ਸਾਬਕਾ ਫ਼ੌਜੀਆਂ ਵੱਲੋਂ ਪੁਲੀਸ ਜੁਲਮ ਦੀ ਨਿਖੇਧੀ
ਐਸ.ਏ.ਐਸ. ਨਗਰ 20 ਮਾਰਚ ( ਰਣਜੀਤ ਧਾਲੀਵਾਲ ) : ਪੰਜਾਬ ਦੇ ਸਾਬਕਾ ਫ਼ੌਜੀਆਂ ਨੇ ਪਟਿਆਲਾ ਵਿਚ ਫ਼ੌਜ ਦੇ ਇਕ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਤੇ ਪੁਲੀਸ ਵੱਲੋਂ ਕੀਤੇ ਗਏ ਹਮਲੇ ਦੀ ਤਿੱਖੀ ਨਿਖੇਧੀ ਕਰਦਿਆਂ, ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਵਿਚ ਬਦਹਾਲ ਕਾਨੂੰਨ ਵਿਵਸਥਾ ਨੂੰ ਮੱਦੇਨਜ਼ਰ ਰਾਸ਼ਟਰਪਤੀ ਰਾਜ ਲਵਾਉਣ ਦੀ ਮੰਗ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬ੍ਰਿਗੇਡੀਅਰ ਹਰਬੰਤ ਸਿੰਘ, ਕਰਨਲ ਜੀ.ਬੀ. ਵਿਰਕ, ਲੈਫਟਿਨੈਂਟ ਕਰਨਲ ਐੱਸ.ਐੱਸ. ਸੋਹੀ, ਕਰਨਲ ਏ.ਐੱਸ. ਸੰਧੂ, ਕਰਨਲ ਜੇ.ਐੱਸ. ਅਠਵਾਲ, ਬ੍ਰਿਗੇਡੀਅਰ ਸਰਬਜੀਤ ਸਿੰਘ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਕੈਪਟਨ ਮੱਖਣ ਸਿੰਘ ਅਤੇ ਹੋਰ ਸਾਬਕਾ ਫ਼ੌਜੀ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਪੁਲੀਸ ਵੱਲੋਂ ਫ਼ੌਜ ਦੇ ਇੱਕ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਇਹ ਦਰਸਾਉਂਦੀ ਹੈ ਕਿ ਪੰਜਾਬ ਪੁਲੀਸ ਅਤੇ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਕਰਨਲ ਤੇ ਹਮਲਾ ਕਰਨ ਵਾਲੇ ਪੁਲੀਸ ਕਰਮਚਾਰੀ ਉਲਟਾ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਸਨ, ਕਿ ਉਹ ਇੱਕ ਮੁਕਾਬਲਾ ਕਰਕੇ ਆਏ ਹਨ ਅਤੇ ਇੱਕ ਹੋਰ ਕਰ ਦੇਣਗੇ । ਇਹ ਕੇਵਲ ਇੱਕ ਵਿਅਕਤੀ ਤੇ ਹਮਲਾ ਨਹੀਂ, ਸਗੋਂ ਪੂਰੇ ਫ਼ੌਜੀ ਭਾਈਚਾਰੇ ਦੀ ਇੱਜ਼ਤ ਤੇ ਵੱਡਾ ਹਮਲਾ ਹੈ। ਇਸ ਦੌਰਾਨ ਸਾਬਕਾ ਫ਼ੌਜੀਆਂ ਦੇ ਇੱਕ ਵਫ਼ਦ ਵੱਲੋਂ ਬ੍ਰਿਗੇਡੀਅਰ ਹਰਬੰਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ, ਮੁਹਾਲੀ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ-ਪੱਤਰ ਭੇਜਿਆ ਗਿਆ। ਸਾਬਕਾ ਫ਼ੌਜੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਹੋਈ, ਤਾਂ ਪੰਜਾਬ ਅਤੇ ਭਾਰਤ ਪੱਧਰ ਤੇ ਵਿਆਪਕ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਸਰਕਾਰੀ ਸਮਾਰੋਹਾਂ ਦੇ ਬਾਈਕਾਟ, ਕਾਨੂੰਨੀ ਲੜਾਈ ਅਤੇ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਉਣ ਦੀ ਵੀ ਚੇਤਾਵਨੀ ਦਿੱਤੀ।
Comments
Post a Comment