ਡੋਲਫਿਨ ਪੀ.ਜੀ. ਕਾਲਜ ‘ਚ ਵਿਸ਼ਵ ਰੇਡੀਓਗ੍ਰਾਫੀ ਦਿਵਸ ਮਨਾਇਆ
ਮਰੀਜ਼ਾਂ ਦੀ ਸੁਰੱਖਿਆ ਤੇ ਨੈਤਿਕ ਰੇਡੀਓਲੋਜੀ ‘ਤੇ ਵਿਸ਼ੇਸ਼ ਧਿਆਨ
ਐਸ.ਏ.ਐਸ.ਨਗਰ 13 ਨਵੰਬਰ ( ਰਣਜੀਤ ਧਾਲੀਵਾਲ ) : ਡੋਲਫਿਨ ਪੀ.ਜੀ. ਕਾਲਜ ਦੇ ਰੇਡੀਓ ਮੈਡੀਕਲ ਇਮੇਜਿੰਗ ਟੈਕਨੋਲੋਜੀ (ਆਰ.ਐਮ.ਆਈ.ਟੀ.) ਵਿਭਾਗ ਵੱਲੋਂ ਵਿਸ਼ਵ ਰੇਡੀਓਗ੍ਰਾਫੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਅਗਵਾਈ ਡਾ. ਵਿਨੋਦ ਮਿੱਤਲ ਨੇ ਕੀਤੀ। ਇਸ ਸਾਲ ਦੇ ਅਕਾਦਮਿਕ ਸੈਸ਼ਨ ਦਾ ਵਿਸ਼ਾ "ਮਰੀਜ਼ ਰੇਡੀਏਸ਼ਨ ਸੁਰੱਖਿਆ ਅਤੇ ਰੇਡੀਓਲੋਜੀ ਅਭਿਆਸ ਵਿੱਚ ਨੈਤਿਕਤਾ" ਸੀ ਜਿਸ ਵਿੱਚ ਆਧੁਨਿਕ ਸਿਹਤ ਸੰਭਾਲ ਵਿੱਚ ਸੁਰੱਖਿਅਤ ਅਤੇ ਨੈਤਿਕ ਰੇਡੀਓਲੋਜੀਕਲ ਅਭਿਆਸਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ਸੀ। ਸਮਾਗਮ ‘ਚ ਡਾ. ਸ਼ੌਰਿਆ ਕੌਸ਼ਲ, ਹੈੱਡ ਆਫ ਡਿਪਾਰਟਮੈਂਟ (ਰੇਡੀਓ ਡਾਇਗਨੋਸਿਸ), ਅਮਰ ਹਸਪਤਾਲ ਮੋਹਾਲੀ ਮੁੱਖ ਮਹਿਮਾਨ ਤੇ ਗੈਸਟ ਸਪੀਕਰ ਵਜੋਂ ਸ਼ਾਮਲ ਹੋਏ। ਸ਼੍ਰੀ ਵਿਭਵ ਮਿੱਤਲ (ਉਪ-ਚੇਅਰਮੈਨ) ਨੇ ਗੈਸਟ ਆਫ ਆਨਰ ਵਜੋਂ ਹਾਜ਼ਰੀ ਭਰੀ। ਡਾ. ਮਲਕੀਤ ਸਿੰਘ (ਡੀਨ ਅਕੈਡਮਿਕਸ) ਵੀ ਇਸ ਮੌਕੇ ਹਾਜ਼ਰ ਰਹੇ। ਪ੍ਰੋਗਰਾਮ ਦਾ ਆਯੋਜਨ ਸ਼੍ਰੀ ਆਦਿਲ ਰਸ਼ੀਦ, ਹੈੱਡ ਆਫ ਡਿਪਾਰਟਮੈਂਟ, ਆਰ.ਐਮ.ਆਈ.ਟੀ. ਨੇ ਕੀਤੀ ਜਦਕਿ ਸ਼੍ਰੀ ਬਲਵਿੰਦਰ ਕੁਮਾਰ ਠਾਕੁਰ, ਐਸੋਸੀਏਟ ਪ੍ਰੋਫੈਸਰ (ਆਰ.ਐਮ.ਆਈ.ਟੀ.) ਨੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਮੁੱਖ ਵਕਤਾ ਡਾ. ਸ਼ੌਰਿਆ ਕੌਸ਼ਲ ਨੇ ਰੇਡੀਓਲੋਜੀ ਖੇਤਰ ਵਿਚ ਹੋ ਰਹੀ ਤਕਨੀਕੀ ਤਰੱਕੀ ਤੇ ਨੈਤਿਕ ਪੱਖਾਂ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਮਰੀਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ‘ਚ ਰੇਡੀਓਗ੍ਰਾਫਰਾਂ ਦੀ ਬਦਲਦੀ ਭੂਮਿਕਾ ‘ਤੇ ਰੋਸ਼ਨੀ ਪਾਈ। ਪ੍ਰੋਗਰਾਮ ਦੌਰਾਨ ਵਿਗਿਆਨਕ ਸੈਸ਼ਨ, ਪੋਸਟਰ ਪ੍ਰਸਤੁਤੀ, ਸੱਭਿਆਚਾਰਕ ਕਾਰਜਕ੍ਰਮ ਤੇ ਸਮਾਪਨ ਸਮਾਰੋਹ ਕਰਵਾਇਆ ਗਿਆ। ਦਸ ਵਿਦਿਆਰਥੀਆਂ ਨੇ ਸੀ.ਟੀ., ਐਮ.ਆਰ.ਆਈ., ਰੇਡੀਏਸ਼ਨ ਸੇਫਟੀ ਤੇ ਪ੍ਰੋਟੈਕਟਿਵ ਉਪਕਰਣਾਂ ‘ਤੇ ਪੋਸਟਰ ਪੇਸ਼ ਕੀਤੇ। ਵਿਸ਼ੇਸ਼ਗਿਆ ਦੇ ਪੈਨਲ ਵੱਲੋਂ ਪੋਸਟਰਾਂ ਦਾ ਮੁਲਾਂਕਣ ਕੀਤਾ ਗਿਆ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 1895 ਵਿਚ ਵਿਲਹੇਮ ਕਾਨਰਾਡ ਰੋਂਟਜਨ ਵੱਲੋਂ ਐਕਸ-ਰੇ ਦੀ ਖੋਜ ਨੂੰ ਵੀ ਯਾਦ ਕੀਤਾ ਗਿਆ, ਜਿਸ ਨਾਲ ਮੈਡੀਕਲ ਡਾਇਗਨੋਸਿਸ ਖੇਤਰ ‘ਚ ਕ੍ਰਾਂਤੀ ਆਈ। ਸਮਾਪਨ ਸਮਾਰੋਹ ‘ਚ ਡਾ. ਮਲਕੀਤ ਸਿੰਘ ਨੇ ਮੁੱਖ ਮਹਿਮਾਨ, ਪ੍ਰਬੰਧਕ ਮੰਡਲ, ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਤੇ ਪ੍ਰੋਗਰਾਮ ਦੀ ਸਫਲਤਾ ਲਈ ਸਭ ਨੂੰ ਵਧਾਈ ਦਿੱਤੀ।

Comments
Post a Comment