ਪੁਲਿਸ ਤਸ਼ੱਦਦ ਕਾਰਨ ਹੋਈ ਨਰਿੰਦਰਜੀਤ ਦੀ ਮੌਤ, ਤਿੰਨ ਪੁਲਸੀਆਂ ਸਮੇਤ ਪੰਜ ਤੇ ਮੁਕੱਦਮਾ ਦਰਜ
ਲੱਤਾਂ ’ਚ ਗੋਲੀਆਂ ਮਾਰਨੀਆਂ ਜਾਂ ਥਾਨਿਆਂ ’ਚ ਤਸ਼ੱਦਦ ਕਾਲੇ ਦੌਰ ਦੀ ਸੁਰੂਆਤ : ਕਾ: ਸੇਖੋਂ
ਚੰਡੀਗੜ੍ਹ 27 ਮਈ ( ਰਣਜੀਤ ਧਾਲੀਵਾਲ ) : ਵਿਦਿਆ ਦੇ ਖੇਤਰ ਨਾਲ ਸਬੰਧਤ ਨਰਿਦਰਜੀਤ ਸਿੰਘ ਦੀ ਕਥਿਤ ਤੌਰ ਤੇ ਪੁਲਿਸ ਤਸ਼ੱਦਦ ਨਾਲ ਹੋਈ ਮੌਤ ਨੇ ਕਈ ਤਰ੍ਹਾਂ ਦੇ ਸੁਆਲ ਖੜੇ ਕਰ ਦਿੱਤੇ ਹਨ, ਆਮ ਲੋਕ ਇਸ ਮੌਤ ਨੂੰ ਅੱਤਵਾਦ ਸਮੇਂ ਹੁੰਦੇ ਰਹੇ ਪੁਲਿਸ ਦੇ ਵਹਿਸ਼ੀ ਤਸ਼ੱਦਦ ਨਾਲ ਜੋੜ ਕੇ ਵੇਖ ਰਹੇ ਹਨ। ਮਾਮਲਾ ਭਖ਼ਣ ਤੇ ਬਠਿੰਡਾ ਪੁਲਿਸ ਵੱਲੋਂ ਹੁਣ ਇਸ ਮਾਮਲੇ ਸਬੰਧੀ ਤਿੰਨ ਪੁਲਿਸ ਮੁਲਾਜਮਾਂ ਸਮੇਤ ਪੰਜ ਵਿਅਕਤੀਆਂ ਤੇ ਮੁਕੱਦਮਾ ਦਰਜ ਕਰ ਲਿਆ ਹੈ। ਸੀ ਪੀ ਆਈ ਐਮ ਪੰਜਾਬ ਵੱਲੋਂ ਥਾਨਿਆਂ ’ਚ ਤਸ਼ੱਦਦ ਤੇ ਲੱਤਾਂ ’ਚ ਗੋਲੀਆਂ ਮਾਰਨ ਦੀ ਪੁਲਸੀਆ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਾਲੇ ਦੌਰ ਦੀ ਸੁਰੂਆਤ ਕਿਹਾ ਗਿਆ ਹੈ। ਮ੍ਰਿਤਕ ਨੌਜਵਾਨ ਨਰਿੰਦਰਜੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਆਈਲੈਟਸ ਸੈਂਟਰ ਵਿੱਚ ਪੜ੍ਹਾਉਂਦਾ ਸੀ। 23 ਮਈ ਨੂੰ ਉਹ ਰੋਜਾਨਾ ਵਾਂਗ ਘਰੋਂ ਗੱਡੀ ਲੈ ਕੇ ਗਿਆ ਸੀ, ਗਗਨਦੀਪ ਸਿੰਘ ਤੇ ਹੈਪੀ ਲੂਥਰਾ ਉਸਦੇ ਨਾਲ ਸਨ। ਉਸ ਦਿਨ ਸ਼ਾਮ ਦੇ ਪੰਜ ਵਜੇ ਫੋਨ ਸੰਪਰਕ ਤੇ ਉਸਨੇ ਕਿਹਾ ਕਿ ਉਹ ਜਲਦੀ ਘਰ ਆ ਜਾਵੇਗਾ। ਉਸਤੋਂ ਬਾਅਦ ਉਸ ਨਾਲ ਫੋਨ ਸੰਪਰਕ ਬੰਦ ਆਉਣ ਲੱਗ ਪਿਆ। ਦੇਰ ਸ਼ਾਮ ਫੇਰ ਫੋਨ ਕੀਤਾ ਤਾਂ ਗਗਨਦੀਪ ਨੇ ਗੱਲ ਕੀਤੀ ਅਤੇ ਕਿਹਾ ਕਿ ਨਰਿੰਦਰਜੀਤ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਅਸੀਂ ਉਸਨੂੰ ਹਸਪਤਾਲ ਲੈ ਕੇ ਆਏ ਹਾਂ। ਜਦ ਪਰਿਵਾਰ ਵਾਲੇ ਹਸਪਤਾਲ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਨਰਿੰਦਰਜੀਤ ਦੀ ਮੌਤ ਹੋ ਚੁੱਕੀ ਹੈ। ਜਦ ਪਰਿਵਾਰਕ ਮੈਂਬਰਾਂ ਨੇ ਵੇਖਿਆ ਤਾਂ ਉਸਦੇ ਸਰੀਰ ਤੇ ਕਈ ਨਿਸ਼ਾਨ ਸਨ ਅਤੇ ਖੂਨ ਜੰਮਿਆਂ ਹੋਇਆ ਸੀ, ਜਿਸਤੋਂ ਸਪਸ਼ਟ ਹੋਇਆ ਕਿ ਉਸ ਉਪਰ ਤਸ਼ੱਦਦ ਕੀਤਾ ਗਿਆ ਹੈ, ਜਿਸ ਕਾਰਨ ਉਸਦੀ ਮੌਤ ਹੋਈ ਹੈ। ਇਸਤੋਂ ਬਾਅਦ ਸੋਸਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸਤੋਂ ਤਸੱਦਦ ਹੋਣਾ ਸਪਸ਼ਟ ਹੋ ਗਿਆ। ਆਖ਼ਰ ਪਰਿਵਾਰ ਨੂੰ ਪਤਾ ਲੱਗਾ ਕਿ ਨਰਿੰਦਰਜੀਤ ਤੇ ਸੀ ਆਈ ਏ 2 ਵਿੱਚ ਤਸ਼ੱਦਦ ਕੀਤਾ ਗਿਆ, ਉਸਦੇ ਪਿਤਾ ਦਾ ਕਹਿਣਾ ਹੈ ਕਿ ਨਰਿੰਦਰਜੀਤ ਦੀ ਕੁੱਟਮਾਰ ਤੋਂ ਬਾਅਦ ਬਿਜਲੀ ਦਾ ਕਰੰਟ ਲਗਾਇਆ ਗਿਆ, ਉਸਨੂੰ ਘਸੀਟਿਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇੱਥੇ ਇਹ ਵੀ ਦੱਸਣਾ ਕੁੱਥਾਂ ਨਹੀਂ ਹੋਵੇਗਾ ਕਿ ਗਗਨਦੀਪ ਸਿੰਘ ਦੀ ਸੋਸਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਖੁਲਾਸਾ ਹੋਇਆ ਕਿ ਸੀ ਆਈ ਏ 2 ਵਿੱਚ ਸਹਾਇਕ ਥਾਨੇਦਾਰ ਅਵਤਾਰ ਸਿੰਘ ਤਾਰੀ ਦੀ ਟੀਮ ਵੱਲੋਂ ਉਸਤੇ ਤਸ਼ੱਦਦ ਕੀਤਾ ਗਿਆ ਹੈ। ਪੁਲਿਸ ਨੇ ਪਹਿਲਾਂ ਗਗਨਦੀਪ ਸਿੰਘ ਤੇ ਹੈਪੀ ਲੂਥਰਾ ਤੇ ਮੁਕੱਦਮਾ ਦਰਜ ਕੀਤਾ, ਪਰ ਬਾਅਦ ਵਿੱਚ ਤਸ਼ੱਦਦ ਕਾਰਨ ਹੋਈ ਮੌਤ ਸਦਕਾ ਹੌਲਦਾਰ ਹਰਬਿੰਦਰ ਸਿੰਘ, ਸੀਨੀਅਰ ਸਿਪਾਹੀ ਲਖਵਿੰਦਰ ਸਿੰਘ ਤੇ ਸੀਨੀਅਰ ਸਿਪਾਹੀ ਗੁਰਪਾਲ ਸਿੰਘ ਨੂੰ ਇਸ ਮੁਕੱਦਮੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸ੍ਰੀ ਨਰਿੰਦਰ ਸਿੰਘ ਐਸ ਪੀ ਨੇ ਕਿਹਾ ਕਿ ਨਰਿੰਦਰਜੀਤ ਦੇ ਪਿਤਾ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰਕੇ ਤਿੰਨਾਂ ਪੁਲਿਸ ਕਰਮਚਾਰੀਆਂ ਦੀ ਗਿ੍ਰਫਤਾਰੀ ਲਈ ਕਾਰਵਾਈ ਸੁਰੂ ਕਰ ਦਿੱਤੀ ਹੈ, ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਨਰਿੰਦਜੀਤ ਸਿੰਘ ਦੇ ਪਿਤਾ, ਮਾਂ ਅਤੇ ਪਤਨੀ ਨੇ ਇਸ ਨੌਜਵਾਨ ਦੀ ਤਸ਼ੱਦਦ ਕਾਰਨ ਹੋਈ ਬੇਵਕਤੀ ਮੌਤ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸੀ ਪੀ ਆਈ ਐਮ ਪੰਜਾਬ ਵੱਲੋਂ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਫੱਟੜ ਕਰਨ ਦੀਆਂ ਘਟਨਾਵਾਂ ਜਾਂ ਥਾਨਿਆਂ ਵਿੱਚ ਅਣਮਨੁੱਖੀ ਤਸੱਦਦ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਤੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੁਲਿਸ ਦਾ ਕੰਮ ਮੁਲਜਮ ਨੂੰ ਗਿ੍ਰਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨਾ ਹੈ, ਇਨਸਾਫ ਦੇਣਾ ਅਦਾਲਤਾਂ ਦਾ ਕੰਮ ਹੈ। ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਕਰਨਾ ਪੰਜਾਬ ਦੇ ਅੱਤਵਾਦ ਦੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਅਤੇ ਅਜਿਹੀਆਂ ਕਾਰਵਾਈਆਂ ਕਾਲੇ ਦੌਰ ਦੀ ਸੁਰੂਆਤ ਮੰਨੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਥਾਨਿਆਂ ਵਿੱਚ ਤਸ਼ੱਦਦ ਕਰਨਾ ਜਾਂ ਲੱਤਾਂ ਵਿੱਚ ਗੋਲੀਆਂ ਮਾਰ ਕੇ ਫੰਟੜ ਕਰਨਾ ਪੁਲਿਸ ਦੀ ਵਹਿਸ਼ੀ ਕਾਰਵਾਈ ਹੈ। ਉਹਨਾਂ ਕਿਹਾ ਕਿ ਨਰਿੰਦਰਜੀਤ ਦੀ ਪੁਲਿਸ ਤਸ਼ੱਦਦ ਕਾਰਨ ਹੋਈ ਮੌਤ ਦੀ ਜੁਡੀਸੀਅਲ ਪੜਤਾਲ ਕਰਵਾ ਕੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ।
Comments
Post a Comment