ਚੰਡੀਗੜ੍ਹ 27 ਦਸੰਬਰ ( ਰਣਜੀਤ ਧਾਲੀਵਾਲ ) : ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਅਤੇ ਸੀ.ਪੀ.ਆਈ.(ਐਮ-ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਖੱਬੀਆਂ ਪਾਰਟੀਆਂ ਦੇ ਅਮਿਤ ਸ਼ਾਹ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਨੂੰ ਜਾਰੀ ਰੱਖਦਿਆਂ 30 ਦਸੰਬਰ ਨੂੰ ਸਾਂਝੇ ਤੌਰ ’ਤੇ ਰੋਸ ਦਿਵਸ ਮਨਾਇਆ ਜਾਵੇਗਾ। ਦੇਸ਼ ਵਿਆਪੀ ਰੋਸ ਦਿਵਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ: ਬੀ.ਆਰ.ਅੰਬੇਡਕਰ ਬਾਰੇ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦੇ ਸਿੱਟੇ ਵਜੋਂ ਦੇਸ਼ ਭਰ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅਮਿਤ ਸ਼ਾਹ ਵੱਲੋਂ ਕੋਈ ਜ਼ਿੰਮੇਵਾਰੀ ਲੈਣ ਜਾਂ ਇਸ ਵਿੱਚ ਕੋਈ ਸੁਧਾਰ ਕਰਨ ਦੀ ਇੱਛਾ ਦਿਖਾਈ ਨਹੀਂ ਦੇ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਯੋਗ ਕਾਰਵਾਈ ਕਰਨ ਲਈ ਤਿਆਰ ਨਹੀਂ। ਖੱਬੀਆਂ ਪਾਰਟੀਆਂ ਵੱਲੋਂ ਚਲ ਰਹੇ ਅੰਦੋਲਨ ਨੂੰ ਜਾਰੀ ਰੱਖਿਆ ਜਾਵੇਗਾ ਅਤੇ 30 ਦਸੰਬਰ ਨੂੰ ਸਾਂਝੇ ਤੌਰ ’ਤੇ ਰੋਸ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖੱਬੀਆਂ ਪਾਰਟੀਆਂ ‘ਇੱਕ ਰਾਸ਼ਟਰ, ਇੱਕ ਚੋਣ’ ਦੇ ਪ੍ਰਸਤਾਵ ਦਾ ਵੀ ਸਪੱਸ਼ਟ ਵਿਰੋਧ ਕਰਦੀਆਂ ਹਨ। ਹੁਣੇ ਜਿਹੇ ਇਸ ਪ੍ਰਸਤਾਵ ਨੂੰ ਸੰਸਦ ਵਿੱਚ ਸੰਵਿਧਾਨਿਕ ਸੋਧ ਬਿਲ ਸਮੇਤ ਪੇਸ਼ ਕੀਤਾ ਗਿਆ ਹੈ। ਸੰਵਿਧਾਨ ਵਿੱਚ ਪ੍ਰਸਤਾਵਿਤ ਸੋਧਾਂ ਸੰਘੀ ਢਾਂਚੇ ਅਤੇ ਰਾਜ ਵਿਧਾਨ ਸਭਾਵਾਂ ਅਤੇ ਉਨ੍ਹਾਂ ਨੂੰ ਚੁਣਨ ਵਾਲੇ ਲੋਕਾਂ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਹੈ। ਇਹ ਕੇਂਦਰੀਕਰਨ ਅਤੇ ਵਿਧਾਨ ਸਭਾਵਾਂ ਦੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਮਨਮਾਨੇ ਢੰਗ ਨਾਲ ਕਟੌਤੀ ਕਰਕੇ ਲੋਕਾਂ ਦੀ ਇੱਛਾ ਨੂੰ ਤੋੜਨ ਦਾ ਇੱਕ ਨੁਸਖਾ ਹੈ। ਖੱਬੀਆਂ ਪਾਰਟੀਆਂ ‘ਇੱਕ ਰਾਸ਼ਟਰ, ਇੱਕ ਚੋਣ’ ਯੋਜਨਾ ਦੇ ਖਿਲਾਫ ਵੀ ਦੇਸ਼ ਵਿਆਪੀ ਮੁਹਿੰਮ ਚਲਾਉਣਗੀਆਂ। ਖੱਬੀਆਂ ਪਾਰਟੀਆਂ ਨੇ ਚੋਣ ਨਿਯਮਾਂ ਦੀ ਸੰਸੋਧਨ ਤਹਿਤ ਇਲੈਕਟਰਾਨਿਕ ਦਸਤਾਵੇਜ਼ਾਂ ਜਿਵੇਂ ਕਿ ਸੀ.ਸੀ.ਟੀ.ਵੀ. ਫੁਟੇਜ਼ ਅਤੇ ਚੋਣਾਂ ਸਬੰਧੀ ਵਿਡਿਓ ਆਦਿ ਦੀ ਜਨਤਕ ਜਾਂਚ ਦੇ ਅਧਿਕਾਰ ਨੂੰ ਰੱਦ ਕਰ ਦਿੱਤਾ ਹੈ। ਤਿੰਨੋ ਕਮਿਊਨਿਸਟ ਆਗੂਆਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਅਤੇ ਲੋਕ ਮੁੱਦਿਆਂ ’ਤੇ ਖੱਬੇ ਪੱਖੀ ਦਖਲ ਨੂੰ ਤੇਜ਼ ਕੀਤਾ ਜਾਵੇਗਾ। ਖੱਬੀਆਂ ਪਾਰਟੀਆਂ ਦੀਆਂ ਬਕਾਇਦਾ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਕਿ ਖੱਬੀਆਂ ਨੀਤੀਆਂ ਨੂੰ ਪੇਸ਼ ਕੀਤਾ ਜਾ ਸਕੇ ਅਤੇ ਸਾਂਝੀਆਂ ਕਾਰਵਾਈਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
Comments
Post a Comment