ਸਿਰਸਾ ਵਿੱਚ ਨਸ਼ਿਆਂ ਦੇ ਖਾਤਮੇ, ਵਾਤਾਵਰਣ ਸੁਰੱਖਿਆ ਅਤੇ ਸਮਾਜ ਵਿੱਚ ਮੀਡੀਆ ਦੀ ਭੂਮਿਕਾ ‘ਤੇ ‘ਵਾਰਤਾ’ ਦਾ ਆਯੋਜਨ
ਸਕਾਰਾਤਮਕ ਰਿਪੋਰਟਿੰਗ ਅਤੇ ਸਮੂਹਿਕ ਯਤਨਾਂ ਨਾਲ ਸਮਾਜ ਵਿੱਚ ਬਦਲਾਅ ਸੰਭਵ : ਡਿਪਟੀ ਕਮਿਸ਼ਨਰ
ਮੀਡੀਆ ਸੰਵੇਦਨਸ਼ੀਲਤਾ ਅਪਣਾਉਂਦੇ ਹੋਏ ਤੱਥਾਂ ‘ਤੇ ਅਧਾਰਿਤ ਰਿਪੋਰਟਿੰਗ ਨੂੰ ਤਰਜੀਹ : ਦੀਪਕ ਸਹਾਰਣ, ਐੱਸਪੀ
ਹਨ੍ਹੇਰੇ ਵਿੱਚ ਵਧਦਾ ਹੈ ਨਸ਼ਾ, ਪੱਤਰਕਾਰੀ ਦੀ ਰੌਸ਼ਨੀ ਨਸ਼ੇ ਦੀ ਲਤ ਘੱਟ ਕਰਨ ਵਿੱਚ ਮਦਦਗਾਰ : ਨਿਕਿਤਾ ਖੱਟਰ, ਐੱਸਪੀ
- ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ, ਸਿਰਸਾ ਦੇ ਐੱਸਪੀ ਦੀਪਕ ਸਹਾਰਣ, ਅਤੇ ਐੱਸਪੀ ਡੱਬਵਾਲੀ ਨਿਕਿਤਾ ਖੱਟਰ ਨੇ ਮੀਡੀਆ ਨਾਲ ਕੀਤਾ ਸੰਵਾਦ
- ਮੀਡੀਆ ਵਰਕਸ਼ਾਪ ਵਿੱਚ ਮਾਹਿਰਾਂ ਵਲੋਂ ਵਾਤਾਵਰਣ ਸੁਰੱਖਿਆ ਅਤੇ ਨਸ਼ਿਆਂ ਦੇ ਖਾਤਮੇ ਵਿੱਚ ਮੀਡੀਆ ਦੀ ਭੂਮਿਕਾ ਤੇ ਵਿਚਾਰ ਵਟਾਂਦਰਾ
ਸਿਰਸਾ 4 ਦਸੰਬਰ ( ਪੀ ਡੀ ਐਲ ) : ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ, ਚੰਡੀਗੜ੍ਹ ਵੱਲੋਂ ਹਰਿਆਣਾ ਦੇ ਸਿਰਸਾ ਵਿਖੇ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਮੀਡੀਆ ਵਰਕਸ਼ਾਪ ‘ਵਾਰਤਾ’ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿੱਚ ਨਸ਼ਿਆਂ ਦਾ ਖਾਤਮਾ, ਵਾਤਾਵਰਣ ਸੁਰੱਖਿਆ ਅਤੇ ਸਮਾਜ ਵਿੱਚ ਮੀਡੀਆ ਦੀ ਭੂਮਿਕਾ ਆਦਿ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ। ਇਸ ਦਾ ਉਦੇਸ਼ ਵੱਖ-ਵੱਖ ਵਿਸ਼ਿਆਂ ‘ਤੇ ਸਰਕਾਰ ਅਤੇ ਚੌਥੇ ਥੰਮ੍ਹ ਦੇ ਦਰਮਿਆਨ ਸਾਰਥਕ ਸੰਵਾਦ ਅਤੇ ਵਿਚਾਰਾਂ ਦੇ ਉਪਯੋਗੀ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ ਸੀ। ਮੀਡੀਆ ਵਰਕਸ਼ਾਪ ਵਿੱਚ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ, ਐੱਸਪੀ ਦੀਪਕ ਸਹਾਰਣ, ਐੱਸਪੀ ਡੱਬਵਾਲੀ ਨਿਕਿਤਾ ਖੱਟਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਰਹੇ। ਵਰਕਸ਼ਾਪ ਵਿੱਚ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਕਿਹਾ ਕਿ ਮੀਡੀਆ ਦੀ ਸਕਾਰਾਤਮਕ ਭੂਮਿਕਾ ਅਤੇ ਕਿਸਾਨਾਂ ਤੇ ਉਦਯੋਗਿਕ ਸੰਸਥਾਨਾਂ ਦੇ ਯੋਗਦਾਨ ਨਾਲ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਪਿਛਲੇ ਵਰ੍ਹੇ ਦੇ ਮੁਕਾਬਲੇ ਕਾਫੀ ਕਮੀ ਆਈ ਹੈ। ਵਿਭਾਗ ਅਤੇ ਕਿਸਾਨਾਂ ਦੇ ਦਰਮਿਆਨ ਬਿਹਤਰ ਤਾਲਮੇਲ ਸਥਾਪਿਤ ਹੋਇਆ ਹੈ। ਪ੍ਰਸ਼ਾਸਨ ਦੁਆਰਾ ਵੱਖ-ਵੱਖ ਮੁਹਿੰਮਾਂ ਚਲਾ ਕੇ ਵਾਤਾਵਰਣ ਨਾਲ ਸਬੰਧਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਾਰਿਆਂ ਦੇ ਸਾਂਝੇ ਯਤਨਾਂ ਨਾਲ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ ਅਤੇ ਫਸਲਾਂ ਦੇ ਰਹਿੰਦ-ਖੂੰਹਦ ਪ੍ਰਬੰਧਨ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੁਆਰਾ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਪ੍ਰਤੀ ਜਨਤਾ ਵਿੱਚ ਜਾਗਰੂਕਤਾ ਲਿਆਉਣ ਵਿੱਚ ਮੀਡੀਆ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਨਸ਼ਾ ਸਾਰਿਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ, ਇਸਦੇ ਸਮਾਧਾਨ ਲਈ ਪ੍ਰਸ਼ਾਸਨ ਦੇ ਨਾਲ-ਨਾਲ ਲੋਕਾਂ ਨੂੰ ਵੀ ਆਪਣਾ ਸਹਿਯੋਗ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਦਸਿਆ ਕਿ ਇਸ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਦਵਾਈਆਂ ਦੀਆਂ ਦੁਕਾਨਾਂ ‘ਤੇ ਸਮੇਂ-ਸਮੇਂ ‘ਤੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਸਿਰਸਾ ਦੇ ਐੱਸਪੀ ਦੀਪਕ ਸਹਾਰਣ ਨੇ ਕਿਹਾ ਕਿ ਮੀਡੀਆ ਦੁਆਰਾ ਸੰਵੇਦਨਸ਼ੀਲਤਾ ਅਪਣਾਉਂਦੇ ਹੋਏ ਸਹੀ ਤੱਥਾਂ ‘ਤੇ ਅਧਾਰਿਤ ਖਬਰਾਂ ਨੂੰ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਮੀਡੀਆ ਸਕਾਰਾਤਮਕ ਖਬਰਾਂ ਨੂੰ ਵੀ ਤਰਜੀਹ ‘ਤੇ ਅਧਾਰ ਦੇ ਪੇਸ਼ ਕਰੇ। ਜੇਕਰ ਲੋਕਾਂ ਵਿੱਚ ਇਹ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਈ ਜਾਵੇ ਕਿ ਨਸ਼ੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਜਿਸ ਨਾਲ ਨਸ਼ੇ ਵਿੱਚ ਫਸੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਆਉਣ ਵਿੱਚ ਸਹਾਇਤਾ ਮਿਲੇਗੀ। ਨਸ਼ਾ ਪੀੜਤਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਜਾਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਦੀ ਦੇ ਮੌਸਮ ਵਿੱਚ ਧੁੰਦ ਦੌਰਾਨ ਆਪਣੇ ਟ੍ਰੈਕਟਰ-ਟਰਾਲੀ ‘ਤੇ ਰਿਫਲੈਕਟਰ ਲਾਜਮੀ ਲਗਵਾਉਣ, ਜਿਸ ਨਾਲ ਸੜਕ ਹਾਦਸਿਆਂ ਤੋਂ ਬਚਣ ਵਿੱਚ ਸਹਾਇਤਾ ਮਿਲਦੀ ਹੈ। ਡੱਬਵਾਲੀ ਦੀ ਐੱਸਪੀ ਨਿਕਿਤਾ ਖੱਟਰ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਨਸ਼ਾ ਸਿਰਫ਼ ਇੱਕ ਅਪਰਾਧ ਨਹੀਂ ਹੈ, ਸਗੋਂ ਇਹ ਇੱਕ ਡੂੰਘੀ ਸਮਾਜਿਕ ਸਾਜ਼ਿਸ਼ ਹੈ ਜੋ ਪਰਿਵਾਰਾਂ ਨੂੰ ਤੋੜਦੀ ਹੈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰ ਦਿੰਦੀ ਹੈ। ਤਸਕਰੀ ਦਾ ਨੈੱਟਵਰਕ ਬੇਹਦ ਸੰਗਠਿਤ ਹੈ ਅਤੇ ਸਮੇਂ-ਸਮੇਂ ‘ਤੇ ਆਪਣੀਆਂ ਰਣਨੀਤੀਆਂ ਬਦਲਦਾ ਰਹਿੰਦਾ ਹੈ, ਇਸ ਲਈ ਸਿਰਫ਼ ਪ੍ਰਸ਼ਾਸਨ ਦੇ ਯਤਨ ਨਾਲ ਨਹੀਂ ਸਗੋਂ ਸਮਾਜ ਦੇ ਹਰ ਹਿੱਸੇ ਨੂੰ ਜਾਗਰੂਕ ਹੋ ਕੇ ਸਹਿਯੋਗ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਭੂਮਿਕਾ ਸਿਰਫ ਘਟਨਾਵਾਂ ਦੀ ਰਿਪੋਰਟਿੰਗ ਤੱਕ ਸੀਮਤ ਨਹੀਂ ਹੋਣੀ ਚਾਹੀਦੀ ਹੈ ਸਗੋਂ ਪੱਤਰਕਾਰ ਸਮਾਜ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਵਿੱਚ ਅਹਿਮ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਨਸ਼ਾ ਅਕਸਰ ਹਨੇਗੇ ਵਿੱਚ ਵਧਦਾ ਹੈ ਅਤੇ ਪੱਤਰਕਾਰੀ ਦੀ ਰੌਸ਼ਨੀ ਉਸ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ ਲਈ, ਖ਼ਬਰਾਂ ਪੇਸ਼ ਕਰਦੇ ਸਮੇਂ ਸਨਸਨੀਖੇਜ਼ਤਾ ਤੋਂ ਬਚਣਾ ਚਾਹੀਦਾ ਹੈ ਅਤੇ ਤੱਥਾਂ, ਸੰਵੇਦਨਸ਼ੀਲ ਅਤੇ ਜਵਾਬਦੇਹ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਨਸ਼ਾ ਮਨੋਰੰਜਨ ਜਾਂ ਮਾਮੂਲੀ ਵਿਸ਼ੇ ਨਾ ਬਣ ਕੇ ਉਸ ਨੂੰ ਅਪਰਾਧ ਅਤੇ ਸਮਾਜਿਕ ਸਮੱਸਿਆਵਾਂ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ, ਪੀਆਈਬੀ ਚੰਡੀਗੜ੍ਹ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਅਹਿਮਦ ਖਾਨ ਨੇ ਵਾਰਤਾ ਦੇ ਉਦੇਸ਼ਾਂ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਵਾਰਤਾ ਜਨਤਕ ਭਲਾਈ ਯੋਜਨਾਵਾਂ ਨੂੰ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਸਾਰਥਕ ਯਤਨ ਹੈ। ਉਨ੍ਹਾਂ ਨੇ ਵਰਕਸ਼ਾਪ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵੱਖ-ਵੱਖ ਵਿਭਾਗਾਂ ਅਤੇ ਇਕਾਈਆਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਖਾਨ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਪ੍ਰਸ਼ਾਸਨ ਅਤੇ ਮੀਡੀਆ ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਸੀਡੀਐੱਲ ਯੂਨੀਵਰਸਿਟੀ ਸਿਰਸਾ ਦੇ ਵਾਤਾਵਰਨ ਵਿਭਾਗ ਦੇ ਡਾ. ਐੱਮ. ਕਾਸ਼ਿਫ ਕਿਦਵਈ ਨੇ ਵਾਤਾਵਰਣ ਸੰਭਾਲ ਅਤੇ ਪਰਾਲੀ ਪ੍ਰਬੰਧਨ ਦੇ ਖੇਤਰ ਵਿੱਚ ਕੀਤੇ ਜਾ ਰਹੇ ਯਤਨਾਂ, ਮੌਜੂਦਾ ਸਥਿਤੀ ਅਤੇ ਭਵਿੱਖ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਨੂੰ ਅਪਣਾ ਕੇ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਵਿੱਚ ਵੀ ਹਿੱਸੇਦਾਰ ਬਣ ਸਕਦੇ ਹਨ। ਇਸੇ ਤਰ੍ਹਾਂ ਸੀਡੀਐੱਲ ਯੂਨੀਵਰਸਿਟੀ ਦੇ ਜਨ ਸੰਚਾਰ ਵਿਭਾਗ ਤੋਂ ਡਾ. ਅਮਿਤ ਸਾਂਗਵਾਨ ਨੇ ਡਰੱਗ ਡੀ-ਐਡੀਕਸ਼ਨ ਵਿੱਚ ਮੀਡੀਆ ਦੀ ਭੂਮਿਕਾ 'ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਮੌਜੂਦ ਮੀਡੀਆ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਜੋ ਲੋਕ ਨਸ਼ੇ ਦੀ ਲਤ ਤੋਂ ਬਾਹਕ ਨਿਕਲ ਚੁੱਕੇ ਹਨ, ਉਹ ਨਸ਼ਾ ਪੀੜ੍ਹਤਾਂ ਲਈ ਇੱਕ ਉਦਾਹਰਣ ਹਨ। ਜੇਕਰ ਉਨ੍ਹਾਂ ਦੀਆਂ ਸਕਾਰਾਤਮਕ ਖ਼ਬਰਾਂ ਸਮਾਜ ਵਿੱਚ ਆਵੇ ਤਾਂ ਨਸ਼ਾ ਪੀੜ੍ਹਤ ਵੀ ਇਲਾਜ ਲਈ ਪ੍ਰੇਰਿਤ ਹੋਣਗੇ। ਇਸ ਮੌਕੇ 'ਤੇ ਵੱਖ-ਵੱਖ ਮੀਡੀਆ ਸੰਗਠਨਾਂ ਤੋਂ ਆਏ ਮੀਡੀਆ ਕਰਮਚਾਰੀਆਂ ਨੇ ਵਾਰਤਾ ਜਿਹੀਆਂ ਵਰਕਸ਼ਾਪਾਂ ਨੂੰ ਭਵਿੱਖ ਵਿੱਚ ਵੀ ਆਯੋਜਿਤ ਕਰਨ ਦੀ ਤਾਕੀਦ ਕੀਤੀ ਅਤੇ ਇਸ ਨੂੰ ਮੀਡੀਆ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵਿਚਕਾਰ ਤਾਲਮੇਲ ਸਥਾਪਿਤ ਕਰਨ ਲਈ ਇੱਕ ਮਹੱਤਵਪੂਰਨ ਕੜੀ ਦੱਸਿਆ।

Comments
Post a Comment