ਗਲਤੀਆਂ ਤੋਂ ਉਪਰ ਕੀਤੇ ਗੁਨਾਹਾਂ ਤੋਂ ਸਿੱਖਣ ਦੀ ਬਜਾਏ ਵੱਡੇ ਬਜ਼ਰ ਗੁਨਾਹ ਦੇ ਰਾਹ ਤੁਰਿਆ ਸੁਖਬੀਰ ਧੜਾ : ਪੀਰ ਮੁਹੰਮਦ
ਕੌਮ ਦੀਆਂ ਉੱਚ ਸੰਸਥਾਵਾਂ ਨੂੰ ਢਾਅ ਲਗਾਉਣ ਅਤੇ ਉੱਚ ਪਦਵੀਆਂ ਦੀ ਤੌਹੀਨ ਕਰਨ ਲਈ ਰਚੀ ਗਈ ਸਾਜਿਸ਼ ਤੇ ਕੰਮ ਕਰ ਰਹੇ ਹਨ ਸੁਖਬੀਰ ਬਾਦਲ
ਚੰਡੀਗੜ੍ਹ 24 ਅਕਤੂਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿੱਖ ਕੌਮ ਦੀਆਂ ਉੱਚ ਸੰਸਥਾਵਾਂ ਅਤੇ ਪਦਵੀਆਂ ਦੇ ਲਗਾਤਾਰ ਹੋ ਰਹੇ ਨਿਰਾਦਰ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪੀਰ ਮੁਹੰਮਦ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਅੱਜ ਜਦੋਂ ਪੂਰੀ ਸਿੱਖ ਕੌਮ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੀ ਹੈ, ਉਸ ਵਕਤ ਪੰਜਾਬ ਦੀ ਧਰਤੀ ਤੇ ਜੋ ਕੁਝ ਵਾਪਰ ਰਿਹਾ ਹੈ, ਉਸ ਤੋ ਪੂਰਾ ਸਿੱਖ ਜਗਤ ਨਿਰਾਸ਼ ਅਤੇ ਫ਼ਿਕਰਮੰਦ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ, ਦੋ ਦਸੰਬਰ ਨੂੰ ਫ਼ਸੀਲ ਤੋਂ ਹੁਕਮਨਾਮਾ ਜਾਰੀ ਕਰਨ ਵਾਲੇ ਸਿੰਘ ਸਾਹਿਬਾਨ ਨੂੰ ਜਿੱਥੇ ਜਲੀਲ ਕਰਕੇ ਹਟਾਇਆ ਗਿਆ ਉੱਥੇ ਹੀ ਰਾਤ ਦੇ ਹਨ੍ਹੇਰੇ ਵਿੱਚ ਜੱਥੇਦਾਰ ਦੀ ਨਿਯੁਕਤੀ ਕੀਤੀ ਗਈ, ਇਸ ਕਾਰਜ ਨੇ ਪੂਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਨੂੰ ਵਲੂੰਦਰਿਆ। ਪੂਰੇ ਸਿੱਖ ਜਗਤ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਸਥਾਵਾਂ ਨੇ ਬਤੌਰ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪ੍ਰਵਾਨ ਨਹੀਂ ਕੀਤਾ। ਇਸ ਵਿਵਾਦਮਈ ਨਿਯੁਕਤੀ ਜ਼ਰੀਏ ਸੁਖਬੀਰ ਧੜੇ ਨੇ ਪੂਰੇ ਸਿੱਖ ਜਗਤ ਨੂੰ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਕਿ, ਜਿਹੜਾ ਹੁਕਮ ਉਹ ਦੇਣਗੇ ਉਸ ਨੂੰ ਸਿੱਖ ਕੌਮ ਨੂੰ ਸਵੀਕਾਰ ਕਰਨਾ ਹੋਵੇਗਾ, ਸਵੀਕਾਰ ਨਾ ਕਰਨ ਦੀ ਸੂਰਤ ਵਿੱਚ ਇਸ ਦਾ ਹਸ਼ਰ ਹਟਾਏ ਗਏ ਸਿੰਘ ਸਾਹਿਬਾਨ ਵਾਂਗ ਹੋਵੇਗਾ। ਆਪਣੇ ਹੰਕਾਰ ਅਤੇ ਹਉਮੈ ਦੀ ਆੜ੍ਹ ਹੇਠ ਸੁਖਬੀਰ ਧੜੇ ਵੱਲੋਂ ਕੁਲਦੀਪ ਸਿੰਘ ਗੜਗੱਜ ਦੀ ਰਾਤ ਦੇ ਹਨ੍ਹੇਰੇ ਵਿੱਚ ਕੀਤੀ ਨਿਯੁਕਤੀ ਤੋਂ ਬਾਅਦ, ਜਿਸ ਨੂੰ ਸਿੱਖ ਕੌਮ ਨੇ ਬਤੌਰ ਜੱਥੇਦਾਰ ਪ੍ਰਵਾਨ ਨਹੀਂ ਕੀਤਾ, ਹੁਣ ਦੁਬਾਰਾ ਸਿਆਸੀ ਪ੍ਰਭਾਵ ਹੇਠ ਕੁਲਦੀਪ ਸਿੰਘ ਗੜਗੱਜ ਨੂੰ ਬਤੌਰ ਜੱਥੇਦਾਰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਹੁਣ ਇੱਕ ਵਾਰ ਫਿਰ ਸੁਖਬੀਰ ਧੜਾ, ਜਿਸ ਦਾ ਐਸਜੀਪੀਸੀ ਤੇ ਪੂਰਾ ਕੰਟਰੋਲ ਹੈ, ਉਹ ਸਾਲ 2015 ਵਿੱਚ ਕੀਤੀ ਵੱਡੀ ਪੰਥਕ ਗਲਤੀ ਤੋਂ ਸਿੱਖਣ ਦੀ ਬਜਾਏ ਉਸ ਤੋਂ ਵੀਂ ਵੱਡਾ ਗੁਨਾਹ ਕਰਨ ਜਾ ਰਿਹਾ ਹੈ। ਸਰਦਾਰ ਪੀਰ ਮੁਹੰਮਦ ਨੇ ਕਿਹਾ ਕਿ, ਜਿਵੇਂ ਡੇਰਾ ਸਾਧ ਨੂੰ ਮੁਆਫੀ ਦੇਣ ਵੇਲੇ ਸਿੱਖ ਭਾਵਨਾਵਾਂ ਦੇ ਉਲਟ ਜਾਕੇ ਸਿੰਘ ਸਾਹਿਬਾਨ ਨੂੰ ਸਰਕਾਰੀ ਕੋਠੀ ਵਿੱਚ ਤਲਬ ਕਰਕੇ, ਕੌਮ ਅਤੇ ਪੰਥ ਦੀਆਂ ਭਾਵਨਾਵਾਂ ਦੇ ਖਿਲਾਫ ਕਾਰਜ ਕਰਵਾਇਆ ਗਿਆ, ਠੀਕ ਉਸੇ ਤਰ੍ਹਾਂ ਦਾ ਘਾਣ ਦੁਬਾਰਾ ਕੀਤਾ ਜਾ ਰਿਹਾ ਹੈ। ਪੰਥ ਦੀਆਂ ਭਾਵਨਾਵਾਂ ਵਿਰੋਧੀ ਕਾਰਜ ਲਈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਸਿਆਸੀ ਤਾਕਤ ਨਾਲ ਬਾਂਹ ਮਰੋੜੀ ਜਾ ਰਹੀ ਹੈ। 3 ਨਵੰਬਰ ਦੇ ਜਨਰਲ ਇਜਲਾਸ ਤੋਂ ਪਹਿਲਾਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਵੱਡਾ ਸੁਨੇਹਾ ਦੇਕੇ ਦਸਤਾਰ ਭੇਂਟ ਕਰਨ ਲਈ ਮਜਬੂਰ ਕੀਤਾ ਜਾ ਚੁੱਕਾ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ, ਸੁਖਬੀਰ ਧੜਾ ਵਾਰ-ਵਾਰ ਪੰਥ ਵਿਰੋਧੀ ਕਾਰਜ ਕਰਕੇ ਕੌਮ ਦਾ ਸਬਰ ਪਰਖਣ ਤੋਂ ਬਾਜ ਆਵੇ। ਉਹਨਾਂ ਕਿਹਾ ਕਿ ਇਸ ਵੇਲੇ ਕੌਮ ਵੱਡੀ ਉਲਝਣ ਦਾ ਸਾਹਮਣਾ ਕਰ ਰਹੀ ਹੈ। ਇਸ ਤਰ੍ਹਾਂ ਦੀਆਂ ਨਿਯੁਕਤੀਆਂ ਨਾਲ ਪੂਰੀ ਦੁਨੀਆਂ ਵਿੱਚ ਸਿੱਖ ਮਜਾਕ ਦਾ ਪਾਤਰ ਬਣ ਰਹੇ ਹਨ। ਉਹਨਾਂ ਕਿਹਾ ਕਿ ਅੱਜ ਸਿੱਖ ਪੰਥ ਸਰੀਰਕ ਏਕਤਾ ਦੀ ਬਜਾਏ ਵੱਡੇ ਮਸਲਿਆਂ ’ਤੇ ਏਕਤਾ ਅਤੇ ਇਕਜੁਟਤਾ ਦੀ ਲੋੜ ਮਹਿਸੂਸ ਕਰ ਰਿਹਾ ਹੈ।

Comments
Post a Comment