ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਸ਼ੁਰੂ ਕੀਤਾ ‘ਸੀਯੂ ਪੰਜਾਬ ਰੇਡੀਓ 89.6 ਐਫਐਮ
ਸਿੱਖਿਆ, ਸਸ਼ਕਤੀਕਰਨ ਤੇ ਭਾਈਚਾਰਕ ਵਿਕਾਸ ਵੱਲ ਵਧਾਇਆ ਮਹੱਤਵਪੂਰਨ ਕਦਮ
ਬਠਿੰਡਾ 3 ਦਸੰਬਰ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਆਪਣਾ ਕਮਿਊਨਿਟੀ ਰੇਡੀਓ ਸਟੇਸ਼ਨ ‘ਸੀਯੂ ਪੰਜਾਬ ਰੇਡੀਓ 89.6 ਐਫਐਮ’ ਸ਼ੁਰੂ ਕੀਤਾ, ਜੋ ਸਿੱਖਿਆ, ਸਸ਼ਕਤੀਕਰਨ ਅਤੇ ਭਾਈਚਾਰਕ ਵਿਕਾਸ ਲਈ ਇੱਕ ਮਜ਼ਬੂਤ ਨਵਾਂ ਪਲੇਟਫਾਰਮ ਸਥਾਪਤ ਕਰਦੇ ਹੋਏ ਯੂਨੀਵਰਸਿਟੀ ਨੂੰ ਸਿੱਧੇ ਤੌਰ ‘ਤੇ ਲੋਕਾਂ ਨਾਲ ਜੋੜੇਗਾ।ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਮਾਨਯੋਗ ਵਾਈਸ–ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੁਆਰਾ ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਟੀ. ਜੀ. ਸੀਤਾਰਾਮ ਦੀ ਵਿਸ਼ੇਸ਼ ਹਾਜ਼ਰੀ ਵਿੱਚ ਬਠਿੰਡਾ ਜ਼ਿਲ੍ਹੇ ਦੇ ਘੁੱਦਾ ਪਿੰਡ ਵਿੱਚ ਸਥਿਤ ਯੂਨੀਵਰਸਿਟੀ ਕੈਂਪਸ ਵਿੱਚ ਕੀਤਾ ਗਿਆ। ਇਸ ਕਮਿਊਨਿਟੀ ਰੇਡੀਓ ਦਾ ਪ੍ਰਸਾਰਣ ਲਗਭਗ 10 ਕਿਲੋਮੀਟਰ ਦੇ ਘੇਰੇ ਵਿੱਚ ਸੁਣਿਆ ਜਾ ਸਕੇਗਾ ਅਤੇ ਆਲੇ ਦੁਆਲੇ ਦੇ ਪਿੰਡਾਂ ਤੇ ਭਾਈਚਾਰਿਆਂ ਤੱਕ ਅਰਥਪੂਰਨ, ਜਾਣਕਾਰੀਪਰਕ ਅਤੇ ਪ੍ਰੇਰਨਾਦਾਇਕ ਪ੍ਰੋਗਰਾਮਾਂ ਦੀ ਪਹੁੰਚ ਬਣਾਏਗਾ। ਇਸ ਸਟੇਸ਼ਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਚਾਰ ਘੰਟੇ — ਸਵੇਰੇ 9:30 ਤੋਂ 11:30 ਵਜੇ ਤੇ ਸ਼ਾਮ 3:00 ਤੋਂ 5:00 ਵਜੇ — ਪ੍ਰਸਾਰਿਤ ਹੋਵੇਗਾ। ਵਾਈਸ–ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਪਹਿਲਕਦਮੀ ਨੂੰ ਸਮਾਵੇਸ਼ੀ ਸਿੱਖਿਆ ਤੇ ਸਮਾਜਿਕ ਜਾਗਰੂਕਤਾ ਵੱਲ ਇੱਕ ਪਰਿਵਰਤਨਸ਼ੀਲ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਕਮਿਊਨਿਟੀ ਰੇਡੀਓ ਇੱਕ ਅਜਿਹਾ ਮਾਧਿਅਮ ਹੈ ਜੋ ਉਨ੍ਹਾਂ ਤੱਕ ਪਹੁੰਚਦਾ ਹੈ ਜਿੱਥੇ ਹੋਰ ਮੀਡੀਆ ਪਹੁੰਚ ਨਹੀਂ ਪਾਉਂਦੇ, ਅਤੇ ਜਨਤਾ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਰੇਡੀਓ ਨਸ਼ਾ, ਭ੍ਰਿਸ਼ਟਾਚਾਰ ਅਤੇ ਮਾਨਸਿਕ ਸਿਹਤ ਵਰਗੀਆਂ ਸਮਾਜਕ ਚੁਣੌਤੀਆਂ ‘ਤੇ ਜਾਗਰੂਕਤਾ ਵਧਾਉਣ ਦੇ ਨਾਲ–ਨਾਲ ਆਫ਼ਤ ਪ੍ਰਬੰਧਨ ਬਾਰੇ ਸੂਚਨਾਤਮਕ ਤਿਆਰੀ ਅਤੇ ਜਾਗਰੂਕਤਾ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਏਗਾ। ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਟੀ. ਜੀ. ਸੀਤਾਰਾਮ ਨੇ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਇਸ ਮਹੱਤਵਪੂਰਨ ਸੰਚਾਰ ਮੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੀਯੂ ਪੰਜਾਬ ਰੇਡੀਓ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਦੇ ਜੀਵਨ–ਮਾਨਕ ਨੂੰ ਸੁਧਾਰਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਟੇਸ਼ਨ ਸਿਰਫ਼ ਇੱਕ ਪ੍ਰਸਾਰਣ ਮਾਧਿਅਮ ਨਹੀਂ, ਸਗੋਂ ਗਿਆਨ ਅਤੇ ਸਮਾਜ ਵਿਚਕਾਰ ਇੱਕ ਪੁਲ, ਸਮਾਜਿਕ ਜ਼ਿੰਮੇਵਾਰੀ ਦੀ ਆਵਾਜ਼ ਅਤੇ ਭਾਈਚਾਰਕ ਸਸ਼ਕਤੀਕਰਨ ਦਾ ਅਹਿਮ ਮਾਧਿਅਮ ਹੈ, ਜੋ ਸਹੀ ਜਾਣਕਾਰੀ ਨੂੰ ਪ੍ਰੇਰਣਾ ਤੇ ਤਰੱਕੀ ਵਿੱਚ ਬਦਲਣ ਦੀ ਸਮਰਥਾ ਰੱਖਦਾ ਹੈ।ਆਪਣੇ ਉਦਘਾਟਨੀ ਸੰਦੇਸ਼ ਵਿੱਚ ਪ੍ਰੋ. ਤਿਵਾਰੀ ਅਤੇ ਪ੍ਰੋ. ਸੀਤਾਰਾਮ ਨੇ ਭਰੋਸਾ ਜਤਾਇਆ ਕਿ ਸੀਯੂ ਪੰਜਾਬ ਰੇਡੀਓ 89.6 ਐਫਐਮ ਦੀਆਂ ਤਰੰਗਾਂ ਪੂਰੇ ਖੇਤਰ ਵਿੱਚ ਸਿੱਖਿਆ, ਸਸ਼ਕਤੀਕਰਨ, ਜਾਗਰੂਕਤਾ ਅਤੇ ਜਨ–ਭਾਗੀਦਾਰੀ ਨੂੰ ਮਜ਼ਬੂਤ ਢੰਗ ਨਾਲ ਪ੍ਰੋਤਸਾਹਿਤ ਕਰਨਗੀਆਂ। ਪੰਜਾਬੀ ਸੱਭਿਆਚਾਰ ਦੀ ਪ੍ਰੇਰਣਾ ਨਾਲ ਅਤੇ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦੇ ਸਿਧਾਂਤ ‘ਤੇ ਅਧਾਰਿਤ ਸੀਯੂ ਪੰਜਾਬ ਰੇਡੀਓ 89.6 ਐਫਐਮ ਸਿਹਤ, ਖੇਤੀਬਾੜੀ, ਉੱਚ ਸਿੱਖਿਆ, ਹੁਨਰ ਵਿਕਾਸ, ਰੁਜ਼ਗਾਰ, ਮਹਿਲਾ ਸਸ਼ਕਤੀਕਰਨ, ਯੁਵਾ ਨੇਤ੍ਰਤਵ, ਵਾਤਾਵਰਣ, ਸਮਾਜ ਭਲਾਈ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਵਰਗੇ ਵਿਸ਼ਿਆਂ ‘ਤੇ ਪ੍ਰੋਗਰਾਮ ਪ੍ਰਸਾਰਿਤ ਕਰੇਗਾ। ਇਸ ਦੇ ਟਾਕ–ਸ਼ੋਅ ਅਤੇ ਚਰਚਾ ਪ੍ਰੋਗਰਾਮ ਭਾਈਚਾਰੇ ਦੀਆਂ ਬਦਲਦੀਆਂ ਜ਼ਰੂਰਤਾਂ ਅਤੇ ਉਮੀਦਾਂ ਦੇ ਅਨੁਕੂਲ ਨਵੇਂ ਵਿਚਾਰ, ਨਵਾਂ ਉਤਸ਼ਾਹ ਅਤੇ ਨਵੀਂ ਦਿਸ਼ਾ ਦੇਣਗੇ। ਇਸ ਮੌਕੇ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਕਮਿਊਨਿਟੀ ਰੇਡੀਓ ਦੀ ਸ਼ੁਰੂਆਤ ‘ਤੇ ਪੂਰੇ ਯੂਨੀਵਰਸਿਟੀ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਰੇਡੀਓ ਜ਼ਮੀਨੀ ਪੱਧਰ ‘ਤੇ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਵਾਲਾ ਪ੍ਰਭਾਵਸ਼ਾਲੀ ਮਾਧਿਅਮ ਸਾਬਤ ਹੋਵੇਗਾ। ਸੀਯੂ ਪੰਜਾਬ ਰੇਡੀਓ ਦੇ ਡਾਇਰੈਕਟਰ ਡਾ. ਰੂਬਲ ਕਨੋਜੀਆ ਅਤੇ ਨੋਡਲ ਅਧਿਕਾਰੀ ਸ਼੍ਰੀ ਰੌਬਿਨ ਜਿੰਦਲ ਨੇ ਦੱਸਿਆ ਕਿ ਇਹ ਕਮਿਊਨਿਟੀ ਰੇਡੀਓ ਲੋਕਾਂ ਨੂੰ ਆਪਣੀ ਪ੍ਰਤਿਭਾ ਪੇਸ਼ ਕਰਨ, ਆਪਣੀ ਆਵਾਜ਼ ਬੁਲੰਦ ਕਰਨ ਅਤੇ ਸਮਕਾਲੀ ਸਮਾਜਿਕ ਮੁੱਦਿਆਂ ‘ਤੇ ਚਰਚਾ ਕਰਨ ਲਈ ਖੁੱਲ੍ਹਾ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਰੇਡੀਓ ਵਿਦਿਅਕ ਸਮੱਗਰੀ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਲੋਕ ਕਲਾ, ਲੋਕ–ਸੰਗੀਤ, ਪ੍ਰੇਰਣਾਦਾਇਕ ਕਹਾਣੀਆਂ ਅਤੇ ਭਾਈਚਾਰਕ ਸਫਲਤਾਵਾਂ ਨੂੰ ਵੀ ਉਜਾਗਰ ਕਰਨ ‘ਤੇ ਕੇਂਦਰਿਤ ਰਹੇਗਾ।

Comments
Post a Comment