ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ 18 ਜ਼ਿਲ੍ਹਿਆਂ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਟ੍ਰੈਕਟਰ ਸਾਂਝੇ ਮਾਰਚਾਂ ਵਿੱਚ ਸ਼ਾਮਲ
ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ 18 ਜ਼ਿਲ੍ਹਿਆਂ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਟ੍ਰੈਕਟਰ ਸਾਂਝੇ ਮਾਰਚਾਂ ਵਿੱਚ ਸ਼ਾਮਲ
ਕੋਠਾਗੁਰੂ ਦੇ ਸ਼ਹੀਦਾਂ ਦੀਆਂ ਅਸਥੀਆਂ ਦਰਜਨਾਂ ਵ੍ਹੀਕਲਾਂ ਰਾਹੀਂ ਹੁਸੈਨੀਵਾਲਾ ਪੁੱਜੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਜਲ ਪ੍ਰਵਾਹ ਕੀਤੀਆਂ ਗਈਆਂ
ਚੰਡੀਗੜ੍ਹ 26 ਜਨਵਰੀ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚੇ ਵੱਲੋਂ ਨਵਾਂ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਨ ਅਤੇ ਗਾਰੰਟੀਸ਼ੁਦਾ ਲਾਭਕਾਰੀ ਐੱਮ ਐੱਸ ਪੀ ਸਮੇਤ 9 ਦਸੰਬਰ 2021 ਦੇ ਲਿਖਤੀ ਵਾਅਦਿਆਂ ਦੀਆਂ ਮੰਗਾਂ ਨੂੰ ਲੈ ਕੇ ਪੂਰੇ ਭਾਰਤ ਵਿੱਚ ਟ੍ਰੈਕਟਰ ਮਾਰਚ ਦਾ ਸੱਦਾ ਲਾਗੂ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 18 ਜ਼ਿਲ੍ਹਿਆਂ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਟ੍ਰੈਕਟਰ ਸੜਕਾਂ ਉੱਤੇ ਲਿਆਂਦੇ ਗਏ। ਟੋਹਾਣਾ ਮਹਾਂਪੰਚਾਇਤ ਵਾਲੇ ਦਿਨ ਸੜਕ ਹਾਦਸੇ ਦੇ ਸ਼ਹੀਦਾਂ ਬਸੰਤ ਸਿੰਘ ਅਤੇ ਕਰਮ ਸਿੰਘ ਕੋਠਾਗੁਰੂ ਦੀਆਂ ਅਸਥੀਆਂ ਵੱਖ ਵੱਖ ਜ਼ਿਲ੍ਹਿਆਂ ਤੋਂ ਦਰਜਨਾਂ ਵ੍ਹੀਕਲਾਂ ਰਾਹੀਂ ਔਰਤਾਂ ਸਮੇਤ ਸੈਂਕੜੇ ਕਿਸਾਨਾਂ ਮਜ਼ਦੂਰਾਂ ਦੇ ਕਾਫ਼ਲੇ ਵੱਲੋਂ ਕੌਮੀ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਹੁਸੈਨੀਵਾਲਾ ਸਮਾਧ ਉੱਤੇ ਪੁੱਜ ਕੇ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜਿਉਂਦ ਵਿਖੇ ਲਾਏ ਗਏ ਪੱਕੇ ਮੋਰਚੇ ਵਿੱਚ ਅੱਜ ਸੱਤਵੇਂ ਦਿਨ ਵੀ ਭਾਰੀ ਗਿਣਤੀ ਕਿਸਾਨ ਮਜ਼ਦੂਰ ਔਰਤਾਂ ਸਮੇਤ ਸ਼ਾਮਲ ਹੋਏ। ਪੂਰੇ ਪੰਜਾਬ ਦੀ ਪ੍ਰੈੱਸ ਰਿਪੋਰਟ ਇੱਥੋਂ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਜਥੇਬੰਦੀ ਦੇ ਬੁਲਾਰਿਆਂ ਵੱਲੋਂ ਮੰਡੀਕਰਨ ਖਰੜੇ ਅਤੇ ਐੱਮ ਐੱਸ ਪੀ ਸਮੇਤ 4 ਸਾਲਾਂ ਤੋਂ ਲਟਕਦੀਆਂ ਹੋਰ ਮੰਗਾਂ ਤੋਂ ਇਲਾਵਾ ਜਿਉਂਦ ਸਮੇਤ ਹੋਰ ਸੈਂਕੜੇ ਪਿੰਡਾਂ ਦੇ ਜੱਦੀ ਪੁਸ਼ਤੀ ਮੁਜ਼ਾਰਿਆਂ ਨੂੰ ਕਾਬਜ਼ ਪੂਰੀ ਜ਼ਮੀਨ ਦੇ ਮਾਲਕੀ ਹੱਕ ਦੇਣ ਉੱਤੇ ਵੀ ਜੋਰ ਦਿੱਤਾ ਗਿਆ। ਸਮੂਹ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਪੱਧਰੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਜੁਝਾਰੂ ਏਕਤਾ ਉੱਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਕਿਸਾਨ ਜਥੇਬੰਦੀਆਂ ਅੰਦਰ ਫੁੱਟ ਪਾਉਣ ਦੀਆਂ ਚਾਲਾਂ ਨੂੰ ਸਮਝਣ ਅਤੇ ਨਾਕਾਮ ਕਰਨ ਬਾਰੇ ਸੁਚੇਤ ਕੀਤਾ ਗਿਆ। ਬੀਤੇ ਦਿਨੀਂ ਬਠਿੰਡਾ ਪ੍ਰਸ਼ਾਸਨ ਵੱਲੋਂ ਕੋਠਾਗੁਰੂ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ੇ ਸੰਬੰਧੀ ਕੀਤਾ ਗਿਆ ਪੂਰਾ ਸਮਝੌਤਾ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਵੱਖ ਵੱਖ ਥਾਵਾਂ 'ਤੇ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ, ਕੁਲਦੀਪ ਕੌਰ ਕੁੱਸਾ ਅਤੇ ਜ਼ਿਲ੍ਹਾ/ ਬਲਾਕ/ ਪਿੰਡ ਪੱਧਰੇ ਆਗੂ ਸ਼ਾਮਲ ਸਨ।
Comments
Post a Comment