ਮੋਟੀ ਸੌਦੇਬਾਜ਼ੀ ਵਿੱਚੋਂ ਨਿਕਲਿਆ ਸ਼੍ਰੋਮਣੀ ਕਮੇਟੀ ਪ੍ਰਧਾਨ : ਕਾਹਨੇਕੇ
ਦੋ ਦਸੰਬਰ ਦੇ ਹੁਕਮਨਾਮਾ ਸਾਹਿਬ ਤੋਂ ਭਗੌੜੇ ਦੋ ਪ੍ਰਧਾਨਾਂ ਦੀ ਸਾਜ਼ਿਸ਼ ਬੇਨਕਾਬ
ਸ੍ਰੀ ਅੰਮ੍ਰਿਤਸਰ ਸਾਹਿਬ 3 ਨਵੰਬਰ ( ਪੀ ਡੀ ਐਲ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਜੀਪੀਸੀ ਪ੍ਰਧਾਨਗੀ ਅਹੁਦੇ ਲਈ ਉਮੀਦਵਾਰ ਜਥੇਦਾਰ ਮਿੱਠੂ ਸਿੰਘ ਕਾਹਨੇਕੇ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ 'ਤੇ ਅਪੀਲ ਕੀਤੀ ਹੈ ਕਿ, ਜਿਹੜੇ ਪੰਥਕ ਭਾਵਨਾਵਾਂ ਖਿਲਾਫ ਕਾਰਜ ਪਿਛਲੇ ਕਾਰਜਕਾਲ ਦੌਰਾਨ ਕੀਤੇ, ਅਜਿਹੇ ਕਾਰਜਾਂ ਤੋਂ ਇਸ ਕਾਰਜਕਾਲ ਦੌਰਾਨ ਗੁਰੇਜ਼ ਕਰਨ। ਜਥੇਦਾਰ ਕਾਹਨੇਕੇ ਨੇ ਕਿਹਾ ਕਿ, ਅਸੀਂ ਪੰਥਕ ਭਾਵਨਾ ਦੀ ਪੂਰਨ ਤਰਜ਼ਮਾਨੀ ਕੀਤੀ ਹੈ। 2011 ਤੋਂ ਐਸਜੀਪੀਸੀ ਦੀਆਂ ਆਮ ਚੋਣਾਂ ਨਹੀਂ ਹੋ ਸਕੀਆਂ। ਇਸ ਲਈ ਪੰਥ ਦੀ ਭਾਵਨਾ ਹੈ ਕਿ ਐਸਜੀਪੀਸੀ ਦੀਆਂ ਆਮ ਚੋਣਾਂ ਜਲਦੀ ਕਰਵਾਈਆਂ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਜਿੱਥੇ ਸਿੱਖੀ ਨਾਲ ਜੋੜਿਆ ਜਾ ਸਕੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਨੌਜਵਾਨ ਵਰਗ ਆਪਣਾ ਯੋਗਦਾਨ ਪਾ ਸਕੇ। ਜਥੇਦਾਰ ਕਾਹਨੇਕੇ ਨੇ ਕਿਹਾ ਕਿ ਡੂੰਘੀ ਸਾਜਿਸ਼ ਹੇਠ ਨੌਜਵਾਨ ਪੀੜ੍ਹੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਤੋਂ ਦੂਰ ਰੱਖਣ ਅਤੇ ਸਿੱਖੀ ਦੇ ਪ੍ਰਚਾਰ, ਪ੍ਰਸਾਰ ਤੋਂ ਲਾਂਭੇ ਕਰਨ ਲਈ ਅਜਿਹੀ ਸਾਜਿਸ਼ ਕੀਤੀ ਜਾ ਰਹੀ ਹੈ। ਇਸ ਸਾਜਿਸ਼ ਵਿੱਚ ਕੇਂਦਰ ਸਰਕਾਰ ਅਤੇ ਬਾਦਲ ਧਿਰ ਦੇ ਸਰਗਣੇ ਸੁਖਬੀਰ ਬਾਦਲ ਨਾਲ ਮਿੱਥ ਕੇ ਆਪਣਾ ਰੋਲ ਨਿਭਾਅ ਰਹੇ ਹਨ। ਜਥੇਦਾਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ, ਬਤੌਰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪਿਛਲੇ ਕਾਰਜਕਾਲ ਦੌਰਾਨ ਇਤਿਹਾਸਕ ਪੰਥਕ ਵਿਰੋਧੀ ਕਾਰਜ ਹੋਏ, ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਤੋਂ ਭਗੌੜਾ ਹੋਣ ਤੋਂ ਲੈਕੇ ਫ਼ਸੀਲ 'ਤੇ ਹਾਜ਼ਰ ਸਿੰਘ ਸਾਹਿਬਾਨ ਨੂੰ ਜਲੀਲ ਕਰਕੇ ਹਟਾਉਣਾ, ਸੱਤ ਮੈਂਬਰੀ ਭਰਤੀ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਵਿੱਚ ਧਾਮੀ ਸਾਹਿਬ ਦੀ ਭੂਮਿਕਾ ਸਭ ਤੋਂ ਵੱਧ ਰਹੀ। ਪੰਥਕ ਭਾਵਨਾਵਾਂ ਵਿਰੁੱਧ ਹੋਏ ਕਾਰਜਾਂ ਪਿੱਛੇ ਵੱਡੇ ਨਿੱਜੀ ਸਵਾਰਥੀ ਸਮਝੌਤੇ ਰਹੇ, ਜਿਹੜੇ ਅੱਜ ਸੰਗਤ ਦੀ ਕਚਹਿਰੀ ਵਿੱਚ ਬੇਨਕਾਬ ਹੋਏ ਹਨ। ਇਹ ਪੰਥ ਦੀਆਂ ਦੋ ਨੁਮਾਇੰਦਾ ਜਮਾਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੀ ਆਪਸੀ ਸਮਝੌਤਾਵਾਦੀ ਬਿਰਤੀ ਹੇਠ ਹੋਇਆ। ਇਸ ਸਮਝੌਤੇ ਹੇਠ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕਿਸ਼ਤਾਂ ਵਿੱਚ ਤਾਜਪੋਸ਼ੀ ਅਤੇ ਮਾਨਤਾ ਹੋਈ, ਐਸੇ ਸਮਝੌਤੇ ਹੇਠ ਹੀ ਸੱਤ ਮੈਂਬਰੀ ਭਰਤੀ ਕਮੇਟੀ ਵਿੱਚੋ ਧਾਮੀ ਸਾਹਿਬ ਦਾ ਅਸਤੀਫ਼ਾ ਹੋਇਆ, ਹਾਲੇ ਇਸ ਸਮਝੌਤੇ ਵਿੱਚ ਹੋਰ ਕਿਹੜੇ ਪੰਥ ਵਿਰੋਧੀ ਕਾਰਜ ਸ਼ਾਮਲ ਹਨ, ਪ੍ਰਧਾਨ ਬਣਨ ਤੋਂ ਬਾਅਦ ਧਾਮੀ ਸਾਹਿਬ ਦੇ ਕਾਰਜਕਾਲ ਦੌਰਾਨ ਸਾਫ ਹੁੰਦਾ ਜਾਵੇਗਾ ਪਰ ਸੱਚਾਈ ਇਹ ਹੈ ਕਿ ਇਹ ਪ੍ਰਧਾਨਗੀ ਪਿੱਛੇ ਵੱਡੇ ਪੰਥਕ ਘਾਣ ਲਈ ਜ਼ਰੂਰ ਵੱਡੇ ਸਮਝੌਤੇ ਖੜੇ ਹਨ।

Comments
Post a Comment