ਕਿਸਾਨ ਆਗੂਆਂ ਨੇ 13 ਦਸੰਬਰ ਨੂੰ ਖਨੌਰੀ ਬਾਰਡਰ ਸਮੇਤ ਪੰਜਾਬ ਭਰ ’ਚ ਕੇਂਦਰ ਤੇ ਸੂਬਾ ਸਰਕਾਰ ਦੇ ਪੂਤਲੇ ਫੁਕਣ ਦਾ ਐਲਾਨ ਕੀਤਾ
ਕਿਸਾਨ ਆਗੂਆਂ ਨੇ 13 ਦਸੰਬਰ ਨੂੰ ਖਨੌਰੀ ਬਾਰਡਰ ਸਮੇਤ ਪੰਜਾਬ ਭਰ ’ਚ ਕੇਂਦਰ ਤੇ ਸੂਬਾ ਸਰਕਾਰ ਦੇ ਪੂਤਲੇ ਫੁਕਣ ਦਾ ਐਲਾਨ ਕੀਤਾ
ਚੰਡੀਗੜ੍ਹ 12 ਦਸੰਬਰ ( ਰਣਜੀਤ ਧਾਲੀਵਾਲ ) : ਕਿਸਾਨ ਆਗੂਆਂ ਨੇ 13 ਦਸੰਬਰ ਨੂੰ ਖਨੌਰੀ ਬਾਰਡਰ ਸਮੇਤ ਪੰਜਾਬ ਭਰ ’ਚ ਕੇਂਦਰ ਤੇ ਸੂਬਾ ਸਰਕਾਰ ਦੇ ਪੂਤਲੇ ਫੁਕਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ’ਚ ਟਰੈਕਟਰ ਮਾਰਚ ਕੱਢਣ ਤੇ 18 ਮਾਰਚ ਨੂੰ ਰੇਲ ਗੱਡੀਆਂ ਵੀ ਰੋਕੀਆਂ ਜਾਣਗੀਆਂ। ਉੱਧਰ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਬੀਤੇ 17 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ। ਸਰੀਰ ’ਚ ਜ਼ਿਆਦਾ ਕਮਜ਼ੋਰੀ ਆ ਜਾਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਦੱਸਿਆ ਹੈ। ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਡਾ. ਸਵੈਮਾਨ ਟੀਮ ਵੱਲੋਂ ਵਾਸ਼ਿੰਗਟਨ ਤੋਂ ਬੁਲਾਏ ਡਾਕਟਰ ਕਰਨ ਜਟਵਾਣੀ ਨੇ ਵੀਰਵਾਰ ਨੂੰ ਡੱਲੇਵਾਲ ਦਾ ਚੈਕਅਪ ਕੀਤਾ। ਉਨ੍ਹਾਂ ਦੱਸਿਆ ਕਿ 17 ਦਿਨਾਂ ਤੋਂ ਕੁਝ ਨਾ ਖਾਣ ਕਾਰਨ ਡੱਲੇਵਾਲ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ। ਉਨ੍ਹਾਂ ਦਾ ਵਜ਼ਨ ਕਰੀਬ 12.5 ਕਿੱਲੋ ਘੱਟ ਗਿਆ ਹੈ। ਕਿਡਨੀਆਂ ਤੇ ਫੇਫੜੇ ਕਾਫੀ ਪ੍ਰਭਾਵਿਤ ਹੋ ਰਹੇ ਹਨ। ਕਮਜ਼ੋਰੀ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਹਾਲਤ ਉਨ੍ਹਾਂ ਨੂੰ ਕਿਸੇ ਵੇਲੇ ਵੀ ਐਮਰਜੈਂਸੀ ਦੀ ਲੋੜ ਪੈ ਸਕਦੀ ਹੈ। ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਿਸਾਨੀ ਕੋਈ ਵੀ ਸਰਕਾਰ ਕਿਸਾਨੀ ਅੰਦੋਲਨ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੀ। ਇਸ ਲਈ ਦੋਵਾਂ ਮੋਰਚਿਆਂ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ’ਚ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਦੌਰਾਨ ਡੀਸੀ ਤੇ ਐੱਸਡੀਐੱਮ ਜ਼ਰੀਏ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਜਾਣਗੇ। ਔਲਖ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਕਿਸਾਨ ਟਰੈਕਟਰ ਦੇ ਅੱਗੇ ਡੱਲੇਵਾਲ ਦੀ ਫੋਟੋ ਲਗਾਉਣ। ਇਸ ਤੋਂ ਬਾਅਦ 18 ਦਸੰਬਰ ਨੂੰ ਪੰਜਾਬ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ’ਚ ਕਿਸਾਨ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 13 ਦਸੰਬਰ ਨੂੰ ਡੱਲੇਵਾਲ ਦੀ ਹੌਸਲਾ ਅਫ਼ਜ਼ਾਈ ਤੇ ਸਮਰਥਣ ’ਚ ਖਨੌਰੀ ਬਾਰਡਰ ਸਮੇਤ ਪਿੰਡਾਂ ’ਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਪੁਤਲੇ ਫੂਕਣਗੇ। ਇਸ ਲਈ ਨੌਜਵਾਨਾਂ ਤੇ ਔਰਤਾਂ ਦਾ ਵੱਡਾ ਜਥਾ ਖਨੌਰੀ ਮੋਰਚੇ ’ਚ ਪੁੱਜੇਗਾ। ਲਖਵਿੰਦਰ ਸਿੰਘ ਨੇ ਕਿਹਾ ਕਿ ਸੁਣਨ ’ਚ ਆਇਆ ਹੈ ਕਿ ਵਿਗੜਦੀ ਸਿਹਤ ਦੇ ਮੱਦੇਨਜ਼ਰ ਪ੍ਰਸ਼ਾਸਨ ਡੱਲੇਵਾਲ ਨੂੰ ਦੁਬਾਰਾ ਲੈ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਡੱਲੇਵਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦਾਤਾਸਿੰਘ ਵਾਲਾ ਤੋਂ ਖਨੌਰੀ ਤੱਕ ਮਨੁੱਖੀ ਚੇਨ ਬਣਾਉਣ ਦਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਸਰਕਾਰ ਪ੍ਰਤੀ ਕਿਸਾਨਾਂ ’ਚ ਰੋਸ ਹੈ ਤੇ ਹੁਣ ਹਰ ਕਿਸਾਨ ਡੱਲੇਵਾਲ ਬਣ ਚੁੱਕਾ ਹੈ। ਜੇਕਰ ਸਰਕਾਰ ਨੇ ਗ਼ਲਤੀ ਦੁਹਰਾਈ ਤੇ ਡੱਲੇਵਾਲ ਨੂੰ ਕੁਝ ਹੋਇਆ ਤਾਂ ਇਸ ਲਈ ਪ੍ਰਸ਼ਾਸਨ ਤੇ ਸਰਕਾਰ ਖ਼ੁਦ ਜ਼ਿੰਮੇਵਾਰ ਹੋਣਗੇ।
Comments
Post a Comment