ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਸਬਜੀ ਮੰਡੀ ਫੇਜ-11, ਪੁੱਡਾ ਨੂੰ ਟਰਾਂਸਫਰ ਕਰਨ ਅਤੇ ਹੋਰ ਜਾਇਦਾਦਾਂ ਵੇਚਣ ਦੇ ਵਿਰੁੱਧ ਰੋਸ ਪ੍ਰਦਰਸ਼ਨ
ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਸਬਜੀ ਮੰਡੀ ਫੇਜ-11, ਪੁੱਡਾ ਨੂੰ ਟਰਾਂਸਫਰ ਕਰਨ ਅਤੇ ਹੋਰ ਜਾਇਦਾਦਾਂ ਵੇਚਣ ਦੇ ਵਿਰੁੱਧ ਰੋਸ ਪ੍ਰਦਰਸ਼ਨ
ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਵੱਲੋਂ ਮੰਡੀ ਬੋਰਡ ਦੀਆਂ ਜਾਇਦਾਦਾਂ ਵੇਚਣ ਦੀ ਕਾਰਵਾਈ ਨਾ ਰੋਕਣ ‘ਤੇ ਸੰਘਰਸ਼ ਦੀ ਚਿਤਾਵਨੀ
ਐਸ.ਏ.ਐਸ.ਨਗਰ 19 ਨਵੰਬਰ ( ਰਣਜੀਤ ਧਾਲੀਵਾਲ ) : ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਦੀ ਕਾਲ ਤੇ ਅੱਜ ਮਿਤੀ 19.11.2025 ਨੂੰ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਪੰਜਾਬ ਮੰਡੀ ਭਵਨ, ਸੈਕਟਰ-65-ਏ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਨਵੀਂ ਫਲ ਅਤੇ ਸਬਜੀ ਮੰਡੀ ਫੇਜ਼-11, ਮੋਹਾਲੀ ਨੂੰ ਪੁੱਡਾ ਨੂੰ ਟਰਾਂਸਫਰ ਕਰਨ ਅਤੇ ਪੰਜਾਬ ਮੰਡੀ ਬੋਰਡ ਦੀਆਂ ਹੋਰ ਜਾਇਦਾਦਾਂ ਨੂੰ ਵੇਚਣ ਦੇ ਵਿਰੋਧ ਵਜੋਂ ਗੇਟ ਰੈਲੀ ਅਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ, ਪੰਜਾਬ ਮੰਡੀ ਬੋਰਡ ਆਫਿਸਰਜ਼ ਐਸੋਸੀਏਸ਼ਨ, ਪੰਜਾਬ ਮੰਡੀ ਬੋਰਡ ਡਰਾਈਵਰਜ਼ ਯੂਨੀਅਨ, ਦੀ ਕਲਾਸ ਫੋਰਥ ਇੰਪਲਾਈਜ਼ ਯੂਨੀਅਨ, ਪੰਜਾਬ ਮਾਰਕਿਟ ਕਮੇਟੀਜ਼ ਕਰਮਚਾਰੀ ਯੂਨੀਅਨ, ਮੋਹਾਲੀ ਫੈਲਵੇਅਰ ਐਸੋਸੀਏਸ਼ਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਆੜਤੀਆਂ ਐਸੋਸੀਏਸ਼ਨ ਮੋਹਾਲੀ, ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ, ਪੰਜਾਬ ਮੰਡੀ ਬੋਰਡ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ, ਪੰਜਾਬ ਮੰਡੀ ਬੋਰਡ ਰਿਟਾਇਰਡ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਕਈ ਹੋਰ ਪਤਵੰਤੇ ਸੱਜਣਾਂ ਵੱਲੋਂ ਇਸ ਰੋਸ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਗਿਆ।
ਇਸ ਰੋਸ ਪ੍ਰਦਰਸ਼ਨ ਵਿੱਚ ਹਾਜ਼ਰ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ, ਵਿਧਾਇਕ ਐਨ.ਕੇ. ਸ਼ਰਮਾ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਅਕਾਲੀ ਆਗੂ ਪਰਮਿੰਦਰ ਸਿੰਘ ਸੋਹਾਣਾ ਸਮੇਤ ਸਮੂਹ ਅਹੁੱਦੇਦਾਰਾਂ ਅਤੇ ਐਸੋਸੀਏਸ਼ਨਾਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਹ ਨਵੀਂ ਫਲ ਅਤੇ ਸਬਜੀ ਮੰਡੀ ਫੇਜ਼-11, ਮੋਹਾਲੀ ਨੂੰ ਪੁੱਡਾ ਨੂੰ ਟਰਾਂਸਫਰ ਕਰਨ ਅਤੇ ਪੰਜਾਬ ਮੰਡੀ ਬੋਰਡ ਦੀਆਂ ਹੋਰ ਜਾਇਦਾਦਾਂ ਨੂੰ ਵੇਚਣ ਸਬੰਧੀ ਆਰੰਭੀ ਗਈ ਕਾਰਵਾਈ ਨਾ ਰੋਕੀ ਤਾਂ ਆਉਣ ਵਾਲੇ ਭਵਿੱਖ ਵਿੱਚ ਉਹਨਾਂ ਨੂੰ ਹੋਰ ਵਧੇਰੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਹਾਜਰ ਸਮੂਹ ਯੂਨੀਅਨਾਂ/ਐਸੋਸੀਏਸ਼ਨਾਂ ਦੇ ਅਹੁੱਦੇਦਾਰਾਂ ਅਤੇ ਸਮੂਹ ਮੁਲਾਜ਼ਮਾਂ ਵੱਲੋਂ ਅਹਿਦ ਕੀਤਾ ਗਿਆ ਕਿ ਉਹ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਦੀ ਮੈਨੇਜਮੈਂਟ ਦੇ ਅਜਿਹੇ ਫੈਸਲਿਆਂ ਦਾ ਲਗਾਤਾਰ ਵਿਰੋਧ ਕਰਦੇ ਰਹਿਣਗੇ ਅਤੇ ਹਰ ਸੰਭਵ ਰਣਨੀਤੀ ਅਪਣਾਉਂਦੇ ਹੋਏ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਦੀ ਮੈਨੇਜਮੈਂਟ ਨੂੰ ਪੰਜਾਬ ਮੰਡੀ ਬੋਰਡ ਦੀਆਂ ਜਾਇਦਾਦਾਂ ਵੇਚਣ ਦੇ ਕੀਤੇ ਗਏ ਫੈਸਲਿਆਂ ਨੂੰ ਵਾਪਿਸ ਕਰਵਾਉਣਗੇ।

Comments
Post a Comment