350ਵੀਂ ਸ਼ਹੀਦੀ ਵਰ੍ਹੇਗੰਠ ’ਤੇ ਚੰਡੀਗੜ੍ਹ ਵਿੱਚ ਹਫ਼ਤੇ ਭਰ ਦਾ ਗੁਰਮਤਿ ਸਮਾਗਮ ਸ਼ੁਰੂ
ਸ਼ਹੀਦ ਪਾਤਸ਼ਾਹੀ ਨੌਵੀਂ ਦੀ ਯਾਦ ਵਿੱਚ ਨਗਰ ਕੀਰਤਨ, ਨਾਟਕ ਪ੍ਰਸਤੁਤੀ ਅਤੇ ਵਿਸ਼ੇਸ਼ ਕੀਰਤਨ ਸਮਾਗਮ
ਚੰਡੀਗੜ੍ਹ 19 ਨਵੰਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 19 ਨਵੰਬਰ ਤੋਂ 25 ਨਵੰਬਰ 2025 ਤੱਕ ਕਰਨ ਦੀ ਘੋਸ਼ਣਾ ਕੀਤੀ ਹੈ। ਇਹ ਜਾਣਕਾਰੀ ਕਮੇਟੀ ਦੇ ਸਕੱਤਰ ਗੁਰਜੋਤ ਸਿੰਘ ਸਾਹਨੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸੈਕਟਰ 35, ਚੰਡੀਗੜ੍ਹ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਹਫ਼ਤੇ ਭਰ ਚੱਲਣ ਵਾਲੇ ਸਮਾਗਮਾਂ ਦਾ ਮੁੱਖ ਉਦੇਸ਼ ਸੰਗਤ ਨੂੰ ਗੁਰਮਤਿ ਸਿਧਾਂਤਾਂ, ਤਿਆਗ ਅਤੇ ਮਨੁੱਖੀ ਮੁੱਲਾਂ ਪ੍ਰਤੀ ਜਾਗਰੂਕ ਕਰਨਾ ਹੈ। ਸਮਾਗਮ ਦੇ ਮੁੱਖ ਸਥਾਨਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਸੈਕਟਰ 35, ਗੁਰਦੁਆਰਾ ਸਾਹਿਬ ਸੈਕਟਰ 37 ਸੀ ਅਤੇ ਗੁਰਦੁਆਰਾ ਸਾਹਿਬ ਸੈਕਟਰ 22-ਬੀ ਸਮੇਤ ਹੋਰ ਸੰਬੰਧਤ ਗੁਰਮਤਿ ਸੰਸਥਾਨ ਸ਼ਾਮਲ ਹਨ। 19 ਨਵੰਬਰ ਨੂੰ ਸਮਾਗਮ ਦੀ ਸ਼ੁਰੂਆਤ ਸਕੂਲ ਤੋਂ ਹੋਈ, ਜਿਸ ਵਿੱਚ ਭਾਈ ਸੁਖਦੀਪ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਹਰਜੋਤ ਸਿੰਘ ਜ਼ਖ਼ਮੀ, ਭਾਈ ਰਵਿੰਦਰ ਸਿੰਘ ਅਤੇ ਹੋਰ ਪ੍ਰਸਿੱਧ ਕਥਾਵਾਚਕ ਤੇ ਰਾਗੀ ਜਥੇ ਸ਼ਾਮਲ ਹੋਏ। ਉਨ੍ਹਾਂ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ‘ਤੇ ਮੁੱਖ ਅਤਿਥੀ ਡਾ. ਇਕਬਾਲ ਸਿੰਘ ਲਾਲਪੁਰਾ (ਸਾਬਕਾ ਆਈ.ਪੀ.ਐਸ. ਅਤੇ ਰਾਸ਼ਟਰੀ ਅਲਪਸੰਖਿਅਕ ਕਮਿਸ਼ਨ ਦੇ ਸਾਬਕਾ ਚੇਅਰਮੈਨ) ਹਾਜ਼ਰ ਸਨ। 20 ਨਵੰਬਰ ਦੇ ਸਮਾਗਮ ਵਿੱਚ ਸ਼ਾਮ 5:30 ਤੋਂ 7:30 ਵਜੇ ਤੱਕ ‘ ਸ਼ਹਾਦਤ ਪਾਤਸ਼ਾਹੀ ਨੌਵੀ ’ ਸਿਰਲੇਖ ਹੇਠ ਇਕ ਨਾਟਕ ਦੀ ਪ੍ਰਸਤੁਤੀ ਹੋਵੇਗੀ। ਇਸ ਦਾ ਲੇਖਣ ਬਲਜਿੰਦਰ ਸਿੰਘ ਦਾਰਾਪੁਰੀ ਤੇ ਨਿਰਦੇਸ਼ਕ ਬਨਿੰਦਰਜੀਤ ਸਿੰਘ ਬਨੀ ( ਟੀਮ ਗਰੁੱਪ ਇੰਮਪੈਕਟ ਆਰਟਸ ) ਨੇ ਕੀਤਾ ਹੈ। ਇਹ ਨਾਟਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਮਨੁੱਖਤਾ ਦੇ ਮੁੱਲਾਂ ਦੀ ਰੱਖਿਆ ਅਤੇ ਧਾਰਮਿਕ ਆਜ਼ਾਦੀ ਦੀ ਮਿਸਾਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਏਗਾ। ਪ੍ਰੋਗਰਾਮ ਦੀ ਅਧਿਆਕਸ਼ਤਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਕਰਨਗੇ। 21 ਨਵੰਬਰ ਨੂੰ ਸਵੇਰੇ 11 ਵਜੇ, ਸ਼ਹੀਦ ਨਗਰ ਕੀਰਤਨ ਗੁਰਦੁਆਰਾ ਸਾਹਿਬ ਸੈਕਟਰ 22-ਡੀ ਤੋਂ ਸ਼ੁਰੂ ਹੋਵੇਗਾ ਅਤੇ ਸੈਕਟਰ 22 ਮਾਰਕੀਟ - ਸੈਕਟਰ 17 ਪਲਾਜ਼ਾ - ਸੈਕਟਰ 18 - ਸੈਕਟਰ 19 - ਸੈਕਟਰ 35 ਰਾਹੀਂ ਸੈਕਟਰ 37 ਪਹੁੰਚੇਗਾ। ਇਸ ਨਗਰ ਕੀਰਤਨ ਵਿੱਚ ਗਤਕਾ ਟੀਮਾਂ, ਸਕੂਲੀ ਵਿਦਿਆਰਥੀ, ਕੀਰਤਨੀ ਜੱਥੇ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਿੱਸਾ ਲਵੇਗੀ। 22 ਨਵੰਬਰ ਨੂੰ ਗੁਰਦੁਆਰਾ ਸਾਹਿਬ ਸੈਕਟਰ 22-ਡੀ ਵਿੱਚ ਨੌਜਵਾਨਾਂ ਲਈ ਕੇਂਦ੍ਰਿਤ ਗੁਰਮਤਿ ਵਿਚਾਰ ਸੈਸ਼ਨ ਹੋਣਗੇ, ਜਦਕਿ 23 ਨਵੰਬਰ ਨੂੰ ਸਹਿਜ ਪਾਠ ਸਮਾਪਤੀ, ਵਿਸ਼ੇਸ਼ ਕੀਰਤਨ, ਧਾਰਮਿਕ ਪ੍ਰਦਰਸ਼ਨੀ ਅਤੇ ਗੁਰਮਤਿ ਵਿਆਖਿਆਨ ਕਰਵਾਏ ਜਾਣਗੇ। 24 ਨਵੰਬਰ ਨੂੰ ਸੇਵਾ, ਪੰਥਕ ਅਨੁਸ਼ਾਸਨ ਅਤੇ ਏਕਤਾ ’ਤੇ ਵਿਸ਼ੇਸ਼ ਪ੍ਰਵਚਨ ਹੋਣਗੇ। 25 ਨਵੰਬਰ ਨੂੰ ਗੁਰਦੁਆਰਾ ਸਾਹਿਬ ਸੈਕਟਰ 37 ਸੀ ਵਿੱਚ ਅਖੰਡ ਪਾਠ ਭੋਗ, ਕੀਰਤਨ, ਅਰਦਾਸ ਅਤੇ ਗੁਰੂ ਦਾ ਲੰਗਰ ਨਾਲ ਸਮਾਗਮ ਦਾ ਸਮਾਪਨ ਕੀਤਾ ਜਾਵੇਗਾ, ਜਿਸ ਵਿੱਚ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।

Comments
Post a Comment