ਪੀੜਤ ਮਹਿਲਾਵਾਂ ਦੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਨ ਤੋਂ ਬਾਦ ਜਾਗਿਆ ਪ੍ਰਸ਼ਾਸਨ, 4 ਕੇਸਾਂ ਤੇ ਕਾਰਵਾਈ ਸ਼ੁਰੂ
ਪੀੜਤ ਮਹਿਲਾਵਾਂ ਦੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਨ ਤੋਂ ਬਾਦ ਜਾਗਿਆ ਪ੍ਰਸ਼ਾਸਨ, 4 ਕੇਸਾਂ ਤੇ ਕਾਰਵਾਈ ਸ਼ੁਰੂ
ਐਸ ਸੀ ਬੀਸੀ ਮੋਰਚਾ ਸਥਾਨ ਤੇ ਆਗੂਆਂ ਨੇ ਮਹਿਲਾ ਕਮਿਸ਼ਨ ਪੰਜਾਬ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਤੇ ਜਲਦ ਕਾਰਵਾਈ ਦੀ ਕੀਤੀ ਉਮੀਦ
3 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਵੋਮੈਨ ਸੈਲ ਦੇ ਦਫਤਰ ਅੱਗੇ ਧਰਨਾ ਲਗਾਉਣਾ ਪੀੜਤ ਮਨਦੀਪ ਕੌਰ ਨੇ ਕੀਤਾ ਰੱਦ ਤੇ ਮੋਰਚਾ ਆਗੂਆਂ ਤੇ ਪ੍ਰੈਸ ਮੀਡੀਆ ਦਾ ਕੀਤਾ ਧੰਨਵਾਦ
ਐਸ.ਏ.ਐਸ.ਨਗਰ 2 ਅਕਤੂਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ 7 ਦੀਆਂ ਲਾਈਟਾਂ ਦੇ ਚੱਲ ਰਹੇ ਮੋਰਚੇ ਤੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪਿਛਲੇ ਦਿਨੀ ਮਹਿਲਾ ਕਮਿਸ਼ਨ ਪੰਜਾਬ ਦੇ ਕੀਤੇ ਗਏ ਘਿਰਾਓ ਅਤੇ ਦਿੱਤੇ ਗਏ ਮੰਗ ਪੱਤਰ ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਨਯੋਗ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਬਹੁਤ ਜਲਦ ਇਹਨਾਂ ਸਾਰੇ ਮਾਮਲਿਆਂ ਤੇ ਕਾਰਵਾਈ ਸ਼ੁਰੂ ਹੋ ਜਾਏਗੀ ਤੇ ਅੱਜ ਚਾਰ ਕੇਸਾਂ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ। ਜਿਸ ਕਰਕੇ ਸਾਡਾ ਮੋਰਚਾ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਅਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦੀ ਹੈ। ਉਪਰੋਕਤ ਵਿਚਾਰ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਸਾਹਮਣੇ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਰੋਸ ਪ੍ਰਦਰਸ਼ਨ ਕਰਨ ਦਾ ਮੁੱਖ ਮਕਸਦ ਸਿਰਫ ਪ੍ਰਸ਼ਾਸਨ ਤੱਕ ਲੋਕਾਂ ਦੇ ਨਾਲ ਹੋਰ ਰਹੇ ਅੱਤਿਆਚਾਰ ਅਤੇ ਜੁਲਮਾਂ ਦੀ ਆਵਾਜ਼ ਪਹੁੰਚਾਉਣਾ ਹੈ। ਅੱਜ ਸਾਨੂੰ ਮਾਣ ਹੈ ਕਿ ਮਾਨਯੋਗ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਅਤੇ ਵੁਮੈਨ ਸੈਲ ਫੇਸ 8 ਦੀ ਇੰਚਾਰਜ ਇੰਸਪੈਕਟਰ ਅਮਨਦੀਪ ਕੌਰ ਨੇ ਇਹਨਾਂ ਕੇਸਾਂ ਦੀ ਸੁਣਵਾਈ ਕਰਕੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਸ ਬੱਚੀ ਦੇ ਪਤੀ ਕਮਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਖਰੜ ਕੋਰਟ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਹੈ। ਅਸੀਂ ਮੰਗ ਕਰਦੇ ਹਾਂ ਕਿ ਇਸ ਕੇਸ ਨਾਲ ਹੋਰ ਵੀ ਜੋ ਸੰਬੰਧਿਤ ਦੋਸ਼ੀ ਹਨ। ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੀੜਤਾਂ ਮਨਦੀਪ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਪ੍ਰਸ਼ਾਸਨ ਅਤੇ ਮਹਿਲਾ ਕਮਿਸ਼ਨ ਪੰਜਾਬ ਵੱਲੋਂ ਅੱਜ ਇਨਸਾਫ ਮਿਲਿਆ ਹੈ। ਜਿਨ੍ਹਾਂ ਦੀ ਮੈਂ ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਮੈਂ ਮੋਰਚਾ ਆਗੂ ਸਾਹਿਬਾਨਾਂ ਅਤੇ ਪ੍ਰੈਸ ਮੀਡੀਆ ਦਾ ਵੀ ਧੰਨਵਾਦ ਕਰਦੀ ਹਾਂ, ਜਿਨਾਂ ਨੇ ਮੇਰਾ ਸਾਥ ਦਿੱਤਾ ਅਤੇ ਮੇਰੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਈ। ਇਸ ਮੌਕੇ ਕਰਮ ਸਿੰਘ ਕੁਰੜੀ, ਸੁਖਦੇਵ ਸਿੰਘ, ਹਰਨੇਕ ਸਿੰਘ ਮਲੋਆ, ਮਾ. ਬਨਵਾਰੀ ਲਾਲ, ਬਲਜੀਤ ਸਿੰਘ, ਕਰਮਜੀਤ ਸਿੰਘ, ਮੁਖਤਿਆਰ ਸਿੰਘ, ਹਰਪਾਲ ਸਿੰਘ, ਰਿਸ਼ੀ ਰਾਜ ਮਹਾਰ, ਬਲਵਿੰਦਰ ਸਿੰਘ ਨੰਬਰਦਾਰ, ਦਵਿੰਦਰ ਸਿੰਘ, ਰਜਿੰਦਰ ਕੌਰ ਮੱਕੜਿਆਂ, ਗੁਰਵਿੰਦਰ ਸਿੰਘ, ਪੂਨਮ ਰਾਣੀ, ਬਲਵਿੰਦਰ ਕੌਰ ਆਦਿ ਹਾਜ਼ਰ ਹੋਏ।
Comments
Post a Comment