ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਫਿਰ ਕੀਤਾ ਦਿੱਲੀ ਕੂਚ ਦਾ ਐਲਾਨ
ਸ਼ੰਭੂ/ਚੰਡੀਗੜ੍ਹ 10 ਦਸੰਬਰ ( ਰਣਜੀਤ ਧਾਲੀਵਾਲ ) : ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਮਾਰਚ ਕਰਨਗੇ। ਇਹ ਫੈਸਲਾ ਅੱਜ ਮੰਗਲਵਾਰ ਨੂੰ ਸ਼ੰਭੂ ਸਰਹੱਦ ‘ਤੇ ਹੋਈ ਬੈਠਕ ‘ਚ ਲਿਆ ਗਿਆ। ਇਸ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਸੰਭੂ ਬੈਰੀਅਰ ’ਤੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਉਡੀਕ ਕੀਤੀ ਜਾ ਰਹੀ ਸੀ ਤੇ ਕੋਈ ਵੀ ਕਿਸਾਨਾਂ ਨੂੰ ਇਹ ਨਾ ਕਹਿ ਸਕੇ ਕਿ ਕਿਸਾਨ ਗੱਲਬਾਤ ਦੇ ਲਈ ਅੱਗੇ ਨਹੀ ਆ ਰਹੇ ਹਨ। ਸ਼ਾਮ 4 ਵਜੇ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਦਾ ਕੋਈ ਵੀ ਸੱਦਾ ਪੱਤਰ ਪ੍ਰਾਪਤ ਨਹੀ ਹੋਇਆ ਹੈ। ਜਿਸ ਤੋਂ ਸਾਫ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਤਿਆਰ ਨਹੀ ਹੈ ਤੇ ਕਿਸਾਨਾਂ ਦੇ ਕੋਲ ਅੰਦੋਲਨ ਦਾ ਰਾਹ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਫੋਰਮਾਂ ਨੇ ਫੈਸਲਾ ਕੀਤਾ ਹੈ ਕਿ ਹੁਣ 14 ਦਸੰਬਰ ਨੂੰ 101 ਮਰਜੀਵੜਿਆਂ ਦਾ ਤੀਜਾ ਜੱਥਾ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਦਿੱਲੀ ਵੱਲ ਕੂਚ ਕਰਨ ਲਈ ਸ਼ੰਭੂ ਧਰਨੇ ਵਾਲੇ ਸਥਾਨ ਤੋਂ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਭੇਜੇ ਗਏ 2 ਜਥਿਆਂ ਵਿਚੋਂ ਜਿਹੜੇ ਵੀ ਕਿਸਾਨ ਜ਼ਖ਼ਮੀ ਹੋਏ ਹਨ, ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਹਰਿਆਣਾ ਅਤੇ ਮੌਜੂਦ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਪਹਿਲਾਂ ਕਿਸਾਨਾਂ ਨੂੰ ਕਹਿੰਦੇ ਸਨ ਕਿ ਉਹ ਪੈਂਦਲ ਦਿੱਲੀ ਵੱਲ ਕੂਚ ਕਰ ਸਕਦੇ ਹਨ ਤੇ ਹੁਣ ਕਹਿੰਦੇ ਹਨ ਕਿ ਹੋਰਨਾਂ ਵਾਹਨਾਂ ਦੇ ਰਾਹੀ ਦਿੱਲੀ ਵੱਲ ਕੂਚ ਕਰਨ। ਜਿਸ ਤੋਂ ਲੱਗਦਾ ਹੈ ਕਿ ਭਾਜਪਾ ਕੇਂਦਰੀ ਮੰਤਰੀ ਆਪਣਾ ਸੰਤੁਲਨ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ 13 ਦਸੰਬਰ ਨੂੰ ਮੋਰਚੇ ਦੇ 10 ਮਹੀਨੇ ਪੂਰੇ ਹੋਣ ਉਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਬੈਰੀਅਰ ਦੀ ਸਟੇਜ ਤੋਂ ਅਤੇ ਸਮੂਹ ਗੁਰਦੁਆਰਿਆਂ, ਮੰਦਰਾਂ ਅਤੇ ਹੋਰਨਾਂ ਧਾਰਮਿਕ ਸਥਾਨਾਂ ਉਤੇ ਪ੍ਰਾਥਨਾ ਦਿਹਾੜਾ ਮਨਾ ਕੇ ਅਰਦਾਸ ਕੀਤੀ ਜਾਵੇਗੀ ਕਿ ਕਿਸਾਨ ਮੋਰਚਾ ਆਪਣੀ ਜਿੱਤ ਵੱਲ ਵਧੇ ਅਤੇ ਭੁੱਖ ਹੜਤਾਲ ਉਤੇ ਬੈਠੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਠੀਕ ਹੋ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਵਿਖੇ ਆਏ ਸਨ ਤੇ ਕਿਸਾਨਾਂ ਬਾਰੇ ਕੋਈ ਵੀ ਟਿੱਪਣੀ ਨਹੀ ਕੀਤੀ। ਇਸ ਤਰ੍ਹਾਂ ਉਹ ਰਾਜਸਥਾਨ ਵਿਖੇ ਗਏ ਤਾਂ ਉਥੇ ਵੱਖ-ਵੱਖ ਰਾਜਸਥਾਨ ਦੇ ਸੰਗਠਨਾਂ ਵੱਲੋਂ ਵਿਰੋਧ ਕਰਨਾ ਚਾਹਿਆਂ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤਰ੍ਹਾਂ ਦੋਵੇਂ ਫੋਰਮਾਂ ਵੱਲੋਂ ਮੈਂਬਰ ਪਾਰਲੀਮੈਂਟ ਦੇ ਘਰਾਂ ਮੂਹਰੇ ਧਰਨੇ ਪ੍ਰਦਰਸ਼ਨ ਕੀਤੇ ਜਾਣੇ ਸਨ ਸਬੰਧੀ ਵੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਹਨ। ਦੋਵੇਂ ਫੋਰਮਾਂ ਦੀ ਅਪੀਲ ਹੈ ਕਿ ਕਿਸਾਨਾਂ ਨੁੂੰ ਵਿਰੋਧ ਕਰਨ ਦਾ ਪੂਰਾ ਹੱਕ ਹੈ ਤੇ ਇਸ ਧਰਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਨਾ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਧਰਨੇ ਮੁਜ਼ਾਹਰਿਆਂ ਦਾ ਹੱਕ ਨਾ ਖੋਹਿਆ ਜਾਵੇ। ਇਸ ਦੌਰਾਨ ਬਲਵੰਤ ਸਿੰਘ ਬਹਿਰਾਮਕੇ, ਜਸਵਿੰਦਰ ਸਿੰਘ ਲੌਂਗੋਵਾਲ, ਬੀਬੀ ਸੁਖਵਿੰਦਰ ਕੌਰ, ਤੇਜਵੀਰ ਸਿੰਘ ਪੰਜੋਖੜਾ ਸਾਹਿਬ ਅਤੇ ਮਨਜੀਤ ਸਿੰਘ ਰਾਏ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਬਲਕਾਰ ਸਿੰਘ ਬੈਂਸ, ਗੁਰਦੀਪ ਸਿੰਘ ਭੱਟੀ ਖੰਨਾ, ਸੁਖਦੇਵ ਸਿੰਘ ਮੰਗਲੀ, ਮੰਗਤ ਸਿੰਘ ਸਮੇਤ ਹੋਰ ਹਾਜਰ ਸਨ। ਕਿਸਾਨ ਆਗੂ ਤੇਜਵੀਰ ਸਿੰਘ ਨੇ ਦੱਸਿਆ ਕਿ ਇਸ ਅੰਦੋਲਨ ਨੂੰ 13 ਦਸੰਬਰ ਨੂੰ 10 ਮਹੀਨੇ ਪੂਰੇ ਹੋ ਰਹੇ ਹਨ। ਅਜਿਹੇ ‘ਚ 13 ਤਰੀਕ ਨੂੰ ਵੱਡੇ ਸਮਾਗਮ ਹੋਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਵਿੱਚ ਇੰਟਰਨੈੱਟ ਸੇਵਾ ਬੰਦ ਹੈ, ਉਸੇ ਤਰ੍ਹਾਂ ਹੀ ਸਾਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਖੇਤਰ ਵਿੱਚ ਵੀ ਸਰਹੱਦ ਤੋਂ ਡੇਢ ਕਿਲੋਮੀਟਰ ਤੱਕ ਇੰਟਰਨੈੱਟ ਬੰਦ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਜੇ ਤੱਕ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ ਹੈ।
Comments
Post a Comment