13 ਸਾਲਾਂ ਦੀ ਨਾਬਾਲਗ ਬੱਚੀ ਹੋਈ ਗਰਭਪਤੀ, ਲੜਕੇ ਦੇ ਮਾਂ ਬਾਪ ਨੇ ਕੀਤਾ ਬੱਚੀ ਨੂੰ ਗਾਇਬ, ਪੁਲਿਸ ਨੇ ਕੀਤਾ ਬਰਾਮਦ,
ਬੱਚੀ ਦਾ ਬਾਪ ਇਨਸਾਫ ਲੈਣ ਲਈ ਖਾ ਰਿਹਾ ਦਰ ਦਰ ਦੀਆਂ ਠੋਕਰਾਂ, ਐਸ ਸੀ ਬੀਸੀ ਮੋਰਚਾ ਆਗੂਆਂ ਕੋਲ ਲਗਾਈ ਇਨਸਾਫ ਦੀ ਗੁਹਾਰ,
ਜੇ 3 ਦਿਨ ਵਿੱਚ ਪੁਲਿਸ ਨੇ ਦੋਸ਼ੀਆਂ ਤੇ ਨਾ ਕੀਤੀ ਕਾਰਵਾਈ ਤਾਂ 16 ਅਗਸਤ ਨੂੰ ਕੀਤਾ ਜਾਵੇਗਾ ਮੋਹਾਲੀ ਫੇਸ 8 ਦੇ ਥਾਣੇ ਦਾ ਘਿਰਾਓ ਤੇ ਫੂਕਿਆ ਜਾਵੇਗਾ ਐਸਐਸਪੀ ਮੋਹਾਲੀ ਦਾ ਪੁਤਲਾ: ਪ੍ਰਧਾਨ ਕੁੰਭੜਾ,
ਐਸ.ਏ.ਐਸ.ਨਗਰ 9 ਅਗਸਤ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀ ਸੀ ਮੋਰਚੇ ਤੇ ਅੱਜ ਪਿੰਡ ਕੁੰਭੜਾ ਤੋਂ ਇੱਕ ਪੀੜਿਤ ਬਾਪ ਪਹੁੰਚਿਆ। ਜਿਸ ਦੀ 13 ਸਾਲਾਂ ਬੱਚੀ ਦੀ ਗਰਭਪਤੀ ਹੋਣ ਦੀ ਹਸਪਤਾਲ ਵੱਲੋਂ ਆਈ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ। ਨਾਬਾਲਗ ਬੱਚੀ ਦੇ ਪਿਤਾ ਨੇ ਰੋਂਦੇ ਹੋਏ ਪ੍ਰੈਸ ਦੇ ਸਾਹਮਣੇ ਆਪਣੀ ਬੱਚੀ ਨਾਲ ਹੋਏ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਬੱਚੀ ਦੇ ਪਿਤਾ ਨੇ ਦੱਸਿਆ ਕਿ ਚੰਦਨ ਨਾਂ ਦੇ ਇੱਕ ਲੜਕੇ ਨੇ ਮੇਰੀ ਬੇਟੀ ਨਾਲ ਦੁਸ਼ਕਰਮ ਕੀਤਾ। ਜੋ ਪਿੰਡ ਕੁੰਭੜਾ ਵਿੱਚ ਕਿਰਾਏ ਤੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਜਦੋਂ ਉਹ ਬੱਚੀ ਜਦੋਂ ਗਰਭਵਤੀ ਹੋ ਗਈ ਤਾਂ ਲੜਕੇ ਦੇ ਮਾਂ ਬਾਪ ਨੇ ਬੱਚੀ ਦਾ ਗਰਭਪਾਤ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਬੱਚੀ ਨੂੰ ਗਾਇਬ ਕਰ ਦਿੱਤਾ। ਪਰ ਅਸੀਂ ਪੁਲਿਸ ਦੀ ਸਹਾਇਤਾ ਨਾਲ ਬੱਚੀ ਨੂੰ ਬਰਾਮਦ ਕੀਤਾ ਤੇ ਮੋਹਾਲੀ ਦੇ ਫੇਸ 6 ਵਿੱਚ ਸਥਿਤ ਹਸਪਤਾਲ ਵਿੱਚ ਜਾਂਚ ਕਰਵਾਈ। ਹੁਣ ਪੁਲਿਸ ਕਰੀਬ ਤਿੰਨ ਦਿਨਾਂ ਤੋਂ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਨਾ ਹੀ ਸਾਨੂੰ ਐਫਆਈਆਰ ਦੀ ਕਾਪੀ ਦੇ ਰਹੀ ਹੈ। ਬੱਚੀ ਦੇ ਪਿਤਾ ਨੇ ਕਿਹਾ ਕਿ ਪੁਲਿਸ ਸਾਡੇ ਤੇ ਸਮਝੌਤਾ ਕਰਨ ਦਾ ਦਬਾਅ ਬਣਾ ਰਹੀ ਹੈ ਤੇ ਸਾਨੂੰ ਸ਼ੱਕ ਹੈ ਕਿ ਪੁਲਿਸ ਲੜਕੇ ਨੂੰ ਬਚਾਉਣਾ ਚਾਹੁੰਦੀ ਹੈ। ਇਸ ਮਾਮਲੇ ਬਾਰੇ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਇਸੇ ਤਰ੍ਹਾਂ ਦੇ ਸਾਡੇ ਕੋਲ ਪਹੁੰਚੇ ਹਨ। ਬੜੇ ਸ਼ਰਮ ਦੀ ਗੱਲ ਹੈ ਕਿ ਪੁਲਿਸ ਇਹਨਾਂ ਮਾਮਲਿਆਂ ਤੇ ਵੀ ਪਹਿਲ ਦੇ ਅਧਾਰ ਤੇ ਕਾਰਵਾਈ ਨਹੀਂ ਕਰਦੀ। ਸ. ਕੁੰਭੜਾ ਨੇ ਕਿਹਾ ਕਿ ਉਸ ਸਮੇਂ ਹੱਦ ਹੋ ਗਈ ਜਦੋਂ ਮੈਂ ਬੱਚੀ ਦੇ ਪਿਤਾ ਨਾਲ ਫੇਸ 8 ਦੇ ਥਾਣੇ ਗਿਆ ਤੇ ਮੁਨਸ਼ੀ ਦਲਬੀਰ ਸਿੰਘ ਤੋਂ ਐਫਆਈਆਰ ਦੀ ਕਾਪੀ ਮੰਗੀ। ਪਰ ਉਸਨੇ ਕਾਪੀ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਮੈਂ ਪੜਤਾਲੀ ਅਫਸਰ ਤੋਂ ਬਿਨਾਂ ਇਹ ਕਾਪੀ ਤੁਹਾਨੂੰ ਨਹੀਂ ਦੇ ਸਕਦਾ। ਸ. ਕੁੰਭੜਾ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਪੁਲਿਸ ਲੜਕੇ ਦੇ ਮਾਪਿਆਂ ਨਾਲ ਮਿਲ ਕੇ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ। ਅਸੀਂ ਮੋਰਚੇ ਵੱਲੋਂ ਐਸਐਸਪੀ ਮੋਹਾਲੀ ਨੂੰ ਇਹ ਅਪੀਲ ਕਰਦੇ ਹਾਂ ਕਿ ਜੇਕਰ ਤਿੰਨ ਦਿਨਾਂ ਵਿੱਚ ਇਹ ਮਾਮਲੇ ਦੇ ਕਾਰਵਾਈ ਨਾ ਹੋਈ, ਲੜਕੇ ਅਤੇ ਉਸਦੇ ਮਾਂ ਬਾਪ ਤੇ ਕੇਸ ਪਾਕੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਮਿਤੀ 16 ਅਗਸਤ ਨੂੰ ਥਾਣਾ ਫੇਸ 8 ਦਾ ਘਿਰਾਓ ਕੀਤਾ ਜਾਵੇਗਾ ਤੇ ਐਸਐਸਪੀ ਮੋਹਾਲੀ ਦਾ ਪੁਤਲਾ ਫੂਕਿਆ ਜਾਵੇਗਾ। ਇਸ ਦਿਨ ਜ਼ਿਲਾ ਮੋਹਾਲੀ ਦੀ ਪੁਲਿਸ ਤੋਂ ਪੀੜਿਤ ਸਾਰੇ ਪਰਿਵਾਰ ਇਸ ਘਿਰਾਓ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਕਰਮ ਸਿੰਘ ਕੁਰੜੀ, ਗੁਰਚਰਨ ਸਿੰਘ ਸੁਹਾਣਾ, ਬਲਜੀਤ ਸਿੰਘ, ਕਰਮਜੀਤ ਸਿੰਘ, ਰਾਮ ਬਿਲਾਸ ਅਤੇ ਸ਼ੁਸ਼ੀਲ ਆਦਿ ਹਾਜ਼ਰ ਸਨ।
Comments
Post a Comment