ਗੱਠਜੋੜ ਨੂੰ ਲੈਕੇ ਬੇਲੋੜੇ ਬਿਆਨ ਭਾਜਪਾ ਲਈ ਨੁਕਸਾਨਦੇਹ, ਵਰਕਰਾਂ ਦਾ ਮਨੋਬਲ ਤੋੜ ਰਹੇ ਹਨ : ਹਰਦੇਵ ਸਿੰਘ ਉੱਭਾ
ਚੰਡੀਗੜ੍ਹ 2 ਦਸੰਬਰ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਨੂੰ ਲੈਕੇ ਕੁਝ ਲੀਡਰਾਂ ਵੱਲੋਂ ਚੋਣਾਂ ਦੇ ਸਮੇਂ ਬਾਰ–ਬਾਰ ਦਿੱਤੇ ਜਾ ਰਹੇ ਬਿਆਨ ਭਾਜਪਾ ਲਈ ਘਾਤਕ ਸਾਬਤ ਹੋ ਸਕਦੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਸੁਖਬੀਰ ਬਾਦਲ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਭਾਜਪਾ ਨਾਲ ਗੱਠਜੋੜ ਜਰੂਰੀ ਹੈ, ਇਸ ਲਈ ਇਸ ਵਿਸ਼ੇ ’ਤੇ ਬੇਲੋੜਾ ਸ਼ੋਰ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਹੈ। ਉੱਭਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਜਿਹੜੇ ਲੀਡਰ ਪਹਿਲਾਂ ਅਕਾਲੀ ਦਲ ਨੂੰ ਚਿੱਟੇ, ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਗੈਂਗਸਟਰਾਂ ਦੇ ਸੌਦਾਗਰ ਅਤੇ ਭ੍ਰਿਸ਼ਟਾਚਾਰ ਦੇ ਨਾਂ ’ਤੇ ਕੋਸਦੇ ਰਹੇ, ਅੱਜ ਉਹੀ ਲੀਡਰ ਅਕਾਲੀ ਦਲ–ਬਾਦਲ ਦੀ ਵਕਾਲਤ ਕਿਉਂ ਕਰ ਰਹੇ ਹਨ? ਕੀ ਭਾਜਪਾ ਵਿੱਚ ਇਹ ਲੀਡਰ ਸਿਰਫ ਸੱਤਾ ਦੀ ਲਾਲਸਾ ਲਈ ਸ਼ਾਮਲ ਹੋਏ ਸਨ? ਕੀ ਇਹਨਾਂ ਲਈ ਪੰਜਾਬ ਦੇ ਲੋਕਾਂ ਦੀ ਭਲਾਈ ਨਾਲੋਂ ਨਿੱਜੀ ਸਿਆਸੀ ਹਿੱਤ ਵੱਧ ਮਹੱਤਵਪੂਰਨ ਹਨ? ਉੱਭਾ ਨੇ ਕਿਹਾ ਕਿ ਪਾਰਟੀ ਵਿੱਚ ਬਾਹਰੋਂ ਆਏ ਕੁਝ ਲੀਡਰ ਆਪਣੇ ਆਪ ਨੂੰ ਪਾਰਟੀ ਤੋਂ ਵੱਡਾ ਸਮਝਣ ਲੱਗੇ ਹਨ ਅਤੇ ਗਰਾਊਂਡ ਤੇ ਕੰਮ ਕਰਨ ਦੀ ਬਜਾਏ ਘਰ ਬੈਠ ਕੇ ਮੀਡੀਆ ਵਿੱਚ ਪੁਠੇ-ਸਿੱਧੇ ਬਿਆਨ ਦੇ ਕੇ ਭਾਜਪਾ ਦਾ ਨੁਕਸਾਨ ਕਰ ਰਹੇ ਹਨ। “ਇਹ ਹਾਲਾਤ ਭਾਜਪਾ ਲਈ ਚਿੰਤਾ ਦਾ ਵਿਸ਼ਾ ਹਨ।” ਉੱਭਾ ਨੇ ਕਿਹਾ ਕਿ ਉਹ ਪਿਛਲੇ 28 ਸਾਲਾਂ ਤੋਂ ਭਾਜਪਾ ਵਿੱਚ ਨਿਸ਼ਠਾ ਨਾਲ ਕੰਮ ਕਰ ਰਹੇ ਹਨ, ਪਰ ਅਜਿਹੇ ਹਾਲਾਤ ਕਦੇ ਨਹੀਂ ਵੇਖੇ ਕਿ ਜਿੱਥੇ ਕੁਝ ਲੋਕਾਂ ਲਈ ਪਾਰਟੀ ਨਾਲੋਂ ਨਿੱਜੀ ਹਿੱਤ ਵੱਧ ਮੁੱਖ ਬਣ ਗਏ ਹਨ। ਉਹਨਾਂ ਸਵਾਲ ਕੀਤਾ— “ਉਹ ਦੱਸਣ ਕਿ ਤੁਹਾਡੇ ਆਉਣ ਨਾਲ ਭਾਜਪਾ ਨੂੰ ਕਿਹੜਾ ਫਾਇਦਾ ਹੋਇਆ? ਤੁਸੀ ਕਿੱਥੇ ਜਿੱਤ ਦਵਾਈ?” ਤੁਸੀ ਭਾਜਪਾ ਲਈ ਕੀ ਖਾਸ ਕੰਮ ਕੀਤਾ? ਉੱਭਾ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਹੈ ਕਿ ਚੋਣਾਂ ਦੇ ਸਮੇਂ ਅਕਾਲੀ ਦਲ ਨਾਲ ਗੱਠਜੋੜ ਬਾਰੇ ਬਿਨਾ ਕਾਰਨ ਬਿਆਨਬਾਜ਼ੀ ਦੇਣ ਵਾਲੇ ਲੀਡਰਾਂ ਨੂੰ ਰੋਕਿਆ ਜਾਵੇ। ਉਹਨਾਂ ਕਿਹਾ ਕਿ ਸਮਾਂ ਗੱਠਜੋੜ ਦੀ ਬਹਿਸ ਕਰਨ ਦਾ ਨਹੀਂ, ਪੰਜਾਬ ਦੇ ਲੋਕਾਂ ਦੇ ਵਿਚ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਕਮੇਟੀ ਚੋਣਾਂ ਵਿੱਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਸਾਰੇ ਲੀਡਰ ਤੇ ਵਰਕਰ ਇਕੱਠੇ ਹੋ ਕੇ ਮਿਹਨਤ ਕਰਨ। ਉਹਨਾ ਆਸ ਪ੍ਰਗਟਾਈ ਕਿ 2027 ਦੀਆ ਚੋਣਾ ਪੰਜਾਬ ਭਾਜਪਾ ਆਪਣੇ ਬਲਬੂਤੇ ਤੇ ਲੜੇਗੀ ਤੇ ਜਿੱਤ ਪ੍ਰਾਪਤ ਕਰੇਗੀ।

Comments
Post a Comment