ਪਹਿਲਗਾਮ ਘਟਨਾ ਮਨੁੱਖਤਾ ਦਾ ਘਾਣ ਕਰਨ ਵਾਲੀ ਕਾਇਰਤਾ ਭਰੀ ਕਾਰਵਾਈ : ਕਾ: ਸੇਖੋਂ
ਚੰਡੀਗੜ੍ਹ 23 ਅਪ੍ਰੈਲ ( ਰਣਜੀਤ ਧਾਲੀਵਾਲ ) : ਪਹਿਲਗਾਮ ਦੇ ਨਜਦੀਕ ਮਿੰਨੀ ਸਵਿਟਜਰਲੈਂਡ ਵਜੋਂ ਜਾਣੇ ਜਾਂਦੇ ਸਥਾਨ ਤੇ ਸੈਲਾਨੀਆਂ ਤੇ ਹਮਲਾ ਕਰਕੇ ਖੁਸ਼ੀਆਂ ਮਨਾ ਰਹੇ ਦੋ ਦਰਜਨ ਤੋਂ ਵੱਧ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦੇਣ ਦੀ ਘਟਨਾ ਅਤੀ ਨਿੰਦਨਯੋਗ ਹੈ। ਇਸ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਸੀਪ ਆਈ(ਐਮ) ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਹ ਘਟਨਾ ਕੋਈ ਬਹਾਦਰੀ ਵਾਲੀ ਕਾਰਵਾਈ ਨਹੀਂ, ਬਲਕਿ ਮਨੁੱਖਤਾ ਦਾ ਘਾਣ ਕਰਨ ਵਾਲੀ ਕਾਇਰਤਾ ਭਰੀ ਕਾਰਵਾਈ ਹੈ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਜੰਮੂ ਕਸਮੀਰ ਦੇ ਜਿਲ੍ਹਾ ਅਨੰਤਨਾਗ ਦੇ ਸ਼ਹਿਰ ਪਹਿਲਗਾਮ ਦੇ ਨਜਦੀਕ ਬਾਇਸਰਨ ਨਾਂ ਦਾ ਇਹ ਸਥਾਨ ਬਹੁਤ ਖੂਬਸੂਰਤ ਹੈ, ਜਿੱਥੇ ਲੋਕ ਖੁਸ਼ੀਆਂ ਮਨਾਉਣ ਜਾਂਦੇ ਹਨ। ਇਸ ਸਥਾਨ ਦੀ ਤੁਲਨਾ ਸੁੰਦਰ ਦੇਸ਼ ਸਵਿਟਜ਼ਰਲੈਂਡ ਨਾਲ ਕਰਦਿਆਂ ਇਸਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਜਿੱਥੇ ਬੀਤੀ ਕੱਲ੍ਹ ਆਏ ਕੁੱਝ ਅੱਤਵਾਦੀਆਂ ਨੇ ਹਮਲਾ ਕਰਕੇ 26 ਬੇਕਸੂਰ ਘੁੰਮਣ ਆਏ ਸੈਲਾਨੀਆਂ ਨੂੰ ਗੋਲੀਆਂ ਨਾਲ ਭੁੰਨ ਸੁਟਿਆ ਜਦ ਕਿ 20 ਦੇ ਕਰੀਬ ਜਖ਼ਮੀ ਹੋਏ। ਕਾ: ਸੇਖੋਂ ਨੇ ਕਿਹਾ ਕਿ ਪਿਛਲੇ ਦੋ ਕੁ ਸਾਲਾਂ ਤੋਂ ਦੇਸ਼ ਵਿਦੇਸ਼ ਦੇ ਸੈਲਾਨੀਆਂ ਦੀ ਕਸ਼ਮੀਰ ਵੱਲ ਆਮਦ ਵਿੱਚ ਵਾਧਾ ਹੋਇਆ ਸੀ, ਜਿਸ ਨਾਲ ਭਾਈਚਾਰਕ ਸਾਂਝ ਮਜਬੂਤ ਹੋਈ ਅਤੇ ਉਸ ਰਾਜ ਦੀ ਆਮਦਨ ਵਿੱਚ ਵੀ ਵਾਧਾ ਹੋਇਆ। ਪਰ ਇਹ ਮਹੌਲ ਦੇਸ਼ ਵਿੱਚ ਗੜਬੜ ਪੈਦਾ ਕਰਨ ਵਾਲੇ ਅੱਤਵਾਦੀਆਂ ਨੂੰ ਹਜ਼ਮ ਨਹੀਂ ਆਈ, ਉਹਨਾਂ ਗੋਲੀਆਂ ਚਲਾਉਣ ਸਮੇਂ ਔਰਤਾਂ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਉਹਨਾਂ ਕਿਹਾ ਕਿ ਇਹ ਘਟਨਾ ਜਿੱਥੇ ਦੁਖਦਾਈ ਹੈ ਉਥੇ ਵੱਡੀ ਚਿੰਤਾ ਵੀ ਪ੍ਰਗਟ ਕਰਦੀ ਹੈ। ਉਹਨਾਂ ਕਿਹਾ ਕਿ ਇਸ ਘਟਨਾ ਮੌਕੇ ਆਮ ਲੋਕਾਂ ਦਾ ਇੱਕ ਦੂਜੇ ਪ੍ਰਤੀ ਹਮਦਰਦੀ ਅਤੇ ਬਚਾਅ ਕਰਨ ਵਾਲਾ ਮਾਹੌਲ ਤਸੱਲੀ ਵੀ ਦਿੰਦਾ ਹੈ। ਸੂਬਾ ਸਕੱਤਰ ਨੇ ਕਿਹਾ ਕਿ ਦਹਾਕਿਆਂ ਤੋਂ ਕਸ਼ਮੀਰ ਵਿੱਚ ਚੱਲ ਰਿਹਾ ਇਹ ਅੱਤਵਾਦੀ ਦੌਰ ਖਤਮ ਕਰਨ ਵਿੱਚ ਕੇਂਦਰ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਪਹਿਲਗਾਮ ਦੁਰਘਟਨਾ ਵਿੱਚ ਫਿਰਕਾਪ੍ਰਸਤੀ ਦੀ ਸਪਸ਼ਟ ਬੋਅ ਆਉਂਦੀ ਹੈ, ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਨੁਕਸਾਨਦੇਹ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਪੀੜਤਾਂ ਕੋਲ ਪਹੁੰਚ ਕਰਕੇ ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਗੇ ਲਈ ਅਜਿਹੀ ਕਿਸੇ ਘਟਨਾ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਠੋਸ ਕਦਮ ਚੁੱਕਣੇ ਚਾਹੀਦੇ ਹਨ।
Comments
Post a Comment