ਜ਼ਿਲਾ ਪ੍ਰੀਸ਼ਦ ਚੋਣਾਂ ਲਈ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜ਼ਿੰਮੇਵਾਰੀ ਦੇਣਾ ਆਮ
ਆਦਮੀ ਪਾਰਟੀ ਦੀ ਦਲਿਤ–ਮਹਿਲਾ ਵਿਰੋਧੀ ਸੋਚ ਦਾ ਖੁੱਲਾ ਪ੍ਰਗਟਾਵਾ : ਤਰੁਣ ਚੁੱਘ
ਕੇਜਰੀਵਾਲ ਸਰਕਾਰ ਦਾ ਦੋਗਲਾਪਣ ਪੂਰੀ ਤਰ੍ਹਾਂ ਬੇਨਕਾਬ : ਤਰੁਣ ਚੁੱਘ
ਚੰਡੀਗੜ੍ਹ 1 ਦਸੰਬਰ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਦੀ ਰਾਜਨੀਤੀ ਅੱਜ ਜਿਸ ਨੈਤਿਕ ਪਤਨ ‘ਤੇ ਪਹੁੰਚ ਚੁੱਕੀ ਹੈ, ਉਸਦਾ ਸਭ ਤੋਂ ਸ਼ਰਮਨਾਕ ਉਦਾਹਰਣ ਖਡੂਰ ਸਾਹਿਬ ਦੇ ਆਮ ਆਦਮੀ ਪਾਰਟੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਬਣਾਈ ਗਈ ਜ਼ਿਲਾ ਕਮੇਟੀ ਵਿੱਚ ਸ਼ਾਮਲ ਕਰਨਾ ਹੈ। ਚੁੱਘ ਨੇ ਕਿਹਾ ਕਿ ਅਪਰਾਧੀਆਂ ਨੂੰ ਬਚਾਉਣਾ ਅਤੇ ਉਨ੍ਹਾਂ ਨੂੰ ਉੱਚੇ ਅਹੁਦੇ ਦੇ ਕੇ ਪ੍ਰੋਤਸਾਹਿਤ ਕਰਨਾ ਹੁਣ ਆਮ ਆਦਮੀ ਪਾਰਟੀ ਦੀ ਨਵੀਂ ਰਾਜਨੀਤਕ ਪਹਿਚਾਣ ਬਣ ਚੁੱਕੀ ਹੈ। ਚੁੱਘ ਨੇ ਸਪੱਸ਼ਟ ਕੀਤਾ ਕਿ ਮਨਜਿੰਦਰ ਸਿੰਘ ਲਾਲਪੁਰਾ ਉਹੀ ਵਿਧਾਇਕ ਹੈ ਜਿਸਨੂੰ 2022 ਵਿੱਚ ਇੱਕ ਦਲਿਤ ਮਹਿਲਾ ਨਾਲ ਛੇੜਛਾੜ ਅਤੇ ਧਮਕੀ ਦੇਣ ਦੇ ਗੰਭੀਰ ਮਾਮਲੇ ਵਿੱਚ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਗਈ ਸੀ। ਮਾਮਲਾ ਦਰਜ ਹੋਇਆ, ਚਾਰਜਸ਼ੀਟ ਪੇਸ਼ ਹੋਈ, ਪੂਰਾ ਟ੍ਰਾਇਲ ਚੱਲਿਆ ਅਤੇ ਅਦਾਲਤ ਨੇ ਬਿਨਾ ਕਿਸੇ ਸੰਦੇਹ ਉਨ੍ਹਾਂ ਨੂੰ ਦੋਸ਼ੀ ਪਾਇਆ। ਇਸ ਸਭ ਦੇ ਬਾਵਜੂਦ, ਆਮ ਆਦਮੀ ਪਾਰਟੀ ਨੇ ਨਾ ਕੋਈ ਅਨੁਸ਼ਾਸਨੀ ਕਾਰਵਾਈ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਮੁਅੱਤਲ ਕਰਨ ਦੀ ਲੋੜ ਸਮਝੀ। ਇਸਦੀ ਬਜਾਏ, ਹੁਣ ਉਨ੍ਹਾਂ ਨੂੰ ਜ਼ਿਲਾ ਪ੍ਰੀਸ਼ਦ ਚੋਣਾਂ ਵਿੱਚ ਮਹੱਤਵਪੂਰਨ ਜ਼ਿੰਮੇਵਾਰੀ ਦੇ ਕੇ “ਇਨਾਮ" ਦੇ ਦਿੱਤਾ ਗਿਆ ਹੈ। ਤਰੁਣ ਚੁੱਘ ਨੇ ਕਿਹਾ ਕਿ ਕੇਜਰੀਵਾਲ ਟੀਵੀ ਸਕ੍ਰੀਨਾਂ ‘ਤੇ ਹਰ ਰੋਜ਼ ਦਲਿਤ ਸਨਮਾਨ ਅਤੇ ਔਰਤਾਂ ਦੀ ਸੁਰੱਖਿਆ ਬਾਰੇ ਵੱਡੀਆਂ–ਵੱਡੀਆਂ ਗੱਲਾਂ ਕਰਦੇ ਹਨ, ਪਰ ਜਦੋਂ ਗੱਲ ਆਪਣੇ ਹੀ ਦੋਸ਼ੀ ਵਿਧਾਇਕ ਦੀ ਆਉਂਦੀ ਹੈ ਤਾਂ ਉਹ ਚੁੱਪ ਹੋ ਜਾਂਦੇ ਹਨ। ਚੁੱਘ ਨੇ ਕਿਹਾ ਕਿ ਇਹ ਦੋਗਲਾਪਣ ਦੀ ਸਭ ਤੋਂ ਵੱਡੀ ਮਿਸਾਲ ਹੈ — ਇੱਕ ਦਲਿਤ ਮਹਿਲਾ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੇ ਵਿਅਕਤੀ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਣੀ ਕਮੇਟੀ ‘ਚ ਅਹਿਮ ਰੋਲ ਦੇਣਾ ਦਿਖਾਉਂਦਾ ਹੈ ਕਿ ਪਾਰਟੀ ਦਾ ਅਸਲ ਕਿਰਦਾਰ ਕੀ ਹੈ। ਚੁੱਘ ਨੇ ਜੋੜਿਆਂ ਕਿ ਇਹ ਕੋਈ ਗ਼ਲਤੀ ਨਹੀਂ, ਸਗੋਂ AAP ਦੀ ਸੋਚ, ਸੱਭਿਆਚਾਰ ਅਤੇ ਨੀਅਤ ਦਾ ਸਪੱਸ਼ਟ ਚਿੱਤਰ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਵਿੱਚ ਦਲਿਤ ਭਾਈਚਾਰੇ ਅਤੇ ਔਰਤਾਂ ਦੀ ਸੁਰੱਖਿਆ ਸਿਰਫ਼ ਨਾਅਰਿਆਂ ਅਤੇ ਪੋਸਟਰਾਂ ਤੱਕ ਹੀ ਸੀਮਿਤ ਰਹਿ ਗਈ ਹੈ। ਹਕੀਕਤ ਇਹ ਹੈ ਕਿ ਪਾਰਟੀ ਆਪਣੇ ਦੋਸ਼ੀ ਅਤੇ ਅਪਰਾਧੀ ਵਿਧਾਇਕਾਂ ਨੂੰ ਬਚਾਉਂਦੀ ਹੈ, ਉਨ੍ਹਾਂ ਨੂੰ ਸਹਾਰਾ ਦਿੰਦੀ ਹੈ ਅਤੇ ਹੁਣ ਤਾਂ ਖੁੱਲ੍ਹੇਆਮ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪ ਰਹੀ ਹੈ। ਅੰਤ ਵਿੱਚ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੀ ਸੂਝਵਾਨ ਜਨਤਾ ਸਭ ਕੁਝ ਦੇਖ ਰਹੀ ਹੈ। ਆਮ ਆਦਮੀ ਪਾਰਟੀ ਵਰਗੀ ਦਲਿਤ–ਮਹਿਲਾ ਵਿਰੋਧੀ ਸੋਚ ਅਤੇ ਦੋਗਲੇ ਕਿਰਦਾਰ ਵਾਲੀ ਪਾਰਟੀ ਨੂੰ ਪੰਜਾਬ ਦੀ ਜਨਤਾ ਆਉਣ ਵਾਲੀਆਂ ਚੋਣਾਂ ਵਿੱਚ ਪੂਰੀ ਤਰ੍ਹਾਂ ਨਕਾਰ ਦੇਵੇਗੀ।

Comments
Post a Comment