ਖਹਿਰਾ ਨੇ ਭਗਵੰਤ ਮਾਨ ਸਰਕਾਰ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਬੇਸ਼ਰਮੀ ਨਾਲ ਕੀਤੀ ਹਾਈਜੈਕਿੰਗ ਦੀ ਨਿੰਦਾ ਕੀਤੀ
ਖਹਿਰਾ ਨੇ ਭਗਵੰਤ ਮਾਨ ਸਰਕਾਰ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਬੇਸ਼ਰਮੀ ਨਾਲ ਕੀਤੀ ਹਾਈਜੈਕਿੰਗ ਦੀ ਨਿੰਦਾ ਕੀਤੀ
ਇਸਨੂੰ ਲੋਕਤੰਤਰ ‘ਤੇ ਸਿੱਧਾ ਹਮਲਾ ਕਰਾਰ ਦਿੱਤਾ
ਚੰਡੀਗੜ੍ਹ 18 ਦਸੰਬਰ ( ਰਣਜੀਤ ਧਾਲੀਵਾਲ ) : ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਵਿੱਚ ਹਾਲ ਹੀ ਵਿੱਚ ਸੰਪੰਨ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਬੇਸ਼ਰਮੀ ਅਤੇ ਧੱਕੇਸ਼ਾਹੀ ਨਾਲ ਕੀਤੀ ਗਈ ਹਾਈਜੈਕਿੰਗ ਦੀ ਤਿੱਖੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਸਰਪ੍ਰਸਤੀ ਹੇਠ ਪੁਲਿਸ ਤੰਤਰ, ਸਿਵਲ ਪ੍ਰਸ਼ਾਸਨ ਅਤੇ ਚੋਣ ਮਸ਼ੀਨਰੀ ਦੇ ਸ਼ਰੇਆਮ ਦੁਰਉਪਯੋਗ ਰਾਹੀਂ ਕੀਤਾ ਗਿਆ।
ਖਹਿਰਾ ਨੇ ਕਿਹਾ ਕਿ ਇਹ ਕਥਿਤ ਚੋਣਾਂ ਹਕੀਕਤ ਵਿੱਚ ਸੋਚ-ਸਮਝ ਕੇ ਰਚਿਆ ਗਿਆ ਧੋਖਾਧੜੀ ਭਰਿਆ ਨਾਟਕ ਸਨ, ਜਿਸਦੀ ਸ਼ੁਰੂਆਤ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਵੱਡੇ ਪੱਧਰ ‘ਤੇ ਰੱਦਗੀ ਨਾਲ ਹੋਈ। ਰਿਟਰਨਿੰਗ ਅਫ਼ਸਰਾਂ ‘ਤੇ ਖੁੱਲ੍ਹਾ ਦਬਾਅ ਪਾਇਆ ਗਿਆ, ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਸੱਤਾ ਧਾਰੀ ਪਾਰਟੀ ਦੇ ਸਿਆਸੀ ਏਜੰਟਾਂ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ, ਜਿਸ ਨਾਲ ਵੋਟਾ ਤੋਂ ਪਹਿਲਾਂ ਹੀ ਬਰਾਬਰੀ ਦਾ ਮੈਦਾਨ ਖਤਮ ਕਰ ਦਿੱਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਵੋਟਰ ਸੂਚੀਆਂ ਵਿੱਚੋਂ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਦੇ ਨਾਮ ਵੱਡੇ ਪੱਧਰ ਕਟੇ ਗਏ, ਤਾਂ ਜੋ ਉਨ੍ਹਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਰੋਕਿਆ ਜਾ ਸਕੇ। ਖਹਿਰਾ ਨੇ ਕਿਹਾ, “ਹਜ਼ਾਰਾਂ ਅਸਲੀ ਵੋਟਰਾਂ ਦੇ ਨਾਮ ਬਿਨਾਂ ਕਿਸੇ ਨੋਟਿਸ, ਵਜ੍ਹਾ ਜਾਂ ਕਾਨੂੰਨੀ ਪ੍ਰਕਿਰਿਆ ਦੇ ਜਾਨਬੁੱਝ ਕੇ ਕੱਟੇ ਗਏ, ਜੋ ਕਿ ਸ਼ਰੇਆਮ ਧੱਕਾ ਹੈ।” ਇੱਕ ਬਹੁਤ ਹੀ ਚਿੰਤਾਜਨਕ ਖੁਲਾਸੇ ਵਿੱਚ ਖਹਿਰਾ ਨੇ ਦੱਸਿਆ ਕਿ ਭੁਲੱਥ ਹਲਕੇ ਦੇ ਕਈ ਕਾਂਗਰਸੀ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਝੂਠੇ ਅਤੇ ਮਨਘੜਤ ਕੇਸਾ ਵਿੱਚ ਫਸਾਇਆ ਗਿਆ।
ਉਨ੍ਹਾਂ ਕਿਹਾ, “ਇਹ ਝੂਠੀਆਂ ਐਫਆਈਆਰਾਂ ਅਤੇ ਪੁਲਿਸ ਕਾਰਵਾਈਆਂ ਜਾਨਬੁੱਝ ਕੇ ਇਸ ਤਰ੍ਹਾਂ ਦੇ ਸਮੇਂ ‘ਤੇ ਕੀਤੀਆਂ ਗਈਆਂ ਤਾਂ ਜੋ ਕਾਂਗਰਸ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਡਰਾਇਆ, ਪਰੇਸ਼ਾਨ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਪ੍ਰਚਾਰ ਤੋਂ ਦੂਰ ਰੱਖਿਆ ਜਾ ਸਕੇ। ਪੰਜਾਬ ਪੁਲਿਸ ਨੂੰ ਸਿਆਸੀ ਬਦਲਾਖ਼ੋਰੀ ਦੇ ਹਥਿਆਰ ਵਜੋਂ ਵਰਤਿਆ ਗਿਆ,” ਉਨ੍ਹਾਂ ਇਸਨੂੰ ਸ਼ਰੇਆਮ ਸਿਆਸੀ ਬਦਲਾਖ਼ੋਰੀ ਕਰਾਰ ਦਿੱਤਾ।
ਗਿਣਤੀ ਪ੍ਰਕਿਰਿਆ ‘ਤੇ ਗੰਭੀਰ ਐਤਰਾਜ਼ ਜਤਾਉਂਦਿਆਂ, ਖਹਿਰਾ ਨੇ ਇਸਨੂੰ “ਲੋਕਾਂ ਦੇ ਫਤਵੇ ਦੀ ਖੁੱਲ੍ਹੀ ਲੁੱਟ ਅਤੇ ਸ਼ਰੇਆਮ ਧੱਕੇਸ਼ਾਹੀ” ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਦੇ ਨਿਯੁਕਤ ਕਾਊਂਟਿੰਗ ਏਜੰਟਾਂ ਦੀ ਗੈਰਹਾਜ਼ਰੀ ਵਿੱਚ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਗਈ, ਜੋ ਕਿ ਚੋਣ ਨਿਯਮਾਂ ਦੀ ਸਪਸ਼ਟ ਉਲੰਘਣਾ ਹੈ।
ਉਨ੍ਹਾਂ ਕਿਹਾ, “ਜਿਹੜੇ ਉਮੀਦਵਾਰ ਸਾਫ਼ ਤੌਰ ‘ਤੇ ਜਿੱਤ ਚੁੱਕੇ ਸਨ, ਉਨ੍ਹਾਂ ਦੇ ਨਤੀਜੇ ਜਾਣਬੁੱਝ ਕੇ ਦੇਰ ਰਾਤ ਤੱਕ ਰੋਕੇ ਗਏ ਅਤੇ ਵੋਟਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਹੀ ਐਲਾਨੇ ਗਏ।”
ਖਹਿਰਾ ਨੇ ਦਾਅਵਾ ਕੀਤਾ ਕਿ ਉਹ ਪੂਰੇ ਫਰਜ਼ੀ ਕਾਊਂਟਿੰਗ ਡਰਾਮੇ ਦੇ ਅੱਖੀ ਦੇਖੇ ਗਵਾਹ ਹਨ ਅਤੇ ਉਹ ਸਾਰਾ ਦਿਨ ਨਡਾਲਾ ਕਾਲਜ ਵਿਖੇ ਸਥਿਤ ਗਿਣਤੀ ਕੇਂਦਰ ਦੇ ਬਾਹਰ ਮੌਜੂਦ ਰਹੇ, ਜਿੱਥੇ ਭੁਲੱਥ ਹਲਕੇ ਦੀਆਂ ਵੋਟਾਂ ਦੀ ਗਿਣਤੀ ਹੋਈ। ਉਨ੍ਹਾਂ ਕਿਹਾ, “ਉੱਥੇ ਗਿਣਤੀ ਨਹੀਂ, ਸਗੋਂ ਹੇਰਾਫੇਰੀ ਹੋ ਰਹੀ ਸੀ ਅਧਿਕਾਰੀ ਹੁਕਮਾਂ ਅਧੀਨ ਕੰਮ ਕਰ ਰਹੇ ਸਨ, ਵਿਰੋਧੀ ਏਜੰਟਾਂ ਨੂੰ ਬਾਹਰ ਰੱਖਿਆ ਗਿਆ ਅਤੇ ਪੂਰੀ ਪ੍ਰਕਿਰਿਆ ਨੂੰ ਮਜ਼ਾਕ ਬਣਾ ਦਿੱਤਾ ਗਿਆ।” ਰਾਜ ਚੋਣ ਕਮਿਸ਼ਨ (ਐੱਸਈਸੀ) ਦੀ ਭੂਮਿਕਾ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ, ਖਹਿਰਾ ਨੇ ਕਿਹਾ ਕਿ ਐੱਸਈਸੀ ਪੰਜਾਬ ਵਿੱਚ ਲੋਕਤੰਤਰ ਦੇ ਰਖਵਾਲੇ ਵਜੋਂ ਆਪਣਾ ਸੰਵਿਧਾਨਕ ਫਰਜ਼ ਨਿਭਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ। ਉਨ੍ਹਾਂ ਕਿਹਾ, “ਕਮਿਸ਼ਨ ਨੇ ਇੱਕ ਸੁਤੰਤਰ ਸੰਸਥਾ ਵਜੋਂ ਕੰਮ ਕਰਨ ਦੀ ਬਜਾਏ ਮੂਕ ਦਰਸ਼ਕ ਬਣੀ ਰਹੀ।
ਖਹਿਰਾ ਨੇ ਰਾਜ ਚੋਣ ਕਮਿਸ਼ਨਰ ਦੀ ਤੁਰੰਤ ਬਰਖਾਸਤਗੀ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਾਣਬੁੱਝ ਕੇ ਫਰਜ਼ ਤੋਂ ਕੋਤਾਹੀ ਅਤੇ ਸੱਤਾ ਧਾਰੀ ਆਮ ਆਦਮੀ ਪਾਰਟੀ ਨਾਲ ਸਾਂਝਦਾਰੀ ਕਾਰਨ ਪੰਜਾਬ ਲੋਕਤੰਤਰ ਦੇ ਕਤਲ ਨੂੰ ਸਮਰਥਨ ਕਰਨ ਵਾਲੇ ਚੋਣ ਕਮਿਸ਼ਨਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਖਹਿਰਾ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਵਿੱਚ ਲੋਕਤੰਤਰ ਨੂੰ ਸਿਆਸੀ ਢੰਗ ਨਾਲ ਕੁਚਲਣ ਦੇ ਗੰਭੀਰ ਨਤੀਜੇ ਹੋਣਗੇ ਅਤੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਇਸ ਵੱਡੀ ਚੋਣੀ ਧੋਖਾਧੜੀ ਨੂੰ ਬੇਨਕਾਬ ਕਰਨ ਲਈ ਸਾਰੇ ਸੰਵਿਧਾਨਕ, ਕਾਨੂੰਨੀ ਅਤੇ ਲੋਕਤੰਤਰਿਕ ਤਰੀਕੇ ਵਰਤੇਗੀ। ਖਹਿਰਾ ਨੇ ਅੰਤ ਵਿੱਚ ਕਿਹਾ, “ਪੰਜਾਬ ਦੇ ਲੋਕ ਇਸ ਧੱਕੇਸ਼ਾਹੀ ਨੂੰ ਕਦੇ ਮਾਫ਼ ਨਹੀਂ ਕਰਨਗੇ। ਭਗਵੰਤ ਮਾਨ ਸਰਕਾਰ ਚੋਣਾਂ ਚ ਹੇਰਾਫੇਰੀ ਕਰ ਸਕਦੀ ਹੈ, ਪੁਲਿਸ ਦਾ ਦੁਰਉਪਯੋਗ ਕਰ ਸਕਦੀ ਹੈ ਅਤੇ ਝੂਠੇ ਕੇਸ ਬਣਾ ਸਕਦੀ ਹੈ, ਪਰ ਸੱਚ ਨੂੰ ਕਦੇ ਦਬਾ ਨਹੀਂ ਜਾ ਸਕਦੀ।”

Comments
Post a Comment