20 ਨਵੰਬਰ ਤੱਕ ਸਮੂਹ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਦੀ ਚੋਣ ਪ੍ਰਕਿਰਿਆ ਨੂੰ ਕੀਤਾ ਜਾਵੇਗਾ ਪੂਰਾ : ਜਥੇਦਾਰ ਵਡਾਲਾ
ਜ਼ਿਲ੍ਹਾ ਜਥੇਬੰਦਕ ਢਾਂਚੇ ਲਈ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਜਾਰੀ
ਚੰਡੀਗੜ੍ਹ 8 ਨਵੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਸਮੂਹ ਜ਼ਿਲ੍ਹਾ ਪੱਧਰੀ ਜੱਥੇਬੰਦਕ ਢਾਂਚੇ ਲਈ ਚੋਣ ਪ੍ਰਕਿਰਿਆ 20 ਨਵੰਬਰ ਤੱਕ ਪੂਰੀ ਕਰ ਲਈ ਜਾਵੇਗੀ। ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਮੁਕੰਮਲ ਹੋਣ ਉਪਰੰਤ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਲਈ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਤੈਅ ਕਰ ਦਿੱਤਾ ਗਿਆ ਹੈ। ਝੋਨੇ ਦੀ ਵਢਾਈ ਅਤੇ ਤਰਨਤਾਰਨ ਜ਼ਿਮਨੀ ਚੋਣ ਦੇ ਚਲਦੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਲਈ ਚੋਣ ਪ੍ਰਕਿਰਿਆ ਨੂੰ ਵਰਕਰਾਂ ਦੀ ਸਲਾਹ ਉਪਰੰਤ ਰੋਕਿਆ ਗਿਆ ਸੀ, ਪਰ ਹੁਣ ਤਰਨਤਾਰਨ ਜ਼ਿਮਨੀ ਚੋਣ ਦੇ ਮੁਕੰਮਲ ਹੋਣ ਅਤੇ ਪਾਰਟੀ ਵਰਕਰਾਂ ਤੋਂ ਮਿਲੇ ਸੁਝਾਅ ਉਪਰੰਤ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਲਈ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਸਾਰੇ ਹੀ ਚੋਣ ਅਬਜਰਵਰ ਨੂੰ ਅਪੀਲ ਕੀਤੀ ਗਈ ਕਿ ਉਹ ਆਪੋ ਆਪਣੇ ਜ਼ਿਲਿਆਂ ਦੀਆਂ ਚੋਣਾਂ ਕਰਵਾਉਣ ਤੇ ਸਰਕਲਾਂ ਦੇ ਡੈਲੀਗੇਟਾਂ ਦੀਆ ਮੀਟਿੰਗਾਂ ਰੱਖ ਤੈਅ ਪ੍ਰੋਗਰਾਮ ਹੇਠ ਚੋਣਾਂ ਮੁਕੰਮਲ ਕਰਵਾਉਣ।
ਜ਼ਿਲ੍ਹਾ ਪੱਧਰੀ ਜੱਥੇਬੰਦਕ ਢਾਂਚੇ ਲਈ ਚੋਣ ਪ੍ਰਕਿਰਿਆ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ। 11 ਨਵੰਬਰ ਦਿਨ ਮੰਗਲਵਾਰ ਨੂੰ ਰੋਪੜ, ਲੁਧਿਆਣਾ ਸ਼ਹਿਰੀ, ਪਟਿਆਲਾ, ਮੋਗਾ ਦੀ ਚੋਣ।
12 ਨਵੰਬਰ ਦਿਨ ਬੁੱਧਵਾਰ ਨੂੰ ਲੁਧਿਆਣਾ ਦਿਹਾਤੀ, ਪੁਲਿਸ ਜ਼ਿਲ੍ਹਾ ਖੰਨਾ, ਫਾਜਿਲਕਾ, ਸੰਗਰੂਰ ਦੀ ਚੋਣ। 13 ਨਵੰਬਰ ਦਿਨ ਵੀਰਵਾਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਮੋਹਾਲੀ, ਜਲੰਧਰ (ਸ਼ਹਿਰੀ ਅਤੇ ਦਿਹਾਤੀ) ਦੀ ਚੋਣ। 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਕਪੂਰਥਲਾ, ਮਲੇਰਕੋਟਲਾ ਦੀ ਚੋਣ। 15 ਨਵੰਬਰ ਦਿਨ ਸ਼ਨੀਵਾਰ ਨੂੰ ਮਾਨਸਾ, ਨਵਾਂਸ਼ਹਿਰ, ਫਿਰੋਜਪੁਰ, ਚੰਡੀਗੜ੍ਹ ਦੀ ਚੋਣ। 16 ਨਵੰਬਰ ਦਿਨ ਐਤਵਾਰ ਨੂੰ ਗੁਰਦਾਸਪੁਰ, ਪਠਾਨਕੋਟ ਜ਼ਿਲਿਆਂ ਦੀ ਚੋਣ। 17 ਨਵੰਬਰ ਦਿਨ ਸੋਮਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਰਨ ਸਾਹਿਬ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਤਰਨ ਤਾਰਨ ਹਲਕੇ ਦੇ ਸਮੂਹ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ।

Comments
Post a Comment