ਖਹਿਰਾ ਨੇ SEC ਰਾਜ ਕਮਲ ਚੌਧਰੀ ਨੂੰ AAP ਦਾ ਹੱਥ ਠੋਕਾ ਕਰਾਰ ਦਿੱਤਾ ਤੇ ਕਿਹਾ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ’ਚ ਪੂਰੀ ਤਰ੍ਹਾਂ ਭਾਈਵਾਲ
ਖਹਿਰਾ ਨੇ SEC ਰਾਜ ਕਮਲ ਚੌਧਰੀ ਨੂੰ AAP ਦਾ ਹੱਥ ਠੋਕਾ ਕਰਾਰ ਦਿੱਤਾ ਤੇ ਕਿਹਾ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ’ਚ ਪੂਰੀ ਤਰ੍ਹਾਂ ਭਾਈਵਾਲ
ਚੰਡੀਗੜ੍ਹ 7 ਦਸੰਬਰ ( ਰਣਜੀਤ ਧਾਲੀਵਾਲ ) : ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਕ ਕਰਾਰੀ ਬਿਆਨਬਾਜ਼ੀ ਕਰਦਿਆਂ ਪੰਜਾਬ ਦੇ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਦੀ ਅਯੋਗਤਾ, ਸਰੈਂਡਰ ਅਤੇ ਹੈਰਾਨੀਜਨਕ ਚੁੱਪੀ ਦੀ ਸਖਤ ਨਿੰਦਾ ਕੀਤੀ। ਖਹਿਰਾ ਨੇ ਕਿਹਾ ਕਿ ਰਾਜ ਕਮਲ ਨੇ ਆਪਣੀ ਸੰਵਿਧਾਨਕ ਕੁਰਸੀ ਨੂੰ ਇੱਕ ਮੂਕ ਦਰਸ਼ਕ ਵਿੱਚ ਬਦਲ ਦਿੱਤਾ ਹੈ, ਜਦੋਂ ਕਿ ਭੁਲੱਥ ਸਮੇਤ ਪੂਰੇ ਪੰਜਾਬ ਵਿੱਚ ਚੱਲ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਲੋਕਤੰਤਰ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ, “ਅਸੀਂ ਕਾਂਗਰਸ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਪੰਜਾਬ ਦੀ ਸਟੇਟ ਇਲੈਕਸ਼ਨ ਕਮਿਸ਼ਨ ਦੀ ਰਾਜ ਕਮਲ ਚੌਧਰੀ ਹੇਠ ਅਯੋਗਤਾ ਅਤੇ ਪੂਰਨ ਤੌਰ ਤੇ ਕੀਤੇ ਸਰੈਂਡਰ ਨਾਲ ਬਹੁਤ ਦੁਖੀ ਹਾਂ, ਜਦੋਂ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਤੰਤਰ ਦੀ ਖੁੱਲੀ LOOT ਕੀਤੀ ਜਾ ਰਹੀ ਹੈ।”
ਉਨ੍ਹਾਂ ਨੇ ਦਾਅਵਾ ਕੀਤਾ ਕਿ ਐਸਐਸਪੀ ਪਟਿਆਲਾ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ—ਜਿਸਦੀ ਲੀਕ ਹੋਈ ਆਡੀਓ ਵਿੱਚ ਉਸਨੇ ਖੁੱਲ੍ਹੇਆਮ AAP ਦੇ ਵਿਧਾਇਕਾਂ ਦੇ ਕਹਿਣ ’ਤੇ ਉਮੀਦਵਾਰਾਂ ਨੂੰ ਅਗਵਾ ਕਰਨ ਦੇ ਹੁਕਮ ਦਿੱਤੇ ਸਨ—SEC ਨੇ ਉਲਟਾ ਪੁਲਿਸ ਨੂੰ ਇਹ ਲਾਇਸੈਂਸ ਦੇ ਦਿੱਤਾ ਹੈ ਕਿ ਉਹ ਸੁਖਬੀਰ ਬਾਦਲ ਜਿਹੇ ਵਿਰੋਧੀ ਨੇਤਾਵਾਂ ਅਤੇ ਰਤਨਦੀਪ ਧਾਲੀਵਾਲ ਵਰਗੇ ਅਜ਼ਾਦ ਪੱਤਰਕਾਰਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ। ਖਹਿਰਾ ਨੇ ਕਿਹਾ ਕਿ ਇਹ ਵਰਤਾਰਾ SEC ਦੀ ਇੰਟੀਗ੍ਰਟੀ ਅਤੇ ਲੋਕਤੰਤਰ ਦੀ ਪੂਰੀ ਤਰ੍ਹਾਂ ਤਬਾਹੀ ਨੂੰ ਬੇਨਕਾਬ ਕਰਦਾ ਹੈ। ਆਪਣੇ ਯਤਨਾਂ ਦਾ ਜ਼ਿਕਰ ਕਰਦੇ ਹੋਏ ਖਹਿਰਾ ਨੇ ਕਿਹਾ, “ਮੈਂ ਖੁਦ ਭੁਲੱਥ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੇ ਹੋਏ ਕਾਗਜ ਰੱਦ ਅਤੇ ਕਪੂਰਥਲਾ ਪੁਲਿਸ ਵੱਲੋਂ ਫੈਲਾਈ ਦਹਿਸ਼ਤ ਬਾਰੇ ਘੱਟੋ-ਘੱਟ 10 ਵਿਸਥਾਰਪੂਰਵਕ ਸ਼ਿਕਾਇਤਾਂ ਈਮੇਲ ਕੀਤੀਆਂ, ਪਰ ਅੱਜ ਤੱਕ ਇੱਕ ਵੀ ਕਾਰਵਾਈ ਨਹੀਂ ਹੋਈ। SEC ਦੀ ਇਹ ਚੁੱਪੀ ਨਿੰਦਣਯੋਗ ਹੈ।”
ਖਹਿਰਾ ਨੇ ਅੱਗੇ ਕਿਹਾ ਕਿ ਰਾਜ ਕਮਲ ਚੌਧਰੀ ਨੇ ਇੱਕ ਸੰਵਿਧਾਨਕ ਅਧਿਕਾਰੀ ਵਾਂਗ ਨਹੀਂ, ਸਗੋਂ AAP ਦੇ ਚਾਕਰ ਅਤੇ ਬੋਲਣਹਾਰ ਵਾਂਗ ਵਰਤਾਰਾ ਕੀਤਾ ਹੈ, ਜੋ ਰਾਜ ਸਰਕਾਰ ਵੱਲੋਂ ਰਾਜ ਮਸ਼ੀਨਰੀ ਦੀ ਦੁਰਵਰਤੋਂ ਨੂੰ ਬਿਨਾ ਕਿਸੇ ਹਿੱਕਚਾਹਟ ਦੇ ਲੁਕੋ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਰਾਜ ਕਮਲ ਚੌਧਰੀ ਸਿਰਫ਼ ਦਫ਼ਤਰ ਦੇ ਸਰਕਾਰੀ ਪੈਸੇ ਤੇ ਮੌਜਾਂ—ਭਾਰੀ ਤਨਖਾਹ, ਸਰਕਾਰੀ ਗੱਡੀ, ਕੋਠੀ, ਸੁਰੱਖਿਆ ਅਤੇ ਹੋਰ ਸੁਵਿਧਾਵਾਂ ਦਾ ਆਨੰਦ ਮਾਣਨ ਵਿੱਚ ਹੀ ਰੁੱਝਿਆ ਹੈ, ਜਦੋਂ ਕਿ ਲੋਕਤੰਤਰ ਦੀ ਰੱਖਿਆ ਕਰਨ ਦੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਖਹਿਰਾ ਨੇ ਕਿਹਾ, “ਇਹ ਵਰਤਾਰਾ ਦਰਸਾਉਂਦਾ ਹੈ ਕਿ ਰਾਜ ਕਮਲ ਕੋਲ ਕੋਈ ਨੈਤਿਕ ਵਿਚਾਰਧਾਰਾ ਨਹੀਂ ਰਹੀ। ਉਸਨੇ ਉਸ ਸੰਵਿਧਾਨ ਨਾਲ ਧੋਖਾ ਕੀਤਾ ਹੈ ਜਿਸਦੀ ਰੱਖਿਆ ਲਈ ਉਸਨੂੰ ਨਿਯੁਕਤ ਕੀਤਾ ਗਿਆ ਸੀ।” ਆਪਣਾ ਬਿਆਨ ਸਮਾਪਤ ਕਰਦਿਆਂ ਖਹਿਰਾ ਨੇ ਕਿਹਾ ਕਿ ਰਾਜ ਕਮਲ ਨੇ ਪੰਜਾਬ ਨੂੰ ਇੱਕ #PoliceState ਬਣਾਉਣ ਵਿੱਚ ਸਰਕਾਰ ਦਾ ਸਾਥ ਦਿੱਤਾ ਹੈ, ਜਿੱਥੇ ਸੱਤਾਧਾਰੀ ਪਾਰਟੀ ਚੋਣਾਂ ਵਿੱਚ ਸ਼ਰੇਆਮ ਹੇਰਾਫੇਰੀ ਕਰ ਰਹੀ ਹੈ ਅਤੇ ਇਲੈਕਸ਼ਨ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਾ ਹੈ।

Comments
Post a Comment