ਫ਼ੌਜ ਦੀ ਰਾਜਨੀਤੀ ਲਈ ਵਰਤੋਂ ਨਹੀਂ ਹੋਣੀ ਚਾਹੀਦੀ : ਕਮਿਊਨਿਸਟ ਆਗੂ
ਕੇਂਦਰ ਸਪੱਸ਼ਟ ਕਰੇ ਝੂਠਾ ਬਿਆਨ ਕਿਉ ਦਿਵਾਇਆ ਗਿਆ?
ਚੰਡੀਗੜ੍ਹ 23 ਮਈ ( ਰਣਜੀਤ ਧਾਲੀਵਾਲ ) : ਫ਼ੌਜ ਦੀ ਰਾਜਨੀਤੀ ਲਈ ਵਰਤੋਂ ਕਿਸੇ ਵੀ ਕੀਮਤ ’ਤੇ ਨਹੀਂ ਹੋਣੀ ਚਾਹੀਦੀ, ਅਜਿਹਾ ਕਰਨ ਨਾਲ ਭਾਰਤੀ ਫ਼ੌਜ ਦਾ ਅਕਸ ਖ਼ਰਾਬ ਹੁੰਦਾ ਹੈ। ਇਹ ਵਿਚਾਰ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਤੇ ਸੀਪੀਆਈ(ਐੱਮ ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਪ੍ਰਗਟ ਕੀਤੇ। ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਖੇਤਰ ਵਿੱਚ ਸੁਰੱਖਿਆ ਹਵਾਈ ਗੰਨਾਂ ਤਾਇਨਾਤ ਕਰਨ ਵਾਲੇ ਬਿਆਨ ਦੇ ਸੰਦਰਭ ਵਿੱਚ ਗੱਲ ਕਰ ਰਹੇ ਸਨ। ਇੱਥੇ ਇਹ ਵਰਨਣਯੋਗ ਹੈ ਕਿ ਭਾਰਤੀ ਫ਼ੌਜ ਦੇ ਇੱਕ ਲੈਫਟੀਨੈੱਟ ਜਨਰਲ ਸਮੇਰ ਇਵਾਨ ਵੱਲੋਂ ਇੱਕ ਚੈਨਲ ਲਈ ਦਿੱਤੀ ਜਾ ਰਹੀ ਇੰਟਰਵਿਊ ’ਚ ਦਾਅਵਾ ਕੀਤਾ ਸੀ ਕਿ ਅਪਰੇਸ਼ਨ ਸਿੰਧੂਰ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਖੇਤਰ ਵਿੱਚ ਸੁਰੱਖਿਆ ਹਵਾਈ ਗੰਨਾਂ ਲਗਾਈਆਂ ਗਈਆਂ ਸਨ। ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਡਰੋਨ ਹਮਲੇ ਕੀਤੇ, ਜਿਨਾਂ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਨਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਅਡੀਸਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਇਸ ਬਿਆਨ ’ਤੇ ਹੈਰਾਨੀ ਪ੍ਰਗਟ ਕਰਦਿਆਂ ਇਸ ਨੂੰ ਗਲਤ ਕਿਹਾ ਸੀ। ਉਨਾਂ ਕਿਹਾ ਕਿ ਇਸ ਖੇਤਰ ਵਿੱਚ ਸੁਰੱਖਿਆ ਹਵਾਈ ਗੰਨਾਂ ਨਹੀਂ ਲਗਾਈਆਂ ਗਈਆਂ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਨਾਂ ਲਗਾਉਣ ਲਈ ਕੋਈ ਪ੍ਰਵਾਨਗੀ ਦਿੱਤੀ। ਉਨਾਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਮਨੁੱਖਤਾ ਦੇ ਭਲੇ ਲਈ ਅਰਦਾਸ ਹੁੰਦੀ ਹੈ ਅਤੇ ਕੋਈ ਇਸ ਅਸਥਾਨ ਬਾਰੇ ਮਾੜਾ ਸੋਚ ਵੀ ਨਹੀਂ ਸਕਦਾ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਖੰਡਨ ਤੋਂ ਬਾਅਦ ਭਾਰਤੀ ਫ਼ੌਜ ਨੇ ਹਵਾਈ ਗੰਨਾਂ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਇਸ ਖੇਤਰ ਵਿੱਚ ਗੰਨਾਂ ਤਾਇਨਾਤ ਨਹੀਂ ਕੀਤੀਆਂ ਗਈਆਂ ਸਨ। ਤਿੰਨੇ ਕਮਿਊਨਿਸਟ ਨੇਤਾਵਾਂ ਨੇ ਕਿਹਾ ਕਿ ਅਜਿਹਾ ਗ਼ੈਰਵਾਜਬ ਤੇ ਝੂਠਾ ਬਿਆਨ ਫ਼ੌਜ ਨੂੰ ਰਾਜਨੀਤੀ ਲਈ ਵਰਤਣ ਵਾਸਤੇ ਕਥਿਤ ਤੌਰ ’ਤੇ ਕੇਂਦਰ ਸਰਕਾਰ ਵੱਲੋਂ ਦਿਵਾਇਆ ਗਿਆ, ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਜਾ ਸਕੇ। ਉਨਾਂ ਕਿਹਾ ਕਿ ਇਹ ਬਿਆਨ ਫ਼ੌਜ ਦਾ ਵਿਸਵਾਸ਼ ਤੋੜਨ ਵਾਲਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਪਰਦਾਫਾਸ਼ ਕਰਦਾ ਹੈ। ਇੱਥੇ ਹੀ ਬਸ ਨਹੀਂ ਇਹ ਬਿਆਨ ਸ੍ਰੀ ਦਰਬਾਰ ਸਾਹਿਬ ਖੇਤਰ ਦੀ ਮਰਯਾਦਾ ’ਤੇ ਵੀ ਕਈ ਸਵਾਲ ਖੜੇ ਕਰਦਾ ਹੈ, ਜੋ ਮੰਦਭਾਗਾ ਹੈ। ਭਾਰਤੀ ਫ਼ੌਜ ਨੂੰ ਇਸ ਬਿਆਨ ਤੋਂ ਪਿੱਛੇ ਮੁੜਣਾ ਪਿਆ। ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਫ਼ੌਜ ਦੀ ਰਾਜਨੀਤੀ ਲਈ ਕਿਸੇ ਵੀ ਕੀਮਤ ’ਤੇ ਵਰਤੋਂ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਦੇ ਇਸ਼ਾਰੇ ਬਗ਼ੈਰ ਅਜਿਹਾ ਬਿਆਨ ਨਹੀਂ ਦਿੱਤਾ ਜਾ ਸਕਦਾ, ਸਰਕਾਰ ਸਪੱਸ਼ਟ ਕਰੇ ਕਿ ਇਹ ਝੂਠਾ ਬਿਆਨ ਕਿਉ ਦਿਵਾਇਆ ਗਿਆ? ਅੱਗੇ ਲਈ ਭਰੋਸਾ ਪੈਦਾ ਕਰੇ ਕਿ ਫ਼ੌਜ ਦੀ ਰਾਜਨੀਤੀ ਲਈ ਕਦੇ ਵੀ ਵਰਤੋਂ ਨਹੀਂ ਕੀਤੀ ਜਾਵੇਗੀ।
Comments
Post a Comment