ਪੀੜਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਕੇ ਫੂਕਿਆ ਪੁਤਲਾ, ਸੜਕ ਜਾਮ ਕਰਨ ਤੋਂ ਬਾਅਦ ਜਾਗਿਆ ਮਹਿਲਾ ਕਮਿਸ਼ਨ, ਤੁਰੰਤ ਲਿਆ ਮੰਗ ਪੱਤਰ,
ਜਾਂ ਤਾਂ ਕਰ ਦਿਓ ਇਹਨਾਂ ਮਹਿਲਾਵਾਂ ਦੇ ਇਨਸਾਫ ਦਾ ਪ੍ਰਬੰਧ, ਨਹੀਂ ਕਰ ਦਿਓ ਮਹਿਲਾ ਕਮਿਸ਼ਨ ਬੰਦ: ਮੋਰਚਾ ਪ੍ਰਧਾਨ ਕੁੰਭੜਾ
ਜੇ ਤਿੰਨ ਦਿਨਾਂ 'ਚ ਦੋਸ਼ੀਆਂ ਨੂੰ ਫੜਕੇ ਸਲਾਖਾਂ ਪਿੱਛੇ ਨਾ ਬੰਦ ਕੀਤਾ ਤਾਂ 3 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਵੋਮੈਨ ਸੈਲ ਫੇਸ 8 ਮੋਹਾਲੀ ਦੇ ਦਫਤਰ ਅੱਗੇ ਲਗਾਵਾਂਗੀ ਧਰਨਾ: ਪੀੜਤ ਮਨਦੀਪ ਕੌਰ,
ਐਸ.ਏ.ਐਸ.ਨਗਰ 29 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਦੇ ਚੱਲ ਰਹੇ ਮੋਰਚੇ ਤੇ ਪਿਛਲੇ ਦਿਨੀ ਮਹਿਲਾ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਦੇ ਦਫਤਰ ਦੇ ਘਿਰਾਓ ਦੀ ਕੀਤੀ ਕਾਲ ਅਨੁਸਾਰ ਅੱਜ ਪੀੜਿਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਗੁੱਸੇ ਵਿੱਚ ਆਈਆਂ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਪੁਤਲਾ ਵੀ ਫੂਕਿਆ ਤੇ ਕਾਫੀ ਸਮਾਂ ਇੰਤਜ਼ਾਰ ਕਰਨ ਤੇ ਜਦੋਂ ਮਹਿਲਾ ਕਮਿਸ਼ਨ ਦੇ ਦਫਤਰ ਵਿੱਚੋਂ ਕੋਈ ਨਾ ਆਇਆ ਤਾਂ ਮੋਰਚਾ ਆਗੂਆਂ ਦੇ ਮਹਿਲਾਵਾਂ ਨੇ ਸੜਕ ਜਾਮ ਕਰ ਦਿੱਤੀ। ਸੜਕ ਤੇ ਜਾਮ ਲੱਗਣ ਤੋਂ ਬਾਅਦ ਜਾਗਿਆ ਮਹਿਲਾ ਕਮਿਸ਼ਨ ਤੇ ਤੁਰੰਤ ਚੇਅਰਪਰਸਨ ਨੇ ਮੀਟਿੰਗ ਲਈ ਬੁਲਾਇਆ।
ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪੀੜਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਨਾਲ ਮੀਟਿੰਗ ਕੀਤੀ ਤੇ ਆਪਣੇ ਨਾਲ ਹੋਈਆਂ ਵਧੀਕੀਆਂ ਦੀ ਦਾਸਤਾਨ ਸੁਣਾਈ ਤੇ ਇੱਕ ਲਿਖਤੀ ਮੰਗ ਪੱਤਰ ਵੀ ਦਿੱਤਾ। ਚੇਅਰਪਰਸਨ ਨੇ ਸਭ ਦੀਆਂ ਸਮੱਸਿਆਵਾਂ ਸੁਣੀਆਂ ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਹ ਮੰਗ ਪੱਤਰ ਮਾਨਯੋਗ ਰਾਜਪਾਲ ਪੰਜਾਬ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜੇ ਗਏ ਤੇ ਇਨਸਾਫ ਦੀ ਗੁਹਾਰ ਲਗਾਈ ਗਈ। ਇਸ ਲਿਖਤੀ ਮੰਗ ਪੱਤਰ ਵਿੱਚ ਪੀੜਤਾ ਮਨਦੀਪ ਕੌਰ ਵਾਸੀ ਮੋਹਾਲੀ, ਬਲਵਿੰਦਰ ਕੌਰ ਪੁਤਰੀ ਕਾਕਾ ਸਿੰਘ ਵਾਸੀ ਰੁੜਕੀ ਪੁਖਤਾ, ਰਣਵੀਰ ਕੌਰ ਪਤਨੀ ਉਪਕਾਰ ਸਿੰਘ ਵਾਸੀ ਘੜੂਆਂ, ਗੁਰਨਾਮ ਕੌਰ (ਸਾਬਕਾ ਬਲਾਕ ਸੰਮਤੀ ਮੈਂਬਰ) ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਕੁੰਭੜਾ, ਪੂਨਮ ਰਾਣੀ ਪਤਨੀ ਗੁਰਵਿੰਦਰ ਸਿੰਘ ਵਾਸੀ ਸੰਤੇ ਮਾਜਰਾ ਕਰੋਨੀ, ਸਰਬਜੀਤ ਕੌਰ ਪਤਨੀ ਸਰਬਪ੍ਰੀਤ ਸਿੰਘ ਵਾਸੀ ਖਰੜ ਆਦਿ ਨੇ ਆਪਣੇ ਆਪਣੇ ਮਾਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ ਸਲਾਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪੀੜਤ ਮਨਦੀਪ ਕੌਰ ਨੇ ਐਲਾਨ ਕੀਤਾ ਕਿ ਜੇਕਰ ਤਿੰਨ ਦਿਨਾਂ ਵਿੱਚ ਮੈਨੂੰ ਇਨਸਾਫ ਨਾ ਮਿਲਿਆ ਤਾਂ ਵੋਮੈਨ ਸੈਲ ਥਾਣਾ ਫੇਸ ਅੱਠ ਮੋਹਾਲੀ ਦੇ ਅੱਗੇ ਬੈਠਕੇ ਅਣਮਿਥੇ ਸਮੇਂ ਲਈ ਧਰਨਾ ਦੇਵਾਂਗੀ।
ਇਸ ਮੌਕੇ ਉਪਰੋਕਤ ਮਹਿਲਾਵਾਂ ਨੇ ਪ੍ਰੈਸ ਸਾਹਮਣੇ ਆਪਣੇ ਨਾਲ ਹੋਈਆਂ ਵਧੀਕੀਆਂ ਬਾਰੇ ਖੁਲਾਸੇ ਕੀਤੇ ਇਸ ਮੌਕੇ ਮੋਰਚਾ ਆਗੂ ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਅਜੈਬ ਸਿੰਘ ਬਠੋਈ ਨੇ ਵੀ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਅਤੇ ਮਹਿਲਾ ਕਮਿਸ਼ਨ ਪੰਜਾਬ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਮਹਿਲਾਵਾਂ ਦਰਖਾਸਤਾਂ ਦੇ ਦੇ ਕੇ ਥੱਕ ਚੁੱਕੀਆਂ ਹਨ। ਅੱਜ ਇਹਨਾਂ ਮਹਿਲਾਵਾਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਸਾਡੇ ਇਨਸਾਫ ਦਾ ਪ੍ਰਬੰਧ ਕਰੋ ਨਹੀਂ ਤਾਂ ਇਹ ਮਹਿਲਾ ਕਮਿਸ਼ਨ ਪੰਜਾਬ ਨੂੰ ਬੰਦ ਕਰੋ। ਸ. ਕੁੰਭੜਾ ਨੇ ਕਿਹਾ ਕਿ ਜੇਕਰ ਇਹਨਾਂ ਤਿੰਨ ਦਿਨਾਂ ਵਿੱਚ ਕਾਰਵਾਈ ਨਾ ਹੋਈ ਤਾਂ ਪੀੜਤਾ ਮਨਦੀਪ ਕੌਰ ਦੇ ਨਾਲ 3 ਅਕਤੂਬਰ ਨੂੰ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੀ ਇਸ ਪੀੜਤ ਮਹਿਲਾ ਨਾਲ ਧਰਨਾ ਦੇਵੇਗਾ। ਜਿਸ ਵਿੱਚ ਇਲਾਕੇ ਦੀਆਂ ਸਮੂਹ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ। ਇਸ ਮੌਕੇ ਕਰਮ ਸਿੰਘ ਕੁਰੜੀ, ਅਵਤਾਰ ਸਿੰਘ ਨਗਲਾ, ਸਰਪੰਚ ਬਲਵਿੰਦਰ ਸਿੰਘ, ਨਰਿੰਦਰਪਾਲ ਸਿੰਘ, ਬਲਜੀਤ ਸਿੰਘ, ਕਰਮਜੀਤ ਸਿੰਘ, ਮੁਖਤਿਆਰ ਸਿੰਘ, ਹਰਪਾਲ ਸਿੰਘ, ਰਿਸ਼ੀ ਰਾਜ ਮਹਾਰ, ਹਰਦੀਪ ਕੌਰ, ਬਲਵਿੰਦਰ ਸਿੰਘ ਨੰਬਰਦਾਰ, ਪਰਮਜੀਤ ਸਿੰਘ, ਨਿਰਭੈ ਸਿੰਘ, ਸ਼ੰਬੂ ਰਾਮ, ਬਾਸੂ, ਆਯੂਸ਼, ਰਾਮ ਸਿੰਘ, ਅਜੈਬ ਸਿੰਘ, ਦਵਿੰਦਰ ਸਿੰਘ, ਜਾਨਕੀ ਦੇਵੀ, ਨਿਰਮਲ ਸਿੰਘ, ਰਜਿੰਦਰ ਕੌਰ ਮੱਕੜਿਆਂ, ਗੁਰਵਿੰਦਰ ਸਿੰਘ, ਆਦਿ ਹਾਜ਼ਰ ਹੋਏ।
Comments
Post a Comment