ਭਾਰਤ ਦੇ ਸਭ ਤੋਂ ਵੱਡੇ ਸੈਮੀਕੰਡਕਟਰ ਸੰਮੇਲਨ ਵਿੱਚ ਪੈਕ ਟੀਮ ਦੀ ਹੋਈ ਭਾਗੀਦਾਰੀ
ਚੰਡੀਗੜ੍ਹ 16 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੀ ਇਕ ਟੀਮ, ਜਿਸ ਵਿੱਚ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਅਰੁਣ ਕੁਮਾਰ ਸਿੰਘ, ਫਿਜ਼ਿਕਸ ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ, ਪ੍ਰੋ. ਸੰਦੀਪ ਕੁਮਾਰ ਅਤੇ ਪੀਜੀ ਤੇ ਪੀਐਚ.ਡੀ. ਵਿਦਿਆਰਥੀ ਸ਼ਾਮਲ ਸਨ, ਨੇ ਭਾਰਤ ਦੇ ਸਭ ਤੋਂ ਵੱਡੇ ਸੈਮੀਕਾਨਫਰੰਸ ‘ਸੈਮੀਕਾਨ ਇੰਡੀਆ 2025’ ਵਿੱਚ ਹਿੱਸਾ ਲਿਆ। ਇਹ ਸੰਮੇਲਨ 2 ਤੋਂ 4 ਸਤੰਬਰ 2025 ਤੱਕ ਯਸ਼ੋਭੂਮੀ (ਇੰਡੀਆ ਇੰਟਰਨੈਸ਼ਨਲ ਕੰਵੇਂਸ਼ਨ ਐਂਡ ਐਕਸਪੋ ਸੈਂਟਰ), ਨਵੀਂ ਦਿੱਲੀ ਵਿੱਚ ਆਯੋਜਿਤ ਹੋਇਆ। ਸੈਮੀਕਾਨ ਇੰਡੀਆ 2025 ਦਾ ਚੌਥਾ ਸੰਸਕਰਣ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ 2 ਸਤੰਬਰ ਨੂੰ ਉਦਘਾਟਨ ਕੀਤਾ ਗਿਆ। ਇਸ ਦਾ ਆਯੋਜਨ ਇੰਡੀਆ ਸੈਮੀਕਾਨ ਮਿਸ਼ਨ (ISM), ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਮੰਤਰਾਲਾ (MeitY) ਅਤੇ SEMI ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਵਿੱਚ 350 ਤੋਂ ਵੱਧ ਕੰਪਨੀਆਂ ਅਤੇ 48 ਦੇਸ਼ਾਂ ਤੋਂ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਸੰਮੇਲਨ ਦੌਰਾਨ ਸੈਮੀਕਾਨ ਡਿਜ਼ਾਇਨ, ਫੈਬਰਿਕੇਸ਼ਨ, ਡਿਸਪਲੇ ਮੈਨੂਫੈਕਚਰਿੰਗ, ਪੈਕੇਜਿੰਗ, ਰਿਸਰਚ ਐਂਡ ਡਿਵੈਲਪਮੈਂਟ, ਸੂਬਾਈ ਨੀਤੀਆਂ ਅਤੇ ਈਕੋਸਿਸਟਮ ਵਿਕਾਸ ਵਰਗੇ ਮੁੱਖ ਵਿਸ਼ਿਆਂ ’ਤੇ ਵਿਚਾਰ-ਚਰਚਾ ਹੋਈ। ਇਸ ਦਾ ਮੁੱਖ ਮਕਸਦ ਭਾਰਤ ਵਿੱਚ ਇੱਕ ਮਜ਼ਬੂਤ ਸੈਮੀਕਾਨ ਈਕੋਸਿਸਟਮ ਬਣਾਉਣਾ ਅਤੇ ਦੇਸ਼ ਨੂੰ ਆਤਮਨਿਰਭਰ ਤੇ ਗਲੋਬਲ ਪੱਧਰ ’ਤੇ ਮੁਕਾਬਲਾਤੀ ਬਣਾਉਣਾ ਹੈ। ਪੇਕ ਭਾਰਤ ਦੇ ਇਸ ਵਿਜ਼ਨ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। 2021 ਵਿੱਚ ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ ਵੱਲੋਂ ਉਦਘਾਟਿਤ ਸੈਮੀਕਾਨ ਰਿਸਰਚ ਸੈਂਟਰ ਇਸ ਯਤਨ ਦੀ ਮਿਸਾਲ ਹੈ। ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਨੇ ਮਾਈਕਰੋਨ ਟੈਕਨੋਲੋਜੀ, ਐਸਸੀਐਲ ਮੋਹਾਲੀ, ਕੈਡੇਨਸ ਅਤੇ ਵੀਐਲਐਸਆਈ ਸੋਸਾਇਟੀ ਆਫ਼ ਇੰਡੀਆ ਨਾਲ ਐਮਓਯੂ ਕੀਤੇ ਹਨ ਅਤੇ ਇਸ ਵੇਲੇ ਵੀਐਲਐਸਆਈ ਡਿਜ਼ਾਇਨ ਅਤੇ ਟੈਕਨੋਲੋਜੀ ਦੇ ਯੂਜੀ ਅਤੇ ਪੀਜੀ ਪੱਧਰ ਦੇ ਕੋਰਸ ਵੀ ਚਲਾ ਰਿਹਾ ਹੈ।ਸੈਮੀਕਾਨ ਇੰਡੀਆ 2025 ਵਿੱਚ ਪੇਕ ਦੀ ਹਾਜ਼ਰੀ ਸਿਰਫ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਜਾਣ-ਪਛਾਣ ਹੀ ਨਹੀਂ ਦਿੰਦੀ, ਸਗੋਂ ਭਾਰਤ ਦੇ ਸੈਮੀਕਾਨ ਮਿਸ਼ਨ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।
Comments
Post a Comment