ਲੈਕਚਰਾਰ ਯੂਨੀਅਨ ਦੀਆਂ ਚੋਣਾਂ ਦਾ ਸ਼ਡਿਊਲ ਨਵੰਬਰ ਵਿੱਚ ਜਾਰੀ ਕੀਤਾ ਜਾਵੇਗਾ : ਪ੍ਰਧਾਨ ਸੰਜੀਵ ਕੁਮਾਰ
ਲੈਕਚਰਾਰ ਦੇ ਕੋਟੇ ਦੀਆਂ 700 ਖਾਲੀ ਪ੍ਰਿੰਸੀਪਲ ਦੀਆਂ ਆਸਾਮੀਆਂ ਪਦਉੱਨਤ ਕਰਕੇ ਭਰੀਆਂ ਜਾਣ
ਰੋਕੇ ਹੋਏ ਪੇਂਡੂ ਭੱਤਾ ਅਤੇ ਡੀ.ਏ. ਦੀਆਂ ਕਿਸ਼ਤਾਂ ਜਾਰੀ ਕੀਤੀਆ ਜਾਣ
ਐਸ.ਏ.ਐਸ.ਨਗਰ 13 ਅਕਤੂਬਰ ( ਰਣਜੀਤ ਧਾਲੀਵਾਲ ) : ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਵਿਸ਼ੇਸ਼ ਤੌਰ ਤੇ ਜਨਰਲ ਸਕੱਤਰ ਗਜਟਿਡ ਐਜੂਕੇਸ਼ਨਲ ਸਕੂਲ ਸਰਵਿਸਿਜ਼ ਐਸੋਸੀਏਸ਼ਨ ਜਲੰਧਰ ਸੁਖਦੇਵ ਲਾਲ ਬੱਬਰ ਨੇ ਭਾਗ ਲਿਆ। ਮੀਟਿੰਗ ਵਿੱਚ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀਆਂ ਆਮ ਚੋਣਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ਼ ਵਿਚਾਰਿਆ ਗਿਆ। ਹਾਜਰ ਸਾਥੀਆਂ ਨੇ ਆਮ ਚੋਣਾਂ ਅਗਾਮੀ ਕੁਝ ਮਹੀਨਿਆਂ ਵਿੱਚ ਕਰਵਾਉਣ ਲਈ ਹਾਮੀ ਭਰੀ, ਉਹਨਾਂ ਕਿਹਾ ਕਿ ਉਹ ਆਪ ਬਤੌਰ ਲੈਕਚਰਾਰ ਸੇਵਾ ਮੁਕਤ ਹੋ ਚੁੱਕੇ ਹਨ, ਅਜਿਹੇ ਵਿੱਚ ਨਵੀਂ ਟੀਮ ਨੂੰ ਵਾਗ-ਡੋਰ ਸੰਭਾਲਣਾ ਚਾਹੁੰਦੇ ਹਨ। ਉਹਨਾਂ ਇਹ ਮਹਿਸੂਸ ਕਰਦਿਆਂ ਕਿਹਾ ਕਿ ਯੂਨੀਅਨ ਦੇ ਸੰਵਿਧਾਨ ਅਨੁਸਾਰ ਇਹ ਚੋਣਾਂ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਨ ਪਰ ਕੁਝ ਨਾ ਟਾਲਣਯੋਗ ਹਲਾਤਾਂ ਦੇ ਕਾਰਨ ਦੇਰੀ ਹੋਈ ਹੈ। ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੰਬਰ ਵਿੱਚ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ ਅਤੇ ਫਰਵਰੀ ਤੱਕ ਚੋਣਾਂ ਦੀ ਸਮੁੱਚੀ ਲੋਕਤੰਤਰਿਕ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ, ਜਿਸ ਵਿੱਚ ਮੈਂਬਰਸ਼ਿਪ, ਬਲਾਕ ਪੱਧਰੀ ਚੋਣਾਂ, ਜ਼ਿਲ੍ਹਾ ਪੱਧਰੀ ਚੋਣਾਂ ਅਤੇ ਸਟੇਟ ਕਮੇਟੀ ਦਾ ਗਠਨ ਸ਼ਾਮਲ ਹੋਵੇਗਾ। ਮੀਟਿੰਗ ਵਿੱਚ ਹਾਜ਼ਰ ਸਾਥੀਆਂ ਵੱਲੋਂ ਨਵੰਬਰ ਵਿੱਚ ਚੋਣਾਂ ਦਾ ਸਡਿਉਲ ਜਾਰੀ ਕਰਨ ਨੂੰ ਸੰਮਤੀ ਨਾਲ਼ ਮੰਨ ਲਿਆ ਗਿਆ। ਸੂਬਾ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਅਤੇ ਬਹਾਦਰ ਸਿੰਘ, ਜਿਲਾ ਪਟਿਆਲਾ ਦੇ ਪ੍ਰਧਾਨ ਅਮਰਜੀਤ ਸਿੰਘ ਵਾਲੀਆ ਅਤੇ ਜਿਲਾ ਰੋਪੜ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪ੍ਰਿੰਸੀਪਲ ਦੀਆਂ 1000 ਅਸਾਮੀਆਂ ਖ਼ਾਲੀ ਹਨ ਜਿਨ੍ਹਾਂ ਵਿੱਚੋਂ ਲੈਕਚਰਾਰ ਕੋਟੇ ਦੀਆਂ 700 ਅਸਾਮੀਆਂ ਤੇ ਤੁਰੰਤ ਤਰੱਕੀਆਂ ਸਕੂਲ ਪ੍ਰਬੰਧ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਤਰੱਕੀਆਂ ਜਲਦੀ ਤੋਂ ਜਲਦੀ ਕੀਤੀਆਂ ਜਾਣ। ਸੰਗਰੂਰ ਦੇ ਪ੍ਰਧਾਨ ਜਸਪਾਲ ਸਿੰਘ ਵਾਲੀਆ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਲੈਕਚਰਾਰਾਂ ਦੀ 2025 ਵਿੱਚ ਬਣਾਈ ਸੀਨੀਅਰਤਾ ਸੂਚੀ ਤਰੁੱਟੀਆਂ ਭਰਪੂਰ ਹੈ ਅਤੇ ਇਸ ਵਿੱਚ ਨਿਯਮਾਂ ਦੀ ਇਕਸਾਰਤਾ ਵੀ ਨਹੀਂ ਹੈ ਅਤੇ ਅਪਣੇ ਚਹੇਤਿਆ ਨੂੰ ਲਾਭ ਪਹੁੰਚਾਉਣ ਲਈ ਨਿਯਮਾਂ ਵਿੱਚ ਲੋੜ ਅਨੁਸਾਰ ਤਬਦੀਲੀ ਦੀ ਬਜਾਏ ਸੀਨੀਆਰਤਾ ਸੂਚੀ ਨੂੰ ਮਾਨਯੋਗ ਕੋਰਟ ਦੇ ਫੈਸਲਿਆਂ, ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਵਿਭਾਗ ਦੇ ਨਿਯਮਾਂ ਦੇ ਸਨਮੁੱਖ ਰੀਵਿਊ ਕਰਕੇ ਹੀ ਫਾਈਨਲ ਸੀਨੀਆਰਤਾ ਸੂਚੀ ਜਾਰੀ ਕੀਤੀ ਜਾਵੇ। ਇਸ ਮੌਕੇ ਪਰਮਿੰਦਰ ਕੁਮਾਰ ਬਬਲੀ, ਵਿਕਾਸ ਭਾਂਬੀ, ਭੁਪਿੰਦਰ ਸਿੰਘ ਭੱਟੀ ਅਤੇ ਹੋਰ ਆਗੂ ਸਹਿਬਾਨ ਹਾਜ਼ਰ ਸਨ।
Comments
Post a Comment