ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ 17ਵੀਂ ਬਰਸੀ ’ਤੇ ਭਰਪੂਰ ਸ਼ਰਧਾਂਜਲੀਆਂ, ਧਰਮ ਨਿਰਪੱਖ ਸਿਆਸਤ ’ਚ ਪਾਏ ਯੋਗਦਾਨ ਤੋਂ ਸੇਧ ਲੈਣ ਦਾ ਪ੍ਰਣ
ਕਾਮਰੇਡ ਸੁਰਜੀਤ ਨੇ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਗੱਲ ਕੀਤੀ : ਕਾਮਰੇਡ ਮੁਹੰਮਦ ਯੂਸਫ਼ ਤਾਰੀਗਾਮੀ
ਕਾਮਰੇਡ ਸੁਰਜੀਤ ਦੇ ਪੂਰਨਿਆਂ ’ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ : ਕਾਮਰੇਡ ਸੇਖੋਂ
ਚੰਡੀਗੜ੍ਹ 1 ਅਗੱਸਤ ( ਰਣਜੀਤ ਧਾਲੀਵਾਲ ) : ਕੌਮਾਂਤਰੀ ਪੱਧਰ ’ਤੇ ਪ੍ਰਸਿੱਧ ਸੀਪੀਆਈ (ਐਮ) ਦੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਅਤੇ ਬਾਬਾ ਸੋਹਣ ਸਿੰਘ ਭਕਨਾ ਭਵਨ ਟਰੱਸਟ ਤੇ ‘ਦੇਸ਼ ਸੇਵਕ’ ਦੇ ਸੰਸਥਾਪਕ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 17ਵੀਂ ਬਰਸੀ ਸਥਾਨਕ ਸੈਕਟਰ 29-ਡੀ ਦੇ ਬਾਬਾ ਸੋਹਣ ਸਿੰਘ ਭਕਨਾ ਭਵਨ ਵਿਖੇ ਮਨਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਬਾਬਾ ਸੋਹਣ ਸਿੰਘ ਭਕਨਾ ਟਰੱਸਟ ਦੇ ਮੈਂਬਰ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਤੇ ਕਾਮਰੇਡ ਗੁਰਦਰਸ਼ਨ ਸਿੰਘ ਖ਼ਾਸਪੁਰ ਨੇ ਕੀਤੀ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਮਰੇਡ ਭੂਪ ਚੰਦ ਚੰਨੋ ਨੇ ਨਿਭਾਈ। ਪ੍ਰਧਾਨਗੀ ਮੰਡਲ ’ਚ ਸੀਪੀਆਈ (ਐਮ) ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਮੈਂਬਰ ਕਾਮਰੇਡ ਮੁਹੰਮਦ ਯੂਸਫ਼ ਤਾਰੀਗਾਮੀ, ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ, ਕਾਮਰੇਡ ਗੁਰਨੇਕ ਸਿੰਘ ਭੱਜਲ, ਕਾਮਰੇਡ ਸਵਰਨ ਸਿੰਘ ਦਲਿਓ, ਸੁਖਪ੍ਰੀਤ ਸਿੰਘ ਜੌਹਲ, ਅਬਦੁਲ ਸਤਾਰ, ਜਤਿੰਦਰਪਾਲ ਸਿੰਘ, ਸਤਿਨਾਮ ਸਿੰਘ ਬੜੈਚ, ਬਲਜੀਤ ਸਿੰਘ ਗਰੇਵਾਲ, ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਕਾਂਗਰਸੀ ਆਗੂ ਤੇ ਵਿਧਾਇਕ ਪਰਗਟ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਅਤੇ ‘ਦੇਸ਼ ਸੇਵਕ’ ਦੇ ਰੈਜੀਡੈਂਟ ਐਡੀਟਰ-ਕਮ-ਜਨਰਲ ਮੈਨੇਜਰ ਚੇਤਨ ਸ਼ਰਮਾ ਤੇ ਐਡੀਟਰ ਰਿਪੁਦਮਨ ਸਿੰਘ ਰਿੱਪੀ ਮੌਜੂਦ ਸਨ।
ਕਾਮਰੇਡ ਸੁਰਜੀਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਾਮਰੇਡ ਮੁਹੰਮਦ ਯੂਸਫ਼ ਤਾਰੀਗਾਮੀ ਨੇ ਕਿਹਾ ਕਿ ਕਾਮਰੇਡ ਸੁਰਜੀਤ ਉਨ੍ਹਾਂ ਦੇ ਉਸਤਾਦ ਸਨ। ਉਨ੍ਹਾਂ ਨੂੰ ਕਾਮਰੇਡ ਸੁਰਜੀਤ ਤੋਂ ਸਿੱਖਣ ਦੇ ਬਹੁਤ ਮੌਕੇ ਮਿਲੇ। ਕਾਮਰੇਡ ਸੁਰਜੀਤ ਇੱਕ ਅਜਿਹੀ ਸਖ਼ਸ਼ੀਅਤ ਸਨ, ਜਿਨ੍ਹਾਂ ਕੋਲ ਹਰ ਮਸਲੇ ਦਾ ਹੱਲ ਹੁੰਦਾ ਸੀ। ਕਾਮਰੇਡ ਤਾਰੀਗਾਮੀ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਿਹਾ ਕਿ ਮੁਲਕ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ, ਉਨ੍ਹਾਂ ਦੇ ਕਹਿਣ ਦਾ ਭਾਵ ਭਾਰਤ ਤੇ ਪਾਕਿਸਤਾਨ ਤੋਂ ਸੀ। ਕਾਮਰੇਡ ਸੁਰਜੀਤ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਗੱਲ ਕਰਦੇ ਸਨ। ਕਾਮਰੇਡ ਸੁਰਜੀਤ ਮੁਲਕ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਫ਼ੈਸਲੇ ਨੂੰ ਵੱਡੀ ਸੱਟ ਸਮਝਦੇ ਸਨ। ਕਾਮਰੇਡ ਤਾਰੀਗਾਮੀ ਨੇ ਕਿਹਾ ਕਿ ਅੱਜ ਜੋ ਦੇਸ਼ ਦੇ ਹਾਲਾਤ ਹਨ, ਉਸ ’ਚ ਕਾਮਰੇਡ ਸੁਰਜੀਤ ਜਿਹੇ ਦੂਰਦਰਸ਼ੀ ਕੌਮੀ-ਕੌਮਾਂਤਰੀ ਪੱਧਰ ਦੇ ਕਮਿਊਨਿਸਟ ਆਗੂ ਦੀ ਵੱਡੀ ਘਾਟ ਰੜਕਦੀ ਹੈ। ਉਨ੍ਹਾਂ ਕਿਹਾ ਕਿ ਜਿਸ ਪਾਸੇ ਅੱਜ ਸਾਡਾ ਦੇਸ਼ ਜਾ ਰਿਹਾ ਹੈ, ਅਸੀਂ ਰੋਜ਼-ਰੋਜ਼ ਮਰ ਰਹੇ ਹਾਂ। ਸਾਡੇ ਖਾਣ-ਪੀਣ, ਪਹਿਰਾਵੇ ਤੇ ਖੁੱਲ੍ਹ ਕੇ ਬੋਲਣ ’ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੇ ਨਾਲ ਜੰਮੂ ਕਸ਼ਮੀਰ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਜਦੋਂ ਦੇਸ਼ ਦੋ ਹਿੱਸਿਆਂ ’ਚ ਵੰਡਿਆ ਗਿਆ ਤਾਂ ਇਥੇ ਹੀ ਰਹਿਣ ਨੂੰ ਤਰਜ਼ੀਹ ਦਿੱਤੀ, ਕਿਉਂਕਿ ਉਹ ਇਸ ਮਿੱਟੀ ’ਚ ਹੀ ਪੈਦਾ ਹੋਏ ਅਤੇ ਇਸ ਮਿੱਟੀ ਨੂੰ ਮੋਹ ਕਰਦੇ ਸਨ ਅਤੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਦੁਖਾਂਤ ’ਚੋਂ ਜੰਮੂ ਕਸ਼ਮੀਰ ਦੇ ਲੋਕ ਲੰਬੇ ਸਮੇਂ ਤੋਂ ਲੰਘ ਰਹੇ ਹਨ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਜੰਮੂ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ-ਹਕੂਕ ਬਹਾਲ ਕਰਨ ਦੀ ਥਾਂ, ਉਨ੍ਹਾਂ ਨੂੰ ਧਾਰਾ 370 ਅਤੇ 35-ਏ ਦਾ ਖ਼ਾਤਮਾ ਕਰਕੇ ਤੋਹਫ਼ਾ ਦਿੱਤਾ ਗਿਆ। ਸੂਬੇ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨਵਾਂ ਸੂਬਾ ਹੋਂਦ ’ਚ ਆਉਂਦਾ ਹੈ ਤਾਂ ਉਸ ਲਈ ਵਿਧਾਨ ਆਦਿ ਬਣਾਉਣ ਦੀ ਜ਼ਿੰਮੇਵਾਰੀ ਉਸ ਦੀ ਵਿਧਾਨ ਸਭਾ ਦੀ ਹੁੰਦੀ ਹੈ ਪਰ ਜੰਮੂ ਕਸ਼ਮੀਰ ’ਚ ਅਜਿਹਾ ਨਹੀਂ ਹੋਇਆ, ਇਥੇ ਜੋ ਵੀ ਹੋ ਰਿਹਾ ਹੈ, ਉਹ ਕੇਂਦਰ ਦੀ ਦਖ਼ਲਅੰਦਾਜ਼ੀ ਨਾਲ ਹੋ ਰਿਹਾ ਹੈ। ਕਾਮਰੇਡ ਤਾਰੀਗਾਮੀ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਡੀਲਿਮੀਟੇਸ਼ਨ ਦੇ ਤਹਿਤ ਵਿਧਾਨ ਸਭਾ ਦੀਆਂ 7 ਸੀਟਾਂ ਵਧਾ ਦਿੱਤੀਆਂ ਗਈਆਂ, ਇਨ੍ਹਾਂ ’ਚੋਂ 6 ਜੰਮੂ ਲਈ ਅਤੇ 1 ਸੀਟ ਕਸ਼ਮੀਰ ਲਈ ਵਧਾਈ ਗਈ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਜੰਮੂ ਦੇ ਮੁਕਾਬਲੇ ਕਸ਼ਮੀਰ ਦੀ ਆਬਾਦੀ ਵੱਧ ਹੈ ਪਰ ਕਸ਼ਮੀਰ ਲਈ ਇਕ ਸੀਟ ਹੀ ਵਧਾਈ ਗਈ। ਉਨ੍ਹਾਂ ਕਿਹਾ ਕਿ ਇਥੇ ਜੰਗਲ ਰਾਜ ਹੈ, ਹੋਰ ਸਕਦਾ ਹੈ ਕਿ ਕੱਲ੍ਹ ਨੂੰ ਇਹ ਲੋਕ ਪੰਜਾਬ ਨੂੰ ਵੀ ਤਿੰਨ ਹਿੱਸਿਆਂ ’ਚ ਵੰਡ ਦੇਣ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇਥੇ ਬਿਜਨਸ ਰੂਲ ਨਹੀਂ ਬਣਾਇਆ ਗਿਆ। ਇਥੇ ਕਿਸੇ ਨਾਗਰਿਕ ਲਈ ਪਾਸਪੋਰਟ ਹਾਸਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਕਾਮਰੇਡ ਤਾਰੀਗਾਮੀ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਗੱਲ ਕਰਦਿਆਂ ਕਿਹਾ ਕਿ ਪਹਿਲਗਾਮ ਇਕ ਅਹਿਮ ਸੈਲਾਨੀ ਸਥਾਨ ਹੈ ਪਰ ਇਥੇ ਇਕ ਹੌਲਦਾਰ ਦੀ ਵੀ ਤਾਇਨਾਤੀ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਹਮਲੇ ਦੌਰਾਨ ਘੋੜੇ ਵਾਲੇ, ਆਟੋ ਵਾਲੇ ਅਤੇ ਹੋਟਲਾਂ ਵਾਲਿਆਂ ਨੇ ਸੈਲਾਨੀਆਂ ਨੂੰ ਸੰਭਾਲਿਆ ਪਰ ਅਜਿਹੀ ਤਸਵੀਰ ਪੇਸ਼ ਕਰਨ ਲੱਗਿਆਂ, ਇਨ੍ਹਾਂ ਲੋਕਾਂ ਦੀ ਜ਼ਬਾਨ ਰੁਕਦੀ ਕਿਉਂ ਹੈ। ਉਨ੍ਹਾਂ ਕਿਹਾ ਕਿ ਉਹ ਆਪਣਿਆਂ ਵਿੱਚ ਆ ਕੇ ਆਪਣਾ (ਜੰਮੂ ਕਸ਼ਮੀਰ) ਦਰਦ ਬਿਆਨ ਕਰ ਰਹੇ ਹਨ। ਕਾਮਰੇਡ ਤਾਰੀਗਾਮੀ ਨੇ ਕਿਹਾ ਕਿ ਜਿਵੇਂ ਹੋਰ ਸੂਬਿਆਂ ਵਿੱਚ ਕਈ ਤਰ੍ਹਾਂ ਦੀਆਂ ਫ਼ਸਲਾਂ ਪੈਦਾ ਹੁੰਦੀਆਂ ਹਨ, ਕਸ਼ਮੀਰ ’ਚ ਸੇਬ ਪੈਦਾ ਹੁੰਦਾ ਹੈ ਜੋ ਬਹੁਤ ਮਿੱਠਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਧਰਤੀ ਬਾਰੂਦ ਪੈਦਾ ਨਹੀਂ ਕਰਦੀ, ਜਿਵੇਂ ਕਿ ਇਸ ’ਤੇ ਸਮੇਂ-ਸਮੇਂ ’ਤੇ ਅਜਿਹੇ ਦਾਗ਼ ਲਗਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਦਰਦ ਨੂੰ ਵੀ ਤੁਸੀਂ ਆਪਣੇ ਏਜੰਡੇ ’ਚ ਸ਼ਾਮਲ ਕਰੋ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ’ਚ ਅਨੇਕਤਾ ਵਿੱਚ ਏਕਤਾ ਦਾ ਸਿਧਾਂਤ ਲਾਗੂ ਹੁੰਦਾ ਹੈ। ਸਾਡੇ ਵੱਲੋਂ ਧਰਮ ਨਿਰਪੱਖਤਾ, ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਪਹਿਰਾ ਦੇਣਾ ਹੀ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਦੌਰਾਨ ਕਾਮਰੇਡ ਸੁਰਜੀਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਇੱਕ ਅਜਿਹੇ ਕਮਿਊਨਿਸਟ ਆਗੂ ਸਨ ਕਿ ਅੱਜ ਕਮਿਊਨਿਸਟ ਅਹਿਦ ਲੈਣ ਲਈ ਉਨ੍ਹਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਦੀ ਸਾਰੀ ਜ਼ਿੰਦਗੀ ਸੰਘਰਸ਼ ਭਰੀ ਰਹੀ ਤੇ ਉਹ ਕਦੇ ਵੀ ਅਸੂਲਾਂ ਤੋਂ ਪਿਛਾਂਹ ਨਹੀਂ ਹਟੇ। ਉਨ੍ਹਾਂ ਨੇ ਸਾਮਰਾਜ ਦੇ ਸ਼ੋਸ਼ਣ ਖ਼ਿਲਾਫ਼ ਤਿੱਖੀ ਲੜਾਈ ਲੜੀ ਤੇ ਲੋਕਾਂ ਨੂੰ ਇਸ ਦੇ ਵਿਰੁੱਧ ਲਾਮਬੰਦ ਕੀਤਾ। ਉਨ੍ਹਾਂ ਕਿਹਾ ਕਿ ਆਰਐਸਐਸ ਤੇ ਭਾਜਪਾ ਤੋਂ ਬਿਨਾਂ ਸਾਰੇ ਕਾਮਰੇਡ ਸੁਰਜੀਤ ਨੂੰ ਯਾਦ ਕਰਦੇ ਹਨ। ਕਾਮਰੇਡ ਸੁਰਜੀਤ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਸਭ ਤੋਂ ਵੱਡੀ ਭੂਮਿਕਾ ਅਦਾ ਕੀਤੀ, ਜਦੋਂ 1992 ’ਚ ਬਾਬਰੀ ਮਸਜਿਦ ਢਾਈ ਗਈ ਤਾਂ ਉਦੋਂ ਕਾਮਰੇਡ ਸੁਰਜੀਤ ਨੇ ਕਿਹਾ ਸੀ ਕਿ ਜਿਹੜੇ ਸੂਬਿਆਂ ’ਚ ਭਾਜਪਾ ਦੀਆਂ ਸਰਕਾਰਾਂ ਹਨ, ਉਹ ਤੋੜੀਆਂ ਜਾਣੀਆਂ ਚਾਹੀਦੀਆਂ ਹਨ। ਲੰਬਾ ਸਮਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕਾਮਰੇਡ ਜਯੋਤੀ ਬਾਸੂ ਨੇ ਟਿੱਪਣੀ ਕਰਦਿਆਂ ਭਾਜਪਾ ਨੂੰ ਅਸਭਿਅਕ ਪਾਰਟੀ ਕਿਹਾ ਸੀ। ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਈ ਜਦੋਂ ਕਲਕੱਤਾ ਗਏ ਤਾਂ ਕਾਮਰੇਡ ਜਯੋਤੀ ਬਾਸੂ ਬਤੌਰ ਮੁੱਖ ਮੰਤਰੀ ਉਨ੍ਹਾਂ ਦਾ ਸੁਆਗਤ ਕਰਨ ਲਈ ਨਹੀਂ ਪੁੱਜੇ ਸਨ। ਅਗਲੇ ਦਿਨ ਖ਼ੁਦ ਅਟਲ ਬਿਹਾਰੀ ਬਾਜਪਈ ਕਾਮਰੇਡ ਜਯੋਤੀ ਬਾਸੂ ਨੂੰ ਮਿਲੇ ਅਤੇ ਕਿਹਾ ਕਿ ਤੁਸੀਂ ਭਾਜਪਾ ਨੂੰ ਅਸਭਿਅਕ ਪਾਰਟੀ ਕਿਹਾ ਹੈ ਤਾਂ ਅੱਗੋਂ ਕਾਮਰੇਡ ਜਯੋਤੀ ਬਾਸੂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਭਾਜਪਾ-ਆਰਐਸਐਸ ਨੂੰ ਨਿਖੇੜਨ ਲਈ ਲੰਘੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੋ ‘ਇੰਡੀਆ’ ਬਲਾਕ ਦਾ ਗਠਨ ਕੀਤਾ ਗਿਆ, ਉਸ ’ਚ ਮਰਹੂਮ ਕਾਮਰੇਡ ਸੀਤਾਰਾਮ ਯੇਚੁਰੀ ਦਾ ਅਹਿਮ ਯੋਗਦਾਨ ਸੀ। ਨਤੀਜੇ ਵਜੋਂ ਜਿਹੜੀ ਭਾਜਪਾ 400 ਪਾਰ ਦਾ ਨਾਅਰਾ ਲਾਉਂਦਿਆਂ ਦਾਅਵਾ ਕਰਦੀ ਸੀ, ਉਹ 240 ਸੀਟਾਂ ’ਤੇ ਸੀਮਟ ਕੇ ਰਹਿ ਗਈ। ਇਸ ਤਰ੍ਹਾਂ ਉਸ ਦੀਆਂ ਪਿਛਲੀਆਂ ਚੋਣਾਂ ਦੇ ਮੁਕਾਬਲੇ 63 ਸੀਟਾਂ ਘੱਟ ਗਈਆਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੋ ਅੱਜ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਵਿੱਚ ਹਨ, ਉਸ ਲਈ ‘ਇੰਡੀਆ’ ਗੱਠਜੋੜ ਦਾ ਯੋਗਦਾਨ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਭਾਜਪਾ ਦਾ 400 ਸੀਟਾਂ ਦਾ ਅੰਕੜਾ ਪਾਰ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਦਾ ਏਜੰਡਾ ਸੀ। ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੇ ਭਾਜਪਾ ਦੇ ਏਜੰਡੇ ਬਾਰੇ ਬਹੁਤ ਦੇਰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ। ਅੱਜ ਇਹ ਗੱਲਾਂ ਸੱਚ ਹੋ ਰਹੀਆਂ ਹਨ। ਭਾਜਪਾ ਵੱਲੋਂ ਆਰਐਸਐਸ ਦੇ ਏਜੰਡੇ ’ਤੇ ਚਲਦਿਆਂ ਦੇਸ਼ ਦੇ ਸੰਵਿਧਾਨ ’ਚੋਂ ਸਮਾਜਵਾਦੀ ਅਤੇ ਧਰਮ ਨਿਰਪੱਖਤਾ ਜਿਹੇ ਸ਼ਬਦਾਂ ਨੂੰ ਬਾਹਰ ਕੱਢਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿਰਫ਼ 100 ਘਰਾਣਿਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ, ਇਸ ਨੂੰ ਦੇਸ਼ ਦੇ 146 ਕਰੋੜ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਮਾਰਕਸਵਾਦ ਅਤੇ ਲੈਨਿਨਵਾਦ ਦੇ ਸਿਧਾਂਤ ਨੂੰ ਕਿਵੇਂ ਲਾਗੂ ਕਰਨਾ, ਕਾਮਰੇਡ ਸੁਰਜੀਤ ਵੱਲੋਂ ਦੱਸੇ ਇਸ ਗੁਰ ਨੂੰ ਅਪਨਾਉਣਾ ਹੀ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਸ਼ਰਧਾਂਜਲੀ ਸਮਾਗਮ ’ਚ ਕਾਮਰੇਡ ਸੁਰਜੀਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੇ ਭਾਜਪਾ ਨੂੰ ਪਿਛਾਂਹ ਧੱਕਦਿਆਂ ਉਸ ਨੂੰ ਸੱਤਾ ’ਤੇ ਕਾਬਜ਼ ਨਹੀਂ ਹੋਣ ਦਿੱਤਾ। ਪੰਜਾਬ ’ਚ ਦਹਿਸ਼ਤਗਰਦੀ ਦੇ ਦੌਰ ’ਚ ਕਾਮਰੇਡ ਸੁਰਜੀਤ ਨੇ ਹਿੰਦੂ-ਸਿੱਖ ਏਕਤਾ ਲਈ ਵੱਡਾ ਯੋਗਦਾਨ ਪਾਇਆ। ਅੱਜ ਜੋ ਦੇਸ਼ ’ਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਘੋਲ਼ਿਆ ਜਾ ਰਿਹਾ ਹੈ, ਉਸ ਨੂੰ ਪਛਾੜਨ ਲਈ ਕਾਮਰੇਡ ਸੁਰਜੀਤ ਵੱਲੋਂ ਦਿਖਾਏ ਰਾਹ ’ਤੇ ਤੁਰਨਾ ਹੀ, ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਕਾਮਰੇਡ ਸੁਰਜੀਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੇ ਆਪਣੇ ਹੁੰਦਿਆਂ ਫ਼ਿਰਕਾਪ੍ਰਸਤ ਤਾਕਤਾਂ ਨੂੰ ਫਨ ਨਹੀਂ ਚੁੱਕਣ ਦਿੱਤਾ। ਉਹ ਦੁਨੀਆਂ ਦੇ ਮਹਾਨ ਕਮਿਊਨਿਸਟ ਆਗੂ ਸਨ। ਕਾਮਰੇਡ ਬਰਾੜ ਨੇ ਕਿਹਾ ਕਿ ਅੱਜ ਦੇਸ਼ ਬਹੁਤ ਸੰਕਟ ਦੇ ਸਮੇਂ ’ਚੋਂ ਨਿਕਲ ਰਿਹਾ ਹੈ। ਦੇਸ਼ ਅੱਜ ਉਨ੍ਹਾਂ ਦੇ ਹੱਥਾਂ ’ਚ ਆ ਗਿਆ ਹੈ, ਜੋ ਗ਼ੱਦਾਰ ਤੇ ਅੰਗਰੇਜ਼ਾਂ ਦੇ ਟਾਊਟ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਗੱਦੀਓਂ ਲਾਹੁਣ ਲਈ ਵੱਡੀ ਸ਼ਕਤੀ ਚਾਹੀਦੀ ਹੈ ਜੋ ਕਿ ਲਾਮਬੰਦੀ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਬਚਪਨ ਤੋਂ ਹੀ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ’ਚ ਕੁੱਦ ਪਏ ਸਨ ਤੇ ਉਨ੍ਹਾਂ ਨੇ 16 ਸਾਲਾਂ ਦੀ ਉਮਰ ’ਚ ਉਹ ਕੁਝ ਕਰ ਦਿਖਾਇਆ, ਜਿਸ ਦੀ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਅੱਜ ਫ਼ਿਰਕਾਪ੍ਰਸਤ ਤਾਕਤਾਂ ਸਾਡੇ ’ਤੇ ਕਾਬਜ਼ ਹੋ ਰਹੀਆਂ ਹਨ, ਜਿਨ੍ਹਾਂ ਨੂੰ ਲਾਹੁਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਖੱਬੀਆਂ ਪਾਰਟੀਆਂ ਨੂੰ ਏਕਾ ਕਰ ਕੇ ਫ਼ਿਰਕਾਪ੍ਰਸਤੀ ਖ਼ਿਲਾਫ਼ ਸੰਘਰਸ਼ ਤੇਜ਼ ਕਰਨਾ ਹੋਵੇਗਾ, ਇਹੋ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਾਮਰੇਡ ਸੁਰਜੀਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਨੂੰ ਕਾਮਰੇਡ ਸੁਰਜੀਤ ਦੀ ਸੋਚ ਤੇ ਵਿਚਾਰਾਂ ’ਤੇ ਪਹਿਰਾ ਦਿੰਦਿਆਂ ਨਵੀਂ ਪੀੜ੍ਹੀ ਨੂੰ ਵੀ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅੱਜ ਕਾਮਰੇਡ ਸੁਰਜੀਤ ਹੁੰਦੇ ਤਾਂ ਕਿਸੇ ਵੀ ਸੂਰਤ ’ਚ ਭਾਜਪਾ ਦੀ ਸਰਕਾਰ ਨਹੀਂ ਬਣ ਸਕਦੀ ਸੀ। ਉਨ੍ਹਾਂ ਕੋਲ ਰਾਜਨੀਤਕ ਦਾਅ-ਪੇਚਾਂ ਦਾ ਵੱਡਾ ਖ਼ਜ਼ਾਨਾ ਸੀ। ਉਨ੍ਹਾਂ ਕਾਮਰੇਡ ਸੁਰਜੀਤ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਕਾਮਰੇਡ ਸੁਰਜੀਤ ਨੂੰ ਸ਼ਰਧਾਂਜਲੀ ਦਿੰਦਿਆਂ ਕਾਂਗਰਸੀ ਆਗੂ ਅਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੇ ਆਪਣੀ ਸਾਰੀ ਜ਼ਿੰਦਗੀ ਸਿਧਾਂਤਾਂ ਤੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਉਹ ਬਹੁਤ ਦ੍ਰਿੜ ਇਰਾਦੇ ਵਾਲੇ ਕੌਮਾਂਤਰੀ ਪੱਧਰ ਦੇ ਕਮਿਊਨਿਸਟ ਆਗੂ ਸਨ। ਪਰਗਟ ਸਿੰਘ ਹੋਰਾਂ ਨੇ ਕਿਹਾ ਕਿ ਕਾਮਰੇਡ ਸੁਰਜੀਤ ਸਮਾਜ, ਪੰਜਾਬ ਅਤੇ ਦੇਸ਼ ਦੀ ਗੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਜੋ ਮਾਹੌਲ ਬਣ ਚੁੱਕਾ ਹੈ, ਉਸ ’ਚ ਕਾਮਰੇਡ ਸੁਰਜੀਤ ਦੇ ਪਾਏ ਪੂਰਨਿਆਂ ’ਤੇ ਤੁਰਨਾ ਅਤਿ ਜ਼ਰੂਰੀ ਹੈ ਤਾਂ ਹੀ ਫ਼ਿਰਕਾਪ੍ਰਸਤ ਤਾਕਤਾਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਾਮਰੇਡ ਸੁਰਜੀਤ ਹੋਰਾਂ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ। ਕਾਮਰੇਡ ਸੁਰਜੀਤ ਦੀ ਲੰਬਾ ਸਮਾਂ ਸੰਗਤ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਾਮਰੇਡ ਸੁਰਜੀਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ਦੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਸੁਰਜੀਤ ਆਪਣੇ ਆਪ ’ਚ ਇਕ ਸੰਸਥਾ ਸਨ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਇੰਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਘਾਗ਼ ਸਿਆਸਤਦਾਨ ਉਨ੍ਹਾਂ ਦਾ ਲੋਹਾ ਮੰਨਦੇ ਸਨ ਤੇ ਸਮੇਂ-ਸਮੇਂ ’ਤੇ ਉਨ੍ਹਾਂ ਤੋਂ ਸਲਾਹ ਲੈਂਦੇ ਸਨ। ਦੇਸ਼ ਦੀ ਰਾਜਨੀਤੀ ਕਾਮਰੇਡ ਸੁਰਜੀਤ ਦੇ ਆਲ਼ੇ-ਦੁਆਲ਼ੇ ਘੁੰਮਦੀ ਸੀ। ਉਨ੍ਹਾਂ ਕਿਹਾ ਕਿ ਕਮਿਊਨਿਸਟਾਂ ਨੂੰ ਇਸ ਗੱਲੋਂ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ ਲਾਲ ਝੰਡੇ ਨੂੰ ਬਰਕਰਾਰ ਰੱਖਿਆ ਹੈ ਤੇ ਇਸ ਦਾ ਰੰਗ ਫਿੱਕਾ ਨਹੀਂ ਪੈਣ ਦਿੱਤਾ। ਉਨ੍ਹਾਂ ਕਿਹਾ ਕਿ ਕਮਿਊਨਿਸਟਾਂ ਦੀ ਲਹਿਰ ਨਾ ਮੁਕਦੀ ਹੈ ਤੇ ਠੰਢੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਨ੍ਹਾਂ ਵੱਲੋਂ ਪਾਈਆਂ ਪਿਰਤਾਂ ਨੂੰ ਅਪਣਾ ਕੇ ਲੋਕ ਪੱਖੀ ਰਾਜਨੀਤੀ ’ਚ ਹਿੱਸਾ ਪਾਇਆ ਜਾਵੇ। ਇਸ ਮੌਕੇ ਲੋਕ ਭਲਾਈ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਜਨਕ ਰਾਜ ਕਲਵਾਣੂ ਵੀ ਮੌਜੂਦ ਸਨ। ਸ਼ਰਧਾਂਜਲੀ ਸਮਾਗਮ ਦੇ ਅਖ਼ੀਰ ’ਚ ਕਾਮਰੇਡ ਗੁਰਦਰਸ਼ਨ ਸਿੰਘ ਖ਼ਾਸਪੁਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫ਼ਿਰਕਾਪ੍ਰਸਤ ਤਾਕਤਾਂ ਨੂੰ ਹਰਾਉਣ ਲਈ ਦਿਨ-ਰਾਤ ਇੱਕ ਕਰਨਾ ਹੀ ਕਾਮਰੇਡ ਸੁਰਜੀਤ ਨੂੰ ਇਨਕਲਾਬੀ ਸ਼ਰਧਾਂਜਲੀ ਹੋਵੇਗੀ।
Comments
Post a Comment