ਭਾਕਿਯੂ (ਏਕਤਾ-ਉਗਰਾਹਾਂ) ਦਾ ਲੋਕਾਂ ਨੂੰ ਸੱਦਾ "ਜੰਗ ਨਹੀਂ, ਅਮਨ" ਦੇ ਨਾਅਰੇ ਲਈ ਅੱਗੇ ਆਓ, ਅੰਨ੍ਹੇ ਤੇ ਫਿਰਕੂ ਕੌਮਵਾਦ ਨੂੰ ਰੱਦ ਕਰੋ
ਭਾਕਿਯੂ (ਏਕਤਾ-ਉਗਰਾਹਾਂ) ਦਾ ਲੋਕਾਂ ਨੂੰ ਸੱਦਾ "ਜੰਗ ਨਹੀਂ, ਅਮਨ" ਦੇ ਨਾਅਰੇ ਲਈ ਅੱਗੇ ਆਓ, ਅੰਨ੍ਹੇ ਤੇ ਫਿਰਕੂ ਕੌਮਵਾਦ ਨੂੰ ਰੱਦ ਕਰੋ
ਚੰਡੀਗੜ੍ਹ 7 ਮਈ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਭਾਰਤੀ ਹਾਕਮਾਂ ਵੱਲੋਂ ਜੰਗੀ ਜਨੂੰਨ ਭੜਕਾਉਣ ਦੀਆਂ ਕਾਰਵਾਈਆਂ ਦਾ ਸਖਤ ਵਿਰੋਧ ਕੀਤਾ ਹੈ ਤੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਨਿਹੱਕੀ ਤੇ ਭਰਾ-ਮਾਰੂ ਜੰਗ ਦੇ ਵਿਰੋਧ ਵਿੱਚ ਅੱਗੇ ਆਉਣ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਬਿਨਾਂ ਸ਼ੱਕ ਪਹਿਲਗਾਮ ਦੀ ਘਟਨਾ ਬਹੁਤ ਅਫਸੋਸਨਾਕ ਤੇ ਨਿਖੇਧੀਜਨਕ ਘਟਨਾ ਸੀ। ਪਰ ਇਸ ਘਟਨਾ ਨੂੰ ਬਹਾਨਾ ਬਣਾ ਕੇ ਗੁਆਂਢੀ ਮੁਲਕ ਖ਼ਿਲਾਫ਼ ਜੰਗ ਛੇੜਨ ਦੇ ਮੋਦੀ ਸਰਕਾਰ ਦੇ ਮਨਸੂਬੇ ਉਸਦੀ ਆਪਣੀ ਸੌੜੀ ਫਿਰਕੂ ਰਾਜਨੀਤੀ ਤੋਂ ਪ੍ਰੇਰਿਤ ਹਨ। ਅਤਿ ਵਿਕਸਿਤ ਹਥਿਆਰਾਂ ਨਾਲ ਲੈਸ ਦੋਹਾਂ ਪਾਸਿਆਂ ਦੀਆਂ ਫੌਜਾਂ ਦੀ ਇਹ ਜੰਗ ਦੋਹਾਂ ਦੇਸ਼ਾਂ ਦੀ ਜਵਾਨੀ ਦਾ ਖਾਜਾ ਬਣੇਗੀ। ਦੋਹਾਂ ਪਾਸਿਆਂ ਦੇ ਪੰਜਾਬੀ ਤੇ ਕਸ਼ਮੀਰੀ ਲੋਕ ਇਸ ਜੰਗੀ ਕਹਿਰ ਦੀ ਮਾਰ ਝੱਲਣਗੇ ਤੇ ਦੋਹੀਂ ਪਾਸੀਂ ਤਬਾਹੀ ਹੋਵੇਗੀ। ਦੋਹਾਂ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਅੰਦਰ ਹਮਲਿਆਂ ਦੀ ਭਾਰਤੀ ਹਾਕਮਾਂ ਦੀ ਇਹ ਕਾਰਵਾਈ ਵੱਡੀ ਜੰਗੀ ਭੜਕਾਹਟ ਨੂੰ ਜਨਮ ਦੇ ਸਕਦੀ ਹੈ ਜਿਸਦੀ ਲੋਕਾਂ ਨੂੰ ਭਾਰੀ ਕੀਮਤ 'ਤਾਰਨੀ ਪੈਣੀ ਹੈ। ਇਸ ਲਈ ਸਭਨਾਂ ਇਨਸਾਫ਼-ਪਸੰਦ ਤੇ ਅਮਨ-ਪਸੰਦ ਲੋਕਾਂ ਨੂੰ ਜੰਗ ਰੋਕਣ ਲਈ ਫੌਰੀ ਲਾਮਬੰਦ ਹੋਣਾ ਚਾਹੀਦਾ ਤੇ ਆਵਾਜ਼ ਉਠਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਮੋਦੀ ਸਰਕਾਰ ਇਸ ਫਿਰਕੂ ਤੇ ਅੰਨ੍ਹੇ ਰਾਸ਼ਟਰਵਾਦ ਦੀ ਆੜ ਵਿੱਚ ਸਾਮਰਾਜੀ ਹਾਕਮਾਂ ਨਾਲ ਦੇਸ਼ ਧਰੋਹੀ ਸੰਧੀਆਂ ਕਰਨ 'ਚ ਰੁੱਝੀ ਹੋਈ ਹੈ। ਰਾਸ਼ਟਰੀ ਸੁਰੱਖਿਆ ਦੇ ਨਾਂ 'ਤੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਦਾ ਪੈੜਾ ਬੰਨ੍ਹ ਰਹੀ ਹੈ। ਜੰਗੀ ਗੁਬਾਰ ਖੜ੍ਹਾ ਕਰਨ ਪਿਛਲੇ ਇਹਨਾਂ ਮਨਸੂਬਿਆਂ ਨੂੰ ਲੋਕਾਂ ਵੱਲੋਂ ਸਮਝੇ ਜਾਣ ਦੀ ਲੋੜ ਹੈ। ਜਥੇਬੰਦੀ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਵੱਲੋਂ ਫਿਰਕੂ ਤੇ ਅੰਨ੍ਹੇ ਕੌਮੀ ਜਜ਼ਬਾਤ ਭੜਕਾਉਣ ਦੀਆਂ ਕੋਸ਼ਿਸ਼ਾਂ ਖਿਲਾਫ ਡਟਣ, ਗੁਆਂਢੀ ਮੁਲਕ ਖ਼ਿਲਾਫ਼ ਜੰਗ ਛੇੜਨ ਦੇ ਕਦਮਾਂ ਦਾ ਵਿਰੋਧ ਕਰਨ, ਹਰ ਤਰ੍ਹਾਂ ਦੇ ਫਿਰਕੂ ਫਾਟਕਾਂ ਨੂੰ ਰੱਦ ਕਰਨ, ਆਪਸੀ ਏਕਾ ਕਾਇਮ ਰੱਖਣ ਤੇ ਹੱਕੀ ਸੰਘਰਸ਼ਾਂ ਨੂੰ ਤੇਜ ਕਰਨ।
Comments
Post a Comment