ਪੰਜਾਬ ‘ਚ ਲਾਠੀ ਤੰਤਰ ਦਾ ਨੰਗਾ ਨਾਚ — ਮਾਨ ਸਰਕਾਰ ਲੋਕਤੰਤਰ ਦੀ ਲਾਸ਼ ‘ਤੇ ਰਾਜ ਕਰ ਰਹੀ ਹੈ : ਤਰੁਣ ਚੁੱਘ
“ਜਬਰ, ਧਮਕੀਆਂ ਤੇ ਕੁੱਟਮਾਰ… ਕੀ ਇਹੀ ਬਦਲਾਅ ਸੀ? ਪੰਜਾਬੀ ਤਾਨਾਸ਼ਾਹੀ ਨਹੀਂ ਸਹੇਗਾ”
ਚੰਡੀਗੜ੍ਹ 29 ਨਵੰਬਰ ( ਰਣਜੀਤ ਧਾਲੀਵਾਲ ) : ਪੰਜਾਬ ਰੋਡਵੇਜ਼–ਪਨਬੱਸ ਕਾਮਿਆਂ ‘ਤੇ ਹੋਏ ਲਾਠੀਚਾਰਜ ਨੂੰ ਲੈ ਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮਾਨ ਸਰਕਾਰ ਨੂੰ ਬੇਧੜੱਕ ਕਟਿਹਰੇ ਵਿਚ ਖੜ੍ਹਾ ਕਰਦਿਆਂ ਕਿਹਾ ਹੈ ਕਿ ਅੱਜ ਦਾ ਪੰਜਾਬ ਲੋਕਤੰਤਰ ਨਹੀਂ, ਅਣਘੜੇ ਜਬਰ ਦਾ ਮੈਦਾਨ ਬਣ ਚੁੱਕਾ ਹੈ। “ਮਾਨ ਸਰਕਾਰ ਨੇ ਪੁਲਿਸ ਦੇ ਡੰਡੇ ਨੂੰ ਆਪਣਾ ਰਾਜਨੀਤਿਕ ਹਥਿਆਰ ਬਣਾ ਲਿਆ ਹੈ, ਜੋ ਵੀ ਵਿਰੋਧ ਕਰੇ, ਉਸ ਦਾ ਸਵਾਗਤ ਲਾਠੀਆਂ ਨਾਲ ਕੀਤਾ ਜਾਂਦਾ ਹੈ"। ਚੁੱਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਲੋਮੀਟਰ ਸਕੀਮ ਦੇ ਵਿਰੋਧ ‘ਚ ਖੜ੍ਹੇ ਰੋਡਵੇਜ਼ ਕਾਮੇ ਕੋਈ ਗੁੰਡੇ ਨਹੀਂ, ਸਗੋਂ ਰੋਟੀ ਲਈ ਜੂਝ ਰਹੇ ਕਰਮਚਾਰੀ ਹਨ। ਪਰ ਮਾਨ ਸਰਕਾਰ ਨੇ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਵਿੱਚ ਹੁਣ ਗੱਲਬਾਤ ਨਹੀਂ, ਸਿਰਫ਼ ਡੰਡੇ ਦੀ ਭਾਸ਼ਾ ਚੱਲਦੀ ਹੈ। ਇਹ ਵਤੀਰਾ ਇਕ ਤਾਨਾਸ਼ਾਹ ਦਾ ਹੁੰਦਾ ਹੈ, ਚੁਣੇ ਮੁੱਖ ਮੰਤਰੀ ਦਾ ਨਹੀਂ। ਚੁੱਘ ਨੇ ਕਿਹਾ ਕਿ ਮਾਨ ਸਰਕਾਰ ਹਰੇਕ ਮੁਲਾਜ਼ਮ ਜਥੇਬੰਦੀ ਨੂੰ ਇੱਕੋ ਸਿੱਖਿਆ ਦੇ ਰਹੀ ਹੈ “ਹੱਕ ਮੰਗੋਗੇ ਤਾਂ ਲਾਠੀ ਮਿਲੇਗੀ"। ਉਹਨਾਂ ਕਿਹਾ ਕਿ ਫ਼ਿਰ ਚਾਹੇ ਉਹ ਕੰਟਰੈਕਟ ਟੀਚਰਜ਼ ਹੋਣ ਜਾਂ ਆਊਟਸੌਰਸ ਵਰਕਰਜ ਅਤੇ ਨਿਗਮ ਮੁਲਾਜ਼ਮ ਜਾ ਫ਼ਿਰ ਆਂਗਣਵਾੜੀ ਅਤੇ ਆਸ਼ਾ ਵਰਕਰ, ਕਿਸਾਨ ਜਥੇਬੰਦੀਆਂ, ਸਰਕਾਰੀ ਮੁਲਾਜ਼ਮ ਜਥੇਬੰਦੀਆਂ, ਪਾਵਰਕੌਮ/ਪੀ ਐਸ ਪੀ ਸੀ ਐਲ ਕੰਟਰੈਕਟ ਵਰਕਰਜ, ਸੈਨੀਟੇਸ਼ਨ ਵਰਕਰਜ, ਬੇਰੁਜਗਰ ਟੀਚਰ ਅਤੇ ਟੀਈਟੀ ਪਾਸ ਉਮੀਦਵਾਰ, ਲਾਇਨਮੈਨ/ਆਊਟਸੌਰਸ ਬਿਜਲੀ ਮੁਲਾਜ਼ਮ, ਸਿਹਤ ਕਰਮਚਾਰੀ/ਠੇਕਾ ਅਧਾਰਿਤ ਨਰਸਾਂ ਹੀ ਕਿਉਂ ਨਾ ਹੋਣ ਜਿਨ੍ਹਾਂ ਨੇ ਵੀ ਆਪਣੇ ਹੱਕਾ ਦੀ ਗੱਲ ਕਰਨੀ ਚਾਹੀ ਉਨ੍ਹਾਂ ਨੂੰ ਲਾਠੀ ਤੰਤਰ ਰਾਹੀਂ ਚੁੱਪ ਕਰਵਾ ਦਿੱਤਾ ਗਿਆ, ਹੁਣ ਰੋਡਵੇਜ਼ ਕਾਮਿਆਂ ਦੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਚਲਾਉਣ ਦੇ ਵਿਰੋਧ ਨੂੰ ਸਰਕਾਰ ਨੇ ਕੁਚਲਣ ਦੀ ਕੋਸ਼ਿਸ਼ ਕਰਕੇ ਸਾਬਤ ਕਰ ਦਿੱਤਾ ਹੈ ਕਿ ਸੂਬੇ ਵਿਚ ਆਪ ਸਰਕਾਰ ਨੇ ਜਬਰ ਨੀਤੀ ਲਾਗੂ ਕੀਤੀ ਹੋਈ ਹੈ। ਉਨ੍ਹਾਂ ਨੇ ਕਿਹਾ ਜਿਹੜੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਦੁਸ਼ਮਨ ਸਮਝ ਕੇ ਕੁੱਟਦੀ ਹੋਵੇ, ਉਹ ਲੋਕਾਂ ਦੀ ਕੀ ਸੁਰੱਖਿਆ ਕਰੇਗੀ? ਇਹ ਸਰਕਾਰ ਪੰਜਾਬ ਨੂੰ ਡਰ ਅਤੇ ਖਾਮੋਸ਼ੀ ਦੀ ਜੇਲ੍ਹ ਬਣਾਉਣ ‘ਤੇ ਤੱਤਪਰ ਹੈ। ਤਰੁਣ ਚੁੱਘ ਨੇ ਸਾਫ਼ ਕੀਤਾ ਕਿ ਪੰਜਾਬੀ ਲਾਠੀ ਤੰਤਰ ਨੂੰ ਕਦੇ ਕਬੂਲ ਨਹੀਂ ਕਰਨਗੇ। ਲੋਕਤੰਤਰ ਨੂੰ ਲਾਠੀਆਂ ਨਾਲ ਦਫ਼ਨ ਕਰਨ ਦੀ ਹਰ ਕੋਸ਼ਿਸ਼ ਦਾ ਜਵਾਬ ਸੰਘਰਸ਼ ਨਾਲ ਦਿੱਤਾ ਜਾਵੇਗਾ। ਜੇ ਮਾਨ ਸਰਕਾਰ ਨੂੰ ਜਬਰ ਦਾ ਨਸ਼ਾ ਚੜ੍ਹਿਆ ਰਹੇ ਤਾਂ ਭਾਜਪਾ ਸੂਬਾ ਪੱਧਰੀ ਹੱਲਾ ਬੋਲਣ ਤੋਂ ਪਿੱਛੇ ਨਹੀਂ ਹਟੇਗੀ। ਚੁੱਘ ਨੇ ਲਾਠੀਚਾਰਜ ਦੀ ਨਿਆਂਪੂਰਨ ਜਾਂਚ, ਮੁਲਾਜ਼ਮਾਂ ਦੀ ਰਿਹਾਈ ਅਤੇ ਕਿਲੋਮੀਟਰ ਸਕੀਮ ਨੂੰ ਤੁਰੰਤ ਰੱਦ ਕਰਨ ਦੀ ਮੰਗ ਦੁਹਰਾਉਂਦੇ ਕਿਹਾ ਕਿ ਪੰਜਾਬ ਨੂੰ ਜਬਰ ਦੀ ਨਹੀਂ, ਨਿਆਂ ਦੀ ਲੋੜ ਹੈ ਪਰ ਇਹ ਸਰਕਾਰ ਨਿਆਂ ਤੋਂ ਵੱਧ ਖੌਫ਼ ਫੈਲਾਉਣ ਵਿਚ ਯਕੀਨ ਰੱਖਦੀ ਹੈ।

Comments
Post a Comment