ਪੰਜਾਬ ਦੀ ਸਥਿਤੀ ਡਰ ਤੇ ਸਹਿਮ ਸਦਕਾ ਚਿੰਤਾਜਨਕ ਬਣੀ : ਕਾ: ਸੇਖੋਂ
ਬੇਲੋੜੇ ਮੁੱਦੇ ਪੈਦਾ ਕਰਨ ਦੀ ਬਜਾਏ ਏਕਤਾ ਅਖੰਡਤਾ ਲਈ ਕੰਮ ਕਰਨ ਦੀ ਲੋੜ
ਚੰਡੀਗੜ੍ਹ 15 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਅੱਜ ਬਹੁਤ ਗੰਭੀਰ ਤੇ ਚਿੰਤਾਜਨਕ ਬਣੀ ਹੋਈ ਹੈ, ਸਾਰੀਆਂ ਸਿਆਸੀ ਧਿਰਾਂ ਵੱਲੋਂ ਸਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਜਾਂ ਹੋਰ ਰਾਜਸੀ ਨੇਤਾਵਾਂ ਵੱਲੋਂ ਬੇਲੋੜੇ ਮੁੱਦੇ ਉਠਾਉਣ ਦੀ ਬਜਾਏ ਏਕਤਾ ਤੇ ਅਖੰਡਤਾ ਦੀ ਮਜਬੂਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਕਾ: ਸੇਖੋਂ ਨੇ ਕਿਹਾ ਕਿ ਪੰਜਾਬ ’ਚ ਬੰਬ ਧਮਾਕੇ ਹੋ ਰਹੇ ਹਨ, ਗੈਂਗਸਟਰਾਂ ਦੀਆਂ ਕਾਰਵਾਈਆਂ, ਲੁੱਟਮਾਰ, ਨਸ਼ੇ, ਬਲਡੋਜ਼ਰ ਕਾਰਵਾਈਆਂ, ਪੁਲਿਸ ਮੁਕਾਬਲੇ ਆਦਿ ਨੇ ਪੰਜਾਬ ਵਾਸੀਆਂ ਦੇ ਮਨਾਂ ਵਿੱਚ ਡਰ ਤੇ ਸਹਿਮ ਦਾ ਮਹੌਲ ਪੈਦਾ ਕਰ ਦਿੱਤਾ ਹੈ। ਪੰਜਾਬ ਸਰਕਾਰ ਅਜਿਹੇ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਅਸਮਰੱਥ ਵਿਖਾਈ ਦੇ ਰਹੀ ਹੈ। ਸੱਤਾਧਾਰੀ ਅਤੇ ਮੁੱਖ ਵਿਰੋਧੀ ਧਿਰ ਦੇ ਆਗੂ ਅਜਿਹੀ ਸਥਿਤੀ ਦਾ ਸਿਆਸੀ ਲਾਹਾ ਲੈਣ ਲਈ ਬੇਲੋੜੇ ਮੁੱਦੇ ਪੈਦਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਮਾਹੌਲ ਦੇ ਸੰਦਰਭ ਵਿੱਚ ਬੀਤੇ ਦਿਨ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟੀ ਵੀ ਇੰਟਰਵਿਊ ਵਿੱਚ ਪੰਜਾਬ ’ਚ ਪੰਜਾਹ ਬੰਬ ਆਉਣ ਦਾ ਬਿਆਨ ਦਿੱਤਾ, ਜਿਸਨੇ ਲੋਕਾਂ ਦੇ ਮਨਾਂ ’ਚ ਤਰਥੱਲੀ ਮਚਾ ਦਿੱਤੀ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ਤੇ ਪੁਲਿਸ ਨੇ ਸ੍ਰ: ਬਾਜਵਾ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਅੱਜ ਮੀਡੀਆ ਵਿੱਚ ਹਰ ਪਾਸੇ ਇਹ ਮੁੱਦਾ ਛਾਇਆ ਹੋਇਆ ਹੈ। ਕਾ: ਸੇਖੋਂ ਨੇ ਕਿਹਾ ਕਿ ਇਹ ਮਾਮਲਾ ਅਤੀ ਗੰਭੀਰ ਹੈ ਅਤੇ ਸੂਬੇ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਜੇਕਰ ਪੰਜਾਬ ਵਿੱਚ ਅਜਿਹੇ ਬੰਬ ਪਹੁੰਚ ਚੁੱਕੇ ਹਨ ਤਾਂ ਪੰਜਾਬ ਦੇ ਅਮਨ ਵਾਸਤੇ ਇੱਕ ਵੱਡਾ ਖਤਰਾ ਹੋ ਸਕਦਾ ਹੈ। ਜੇ ਇਸ ਵਿੱਚ ਸੱਚਾਈ ਨਹੀਂ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਇਆ ਡਰ ਤੇ ਸਹਿਮ ਕਿਵੇਂ ਦੂਰ ਕੀਤਾ ਜਾਵੇਗਾ? ਕੇਵਲ ਮੁਕੱਦਮਾ ਦਰਜ ਕਰ ਲੈਣ ਨਾਲ ਵੀ ਲੋਕਾਂ ਦਾ ਡਰ ਦੂਰ ਨਹੀਂ ਕੀਤਾ ਜਾ ਸਕਦਾ। ਹਾਲਾਤ ਕੇਵਲ ਇਸ ਬਿਆਨ ਤੱਕ ਹੀ ਸੀਮਤ ਨਹੀਂ, ਫਿਰੋਜਪੁਰ, ਟਾਂਡਾ, ਸੁਭਾਨਪੁਰ, ਅੰਮ੍ਰਿਤਸਰ ਆਦਿ ਤੋਂ ਆਰ ਡੀ ਐਕਸ ਜਾਂ ਹੋਰ ਮਾਰੂ ਸਮੱਗਰੀ ਵੀ ਬਰਾਮਦ ਹੋ ਚੁੱਕੀ ਹੈ। ਰਾਜ ’ਚ ਭਾਈਚਾਰਕ ਸਾਂਝ ਤੋੜਣ ਦੀਆਂ ਅਸਫ਼ਲ ਕੋਸ਼ਿਸ਼ਾਂ ਹੋ ਰਹੀਆਂ ਹਨ । ਪੰਜਾਬ ਅਤੇ ਕੇਂਦਰ ਦੀਆਂ ਸੂਹੀਆ ਏਜੰਸੀਆਂ ਵੀ ਫੇਲ੍ਹ ਸਾਬਤ ਹੋ ਰਹੀਆਂ ਹਨ। ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੰਬ ਜਾਂ ਹੋਰ ਮਾਰੂ ਸਮੱਗਰੀ ਨੂੰ ਕੇਵਲ ਸਿਆਸੀ ਮੁੱਦਾ ਬਣਾਉਣ ਦੀ ਬਜਾਏ ਸੱਚ ਨੂੰ ਪਰਤੱਖ ਕਰਨ ਲਈ ਡੂੰਘਾਈ ਨਾਲ ਪੜਤਾਲ ਕਰਵਾਉਣੀ ਚਾਹੀਦੀ ਹੈ ਅਤੇ ਅਸਲੀਅਤ ਸਾਹਮਣੇ ਲਿਆ ਕੇ ਲੋਕਾਂ ਦੇ ਮਨਾਂ ਦਾ ਡਰ ਦੂਰ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਤਨ ਤੇਜ਼ ਕਰਨੇ ਹੋਣਗੇ।
Comments
Post a Comment