ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਕੀਤਾ ਕਸੌਲੀ ਵਾਟਰ ਵਰਕਸ ਦਾ ਅਚਾਨਕ ਦੌਰਾ
ਚੰਡੀਗੜ੍ਹ 7 ਦਸੰਬਰ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਅੱਜ ਕਸੌਲੀ ਵਾਟਰ ਵਰਕਸ ਦਾ ਅਚਾਨਕ ਦੌਰਾ ਕੀਤਾ। ਉਨ੍ਹਾਂ ਨੇ ਫੇਜ਼-3 ਅਤੇ ਫੇਜ਼-4 ਵਿੱਚ ਜਾ ਕੇ ਸਾਰੀ ਮਸ਼ੀਨਰੀ, ਪੰਪਿੰਗ ਸਿਸਟਮ ਅਤੇ ਓਪਰੇਸ਼ਨਲ ਪ੍ਰਬੰਧਾਂ ਦਾ ਵਿਸਥਾਰ ਨਾਲ ਨਿਰੀਖਣ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਪਰੀਸਰ ਦੇ ਬਾਹਰ ਨਿਗਮ ਦਾ ਕਾਫ਼ੀ ਸਕ੍ਰੈਪ ਪਿਆ ਹੈ, ਜਿਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਮੁਲਾਜ਼ਮਾਂ ਨੇ ਦੱਸਿਆ ਕਿ ਫੇਜ਼-1 ਅਤੇ ਫੇਜ਼-2 ਦੀ ਦੇਖਭਾਲ ਪੰਜਾਬ ਦੇ ਕਰਮਚਾਰੀ ਕਰਦੇ ਹਨ, ਜਦਕਿ ਫੇਜ਼-3 ਅਤੇ ਫੇਜ਼-4 ਚੰਡੀਗੜ੍ਹ ਨਗਰ ਨਿਗਮ ਦੇ ਕਰਮਚਾਰੀ ਚਲਾਉਂਦੇ ਹਨ। ਫੇਜ਼-3 ਅਤੇ ਫੇਜ਼-4 ਤੋਂ ਪਾਣੀ ਸਿੱਧਾ ਸੈਕਟਰ-39 ਵਾਟਰ ਵਰਕਸ ਨੂੰ ਸਪਲਾਈ ਕੀਤਾ ਜਾਂਦਾ ਹੈ। ਮੁਲਾਜ਼ਮਾਂ ਨੇ ਇਹ ਵੀ ਦੱਸਿਆ ਕਿ ਇਹ ਚਾਰੋ ਫੇਜ਼ 1983 ਤੋਂ 2004 ਦੇ ਵਿਚਕਾਰ ਲਗਾਏ ਗਏ ਸਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇੱਥੇ ਲੱਗੀ ਮਸ਼ੀਨਰੀ 24 ਘੰਟੇ ਲਗਾਤਾਰ ਚਲਦੀ ਹੈ ਅਤੇ ਸਿਰਫ ਬਿਜਲੀ ਜਾਣ 'ਤੇ ਹੀ ਬੰਦ ਹੁੰਦੀ ਹੈ। ਕਿਉਂਕਿ ਇੱਥੇ ਐਚ.ਟੀ. ਲਾਈਨ ਬਿਛੀ ਹੋਈ ਹੈ, ਇਸ ਲਈ ਬਿਜਲੀ ਬਹੁਤ ਘੱਟ ਜਾਂਦੀ ਹੈ।
ਨਿਰੀਖਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਬੰਟੀ ਨੇ ਕਿਹਾ ਕਿ ਭਾਵੇਂ ਮਸ਼ੀਨਾਂ ਇਸ ਵੇਲੇ ਠੀਕ ਚਲ ਰਹੀਆਂ ਹਨ, ਪਰ ਇਹ ਕਾਫ਼ੀ ਪੁਰਾਣੀਆਂ ਹੋ ਚੁੱਕੀਆਂ ਹਨ, ਇਸ ਲਈ ਇਨ੍ਹਾਂ ਦੀ ਸਮੇਂ-ਸਮੇਂ 'ਤੇ ਠੀਕ ਮੁਰੰਮਤ ਹੋਣੀ ਜਰੂਰੀ ਹੈ। ਉਨ੍ਹਾਂ ਨੇ 66 ਕੇਵੀ ਅਤੇ 11 ਕੇਵੀ ਦੇ ਟਰਾਂਸਫਾਰਮਰ, ਐਚ.ਟੀ.-ਐਲ.ਟੀ. ਪੈਨਲ ਅਤੇ ਫੇਜ਼-3 ਅਤੇ ਫੇਜ਼-4 ਦੀ ਪੁਰਾਣੀ ਪਾਈਪਲਾਈਨ ਨੂੰ ਜਲਦੀ ਬਦਲਣ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ, ਤਾਂ ਜੋ ਸ਼ਹਿਰ ਨੂੰ ਸਾਫ਼ ਅਤੇ ਲਗਾਤਾਰ ਪਾਣੀ ਦੀ ਸਪਲਾਈ ਮੁਹੱਈਆ ਰਹੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਵਿੱਚ ਜੇਕਰ ਬਿਜਲੀ ਚਲੀ ਜਾਏ, ਤਾਂ ਪਾਣੀ ਦੀ ਕਿਲਤ ਨਾ ਪੈਵੇ। ਇਸ ਲਈ ਇੱਥੇ ਮਜ਼ਬੂਤ ਜਨਰੇਟਰ ਬੈਕਅੱਪ ਦੀ ਵਿਵਸਥਾ ਕਰਨਾ ਬਹੁਤ ਜ਼ਰੂਰੀ ਹੈ।

Comments
Post a Comment