ਫਰੈਂਚ-ਕੈਰੇਬੀਅਨ ਸਟਾਰ ਡੇਵਿਡ ਵਾਲਟਰਸ 19 ਜੂਨ ਨੂੰ ਚੰਡੀਗੜ੍ਹ ਵਿੱਚ ਲੈ ਕੇ ਆ ਰਹੇ ਹਨ ‘ਸੋਲ ਟਰੋਪਿਕਲ’ ਰਿਦਮਸ
‘ਫੇਟ ਦ ਲਾ ਮਿਊਜ਼ਿਕ’ ਦੇ ਮੌਕੇ ’ਤੇ ਪਛਾਣ, ਖੁਸ਼ੀ ਅਤੇ ਗਲੋਬਲ ਧੁਨਾਂ ਦਾ ਇੱਕ ਸੰਗੀਤਕ ਜਸ਼ਨ
ਚੰਡੀਗੜ੍ਹ 17 ਜੂਨ ( ਰਣਜੀਤ ਧਾਲੀਵਾਲ ) : ਇੱਕ ਵਿਸ਼ੇਸ਼ ਸੰਗੀਤਕ ਸ਼ਾਮ ਲਈ ਤਿਆਰ ਹੋ ਜਾਓ ਕਿਉਂਕਿ ਫਰੈਂਚ ਸੰਗੀਤਕਾਰ ਡੇਵਿਡ ਵਾਲਟਰਸ ਆਪਣੇ ‘ਟ੍ਰਿਓ’ ਦੇ ਨਾਲ ‘ਸੋਲ ਟਰੋਪਿਕਲ’ ਟੂਰ ਦੇ ਹਿੱਸੇ ਵਜੋਂ ਚੰਡੀਗੜ੍ਹ ਆ ਰਹੇ ਹਨ। ਉਹ ਵੀਰਵਾਰ, 19 ਜੂਨ ਨੂੰ ਸ਼ਾਮ 7:30 ਵਜੇ ਟੈਗੋਰ ਥੀਏਟਰ, ਸੈਕਟਰ 18 ਵਿੱਚ ਪੇਸ਼ਕਾਰੀ ਦੇਣਗੇ। ਫਰੈਂਚ-ਕੈਰੇਬੀਅਨ ਸੰਗੀਤਕਾਰ ਡੇਵਿਡ ਵਾਲਟਰਸ ਇਸ ਸੰਗੀਤਕ ਯਾਤਰਾ ਨੂੰ ਚੰਡੀਗੜ੍ਹ ਲਿਆ ਰਹੇ ਹਨ, ਜੋ ਕਿ ਅਫਰੀਕੀ-ਕੈਰੇਬੀਅਨ ਰੂਟਸ, ਸੋਲ, ਫੰਕ ਅਤੇ ਗਲੋਬਲ ਧੁਨਾਂ ਦਾ ਇੱਕ ਵਿਲੱਖਣ ਸੁਮੇਲ ਹੋਵੇਗਾ। ਸੰਗੀਤ, ਸੱਭਿਆਚਾਰ ਅਤੇ ਆਪਸੀ ਸਬੰਧ ਦਾ ਇਹ ਜਸ਼ਨ ਅੰਤਰਰਾਸ਼ਟਰੀ ‘ਫੇਟ ਦ ਲਾ ਮਿਊਜ਼ਿਕ’ ਤਿਉਹਾਰ ਦਾ ਇੱਕ ਹਿੱਸਾ ਹੈ, ਜੋ ਹਰ ਸਾਲ ਜੂਨ ਦੇ ਮਹੀਨੇ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਟੂਰ ਫਰੈਂਚ ਇੰਸਟੀਚਿਊਟ ਇੰਨ ਇੰਡੀਆ ਅਤੇ ਅਲਾਇੰਸ ਫਰਾਂਸੇਸ ਨੈੱਟਵਰਕ ਇੰਡੀਆ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹ ਦਿੱਲੀ, ਭੋਪਾਲ, ਪੁਣੇ, ਹੈਦਰਾਬਾਦ, ਬੰਗਲੁਰੂ, ਕੋਲਕਾਤਾ ਅਤੇ ਜੈਪੁਰ ਵਰਗੇ ਹੋਰ ਸ਼ਹਿਰਾਂ ਵਿੱਚ ਵੀ ਉਤਸ਼ਾਹ ਪੂਰਨ ਪੇਸ਼ਕਾਰੀਆਂ ਦੇ ਨਾਲ ਜਾਰੀ ਰਹੇਗਾ। ਵਾਲਟਰਸ, ਜੋ ਕਿ ਆਪਣੇ ਸੀਮਾ-ਤੋੜ ਸੰਗੀਤ ਅਤੇ ਸਟੇਜ ’ਤੇ ਜ਼ਬਰਦਸਤ ਊਰਜਾ ਲਈ ਜਾਣੇ ਜਾਂਦੇ ਹਨ, ਆਪਣੀਆਂ ਪੇਸ਼ਕਾਰੀਆਂ ਵਿੱਚ ਇੱਕ ਡੂੰਘੀ ਭਾਵਨਾਤਮਕ ਗੂੰਜ ਲਿਆਉਂਦੇ ਹਨ। ਉਨ੍ਹਾਂ ਦੀ ਨਵੀਂ ਐਲਬਮ ‘ਸੋਲ ਟਰੋਪਿਕਲ’ ਉਨ੍ਹਾਂ ਦੀ ਕੈਰੇਬੀਅਨ ਵਿਰਾਸਤ ਨੂੰ ਇੱਕ ਨਿੱਜੀ ਸ਼ਰਧਾਂਜਲੀ ਹੈ ਅਤੇ ਖੁਸ਼ੀ ਅਤੇ ਲਚਕੀਲੇਪਣ ਲਈ ਇੱਕ ਵਿਸ਼ਵਵਿਆਪੀ ਗੀਤ ਵੀ ਹੈ। ਇਸ ਐਲਬਮ ਵਿੱਚ ਮਾਰੀਓ ਕੈਨੋਜ, ਬੱਲਾਕੇ ਸਿਸੋਕੋ, ਫਲਾਵੀਆ ਕੋਏਲਹੋ ਅਤੇ ਕੈਪਟਨ ਪਲੈਨੇਟ ਵਰਗੇ ਮਸ਼ਹੂਰ ਕਲਾਕਾਰਾਂ ਨਾਲ ਸਹਿਯੋਗ ਸ਼ਾਮਿਲ ਹੈ, ਜਿਸ ਵਿੱਚ ਮਾਰਟੀਨਿਕ, ਗੁਆਡੇਲੂਪ, ਕਿਊਬਾ, ਬ੍ਰਾਜ਼ੀਲ ਅਤੇ ਅਫਰੀਕਾ ਦੀਆਂ ਧੁਨਾਂ ਨੂੰ ਮਿਲਾਉਣਾ ਹੈ ਅਤੇ ਇਹ ਸਾਰੇ ਮਾਰਸੇਲਜ਼, ਪੈਰਿਸ, ਸ਼ੈਫੀਲਡ ਅਤੇ ਲਾਸ ਏਂਜਲਸ ਦੀ ਜੀਵੰਤ ਊਰਜਾ ਨਾਲ ਭਰਪੂਰ ਹਨ।ਵਾਲਟਰਸ ਕਹਿੰਦੇ ਹਨ, ‘‘ਕਿ ਇਹ ਸਿਰਫ ਸੁਣਨ ਲਈ ਨਹੀਂ, ਮਹਿਸੂਸ ਕਰਨ, ਅੱਗੇ ਵੱਧਣ ਅਤੇ ਜੁੜਨ ਲਈ ਸੰਗੀਤ ਹੈ। ‘ਸੋਲ ਟਰੋਪਿਕਲ’ ਦੁੱਖ ਵਿੱਚੋਂ ਨੱਚਣ, ਪਰਿਵਾਰ ਨਾਲ ਦੁਬਾਰਾ ਜੁੜਨ ਅਤੇ ਸਾਂਝੀਆਂ ਤਾਲਾਂ ਵਿੱਚ ਖੁਸ਼ੀ ਲੱਭਣ ਬਾਰੇ ਗੱਲ ਕਰਦਾ ਹੈ।’’ ਇਹ ਪ੍ਰੋਗਰਾਮ ਮੁਫ਼ਤ ਹੈ ਅਤੇ ਸਾਰਿਆਂ ਲਈ ਖੁੱਲ੍ਹਾ ਹੈ।
Comments
Post a Comment