ਪੰਜਾਬ ਪੂਰੀ ਤਰਾਂ ਜੰਗਲ ਰਾਜ ਵਿੱਚ ਬਦਲਿਆ : ਗਿਆਨੀ ਹਰਪ੍ਰੀਤ ਸਿੰਘ
ਰੋਜ਼ਾਨਾ ਦਿਨ ਦਿਹਾੜੇ ਹੋ ਰਹੇ ਨੇ ਕਤਲ,ਸੂਬੇ ਵਿੱਚ ਗੈਂਗਸਟਰਵਾਦ ਵਧਿਆ
ਸ੍ਰੀ ਅੰਮ੍ਰਿਤਸਰ ਸਾਹਿਬ 19 ਨਵੰਬਰ ( ਪੀ ਡੀ ਐਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਡਾਵਾਂਡੋਲ ਹੋ ਚੁੱਕੀ ਸੂਬੇ ਦੀ ਕਾਨੂੰਨ ਵਿਵਸਥਾ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰੋਜ਼ਾਨਾ ਦਿਨ ਦਿਹਾੜੇ ਕਤਲ ਹੋ ਰਹੇ ਹਨ, ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਪਾਰਟੀ ਦੇ ਸੀਨੀਅਰ ਆਗੂ ਭਾਈ ਜਸਬੀਰ ਸਿੰਘ ਘੁੰਮਣ ਦੇ ਭਤੀਜੇ ਉਪਰ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਓਹਨਾਂ ਪੰਜਾਬ ਡੀਜੀਪੀ ਤੋਂ ਮੰਗ ਕੀਤੀ ਕਿ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਕਤ ਸਮੁੱਚੀ ਲੀਡਰਸ਼ਿਪ ਘੁੰਮਣ ਪਰਿਵਾਰ ਨਾਲ ਖੜੀ ਹੈ। ਓਹਨਾਂ ਕਿਹਾ ਕਿ ਇਹ ਘਟਨਾਵਾਂ ਸਿੱਧਾ ਇਸ਼ਾਰਾ ਕਰਦੀਆਂ ਹਨ, ਕਿ ਅੱਜ ਪੰਜਾਬ ਪੁਲਿਸ ਖੁਦ ਵੀ ਗੈਂਗਸਟਰਵਾਦ ਦੇ ਸਾਏ ਤੋਂ ਖ਼ੌਫ ਖ਼ਾ ਚੁੱਕੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਗੁਰੂਆਂ ਪੀਰਾਂ ਦੀ ਧਰਤੀ ਜੰਗਲ ਰਾਜ ਵਿੱਚ ਬਦਲ ਚੁੱਕੀ ਹੈ। ਸੂਬੇ ਦਾ ਵਪਾਰੀ, ਦੁਕਾਨਦਾਰ, ਡਾਕਟਰ ਸਮੇਤ ਪੰਜਾਬ ਵਿੱਚ ਰਹਿਣ ਵਾਲਾ ਕੋਈ ਬਸ਼ਿੰਦਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਲੇ ਦੌਰ ਤੋਂ ਬਾਅਦ ਗੈਂਗਸਟਰਵਾਦ ਦਾ ਆ ਚੁੱਕਾ ਦੌਰ ਪੰਜਾਬ ਲਈ ਸ਼ੁੱਭ ਸੰਕੇਤ ਨਹੀਂ ਹੈ। ਇਸ ਵਕਤ ਗੈਂਗਸਟਰਵਾਦ ਸਭ ਤੋ ਵੱਡਾ ਮੁੱਦਾ ਹੈ। ਓਹਨਾਂ ਕਿਹਾ ਕਿ ਕੁਝ ਸਿਆਸੀ ਲੋਕਾਂ ਵੱਲੋਂ ਗੈਂਸਸਟਰਵਾਦ ਦੀ ਪੂਰੀ ਗਈ ਪਿੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਲੋਕ ਅੱਜ ਦੇ ਹਾਲਾਤ ਲਈ ਜ਼ਿੰਮੇਵਾਰ ਹਨ। ਸਿਆਸਤਦਾਨਾਂ ਅਤੇ ਗੈਂਗਸਟਰਾਂ ਦੇ ਉਪਜੇ ਨੈਕਸਿਸ ਦੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਪਤਾ ਚੱਲ ਸਕੇ ਕਿ, ਕਿਹੜੇ ਸਿਆਸਤਦਾਨ ਆਪਣੇ ਵਿਦੇਸ਼ੀ ਦੌਰਿਆਂ ਦੌਰਾਨ ਗੈਂਗਸਟਰਾਂ ਨਾਲ ਮੁਲਾਕਾਤ ਕਰਦੇ ਰਹੇ।

Comments
Post a Comment