਹਾਈ ਕੋਰਟ ਦੇ ਫੈਸਲਿਆਂ ਨੂੰ ਲਾਗੂ ਨਹੀਂ ਕਰਦੀ।

Comments
Post a Comment