ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਵਿਸ਼ਵ ਅੰਗਹੀਣ ਦਿਵਸ 2025 ਮੌਕੇ ਨੁੱਕੜ ਨਾਟਕ ਦਾ ਆਯੋਜਨ ਕੀਤਾ
ਬਠਿੰਡਾ 4 ਦਸੰਬਰ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਲੋਂ ਵਿਸ਼ਵ ਅੰਗਹੀਣ ਦਿਵਸ 2025 ਨੂੰ ਇੱਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਹੁਤ ਉਤਸ਼ਾਹ ਨਾਲ ਮਨਾਇਆ। ਇਹ ਸਮਾਗਮ ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ, ਜਿਨ੍ਹਾਂ ਨੇ ਕੈਂਪਸ ਵਿੱਚ ਸਮਾਨਤਾ ਅਤੇ ਸਮਾਜਿਕ ਨਿਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਪਹਿਲਕਦਮੀਆਂ ਨੂੰ ਉਤਸ਼ਾਹਿਤ ਕੀਤਾ ਹੈ। ਸਿੱਖਿਆ ਵਿਭਾਗ ਦੇ ਪ੍ਰੋ. ਸ਼ੰਕਰ ਲਾਲ ਬੀਕਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ “ਮੇਰੀ ਸਮਰੱਥਾ ਮੇਰੀ ਪਛਾਣ — ਮੇਰੀਆਂ ਯੋਗਤਾਵਾਂ ਲਈ ਮੈਨੂੰ ਜਾਣੋ, ਮੇਰੀਆਂ ਅਪਾਹਜਤਾ ਲਈ ਨਹੀਂ” ਸਿਰਲੇਖ ਵਾਲਾ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ। ਇਸ ਨਾਟਕ ਵਿੱਚ ਅਪਾਹਜ ਵਿਅਕਤੀਆਂ ਨੂੰ ਦਰਪੇਸ਼ ਰੋਜ਼ਾਨਾ ਚੁਣੌਤੀਆਂ ਨੂੰ ਉਭਾਰਿਆ ਗਿਆ ਅਤੇ ਇਹ ਸੰਦੇਸ਼ ਦਿੱਤਾ ਗਿਆ ਕਿ ਹਰ ਵਿਅਕਤੀ ਨੂੰ ਉਸ ਦੀਆਂ ਸ਼ਕਤੀਆਂ, ਅਤੇ ਪ੍ਰਤਿਭਾਵਾਂ ਦੇ ਆਧਾਰ 'ਤੇ ਪਛਾਣਿਆ ਜਾਣਾ ਚਾਹੀਦਾ ਹੈ — ਨਾ ਕਿ ਉਸ ਦੀਆਂ ਸੀਮਾਵਾਂ ਦੇ ਆਧਾਰ 'ਤੇ। ਐਮ.ਏ. ਅਤੇ ਐਮ.ਐੱਡ. ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਇਹ ਭਾਵਪੂਰਨ ਨਾਟਕ ਆਪਣੀ ਸੰਵੇਦਨਸ਼ੀਲਤਾ ਅਤੇ ਸਮਾਜਿਕ ਸੰਦੇਸ਼ ਲਈ ਕਾਬਿਲ-ਏ-ਤਾਰੀਫ਼ ਰਿਹਾ। ਸਮਾਗਮ ਦਾ ਇੱਕ ਵਿਸ਼ੇਸ਼ ਅੰਸ਼ ਡਾ. ਜਸਵਿੰਦਰ ਸਿੰਘ, ਐਸੋਸੀਏਟ ਪ੍ਰੋਫੈਸਰ, ਸਿੱਖਿਆ ਵਿਭਾਗ ਦਾ ਸੰਬੋਧਨ ਰਿਹਾ। ਉਨ੍ਹਾਂ ਨੇ ਸਰੀਰਕ ਚੁਣੌਤੀਆਂ ਦੇ ਬਾਵਜੂਦ ਆਪਣੀ ਪ੍ਰੇਰਨਾਦਾਇਕ ਜੀਵਨ ਯਾਤਰਾ ਅਤੇ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਅਤੇ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਪਰੋਗਰਾਮ ਦਾ ਸਮਾਪਨ ਇੱਕ ਸਮੂਹਿਕ ਸੱਦੇ ਨਾਲ ਕੀਤਾ ਗਿਆ, ਜਿਸ ਵਿੱਚ ਯੂਨੀਵਰਸਿਟੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ ਉਹ ਸਮਾਵੇਸ਼ੀ ਅਤੇ ਪਹੁੰਚਯੋਗ ਵਾਤਾਵਰਣ ਬਣਾਉਣ ਲਈ ਯਤਨ ਜਾਰੀ ਰੱਖਣ, ਤਾਂ ਜੋ ਹਰ ਵਿਅਕਤੀ ਅਪਣੀ ਅਪਾਹਜਤਾ ਦੀ ਪਰਵਾਹ ਕੀਤੇ ਬਿਨਾਂ ਸਮਾਜ ਵਿੱਚ ਅਰਥਪੂਰਨ ਯੋਗਦਾਨ ਪਾ ਸਕੇ।
Comments
Post a Comment