ਐਸ ਸੀ ਬੀ ਸੀ ਮੋਰਚੇ ਵੱਲੋਂ 26 ਅਗਸਤ ਨੂੰ ਸਦਰ ਥਾਣਾ ਖਰੜ ਦੇ ਘਿਰਾਓ ਦਾ ਐਲਾਨ, ਮਾਮਲਾ 16 ਸਾਲਾਂ ਦੀ ਨਾਬਾਲਗ ਬੱਚੀ ਨੂੰ ਅਗਵਾ ਕਰਕੇ ਦੁਸ਼ਕਰਮ ਕਰਨ ਦਾ
ਐਸ ਸੀ ਬੀ ਸੀ ਮੋਰਚੇ ਵੱਲੋਂ 26 ਅਗਸਤ ਨੂੰ ਸਦਰ ਥਾਣਾ ਖਰੜ ਦੇ ਘਿਰਾਓ ਦਾ ਐਲਾਨ, ਮਾਮਲਾ 16 ਸਾਲਾਂ ਦੀ ਨਾਬਾਲਗ ਬੱਚੀ ਨੂੰ ਅਗਵਾ ਕਰਕੇ ਦੁਸ਼ਕਰਮ ਕਰਨ ਦਾ
ਸਦਰ ਥਾਣੇ ਖਰੜ ਨੂੰ ਖਾਲੀ ਦੇਖਕੇ ਸ਼ਿਕਾਇਤ ਕਰਤਾ ਆਏ ਰੋਹ 'ਚ, ਕੀਤੀ ਪੁਲਿਸ ਪ੍ਰਸ਼ਾਸਨ ਖਿਲਾਫ ਜੰਮਕੇ ਨਾਅਰੇਬਾਜ਼ੀ
ਮਹਿਲਾ ਕਮਿਸ਼ਨ ਪੰਜਾਬ, ਬਾਲ ਸੁਰੱਖਿਆ ਅਧਿਕਾਰ ਅਤੇ ਡੀਜੀਪੀ ਪੰਜਾਬ ਨੂੰ ਦਿੱਤੀਆਂ ਦਰਖਾਸਤਾਂ ਤੇ ਨਹੀਂ ਹੋਈ ਸੁਣਵਾਈ : ਬਲਵਿੰਦਰ ਕੁੰਭੜਾ
ਐਸ.ਏ.ਐਸ.ਨਗਰ 20 ਅਗਸਤ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਇੱਕ ਮਾਮਲਾ 32 ਸਾਲਾਂ ਵਿਅਕਤੀ ਵੱਲੋਂ 16 ਸਾਲਾਂ ਨਾਬਾਲਗ ਬੱਚੀ ਨੂੰ ਅਗਵਾਹ ਕਰਕੇ ਉਸ ਨਾਲ ਜ਼ਬਰਦਸਤੀ ਦੁਸ਼ਕਰਮ ਕਰਨ ਦਾ ਸਾਹਮਣੇ ਆਇਆ। ਜਿਸ ਦੀ ਸੁਣਵਾਈ ਕਰਾਉਣ ਲਈ ਪੀੜਿਤ ਬੱਚੀ ਦੀ ਮਾਤਾ ਪੂਨਮ ਰਾਣੀ ਪਤਨੀ ਗੁਰਵਿੰਦਰ ਸਿੰਘ ਹਾਲ ਵਾਸੀ ਸੰਤੇ ਮਾਜਰਾ ਕਲੋਨੀ, ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਸਦਰ ਸਦਰ ਥਾਣਾ ਖਰੜ ਵਿਖੇ ਪਹੁੰਚੇ। ਪਰ ਉੱਥੇ ਐਸ.ਐਚ.ਓ. ਦੀ ਗੈਰ ਹਾਜ਼ਰੀ ਵਿੱਚ ਉਹਨਾਂ ਨੂੰ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਾ ਹੋ ਸਕੀ। ਜਦੋਂ ਉੱਥੇ ਦਫਤਰ ਵਿੱਚ ਹਾਜ਼ਰ ਬੈਠੇ ਮੁਲਾਜ਼ਮ ਥਾਣਾ ਮੁਨਸ਼ੀ ਅਤੇ ਬਲਵਿੰਦਰ ਕੁਮਾਰ ਨਾਲ ਇਸ ਮਾਮਲੇ ਬਾਰੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ। ਉਨ੍ਹਾਂ ਨੇ ਮੋਰਚਾ ਆਗੂਆਂ ਦੇ ਸਾਹਮਣੇ ਉਲਟਾ ਬੱਚੀ ਦੀ ਮਾਤਾ ਨੂੰ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਇਹ ਦੇਖਕੇ ਗੁੱਸੇ 'ਚ ਆਏ ਆਗੂਆਂ ਨੇ ਥਾਣੇ ਦੇ ਗੇਟ ਦੇ ਬਾਹਰ ਖੜਕੇ ਥਾਣੇ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ 26 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਥਾਣੇ ਦੇ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਸ ਮਾਮਲੇ ਬਾਰੇ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ, ਚੇਅਰਮੈਨ ਬਾਲ ਸੁਰੱਖਿਆ ਅਧਿਕਾਰ ਪੰਜਾਬ ਅਤੇ ਡੀ.ਆਈ.ਜੀ. ਰੂਪਨਗਰ ਰਾਹੀਂ ਡੀ.ਜੀ.ਪੀ. ਪੰਜਾਬ ਨੂੰ ਵੀ ਮੰਗ ਪੱਤਰ ਭੇਜੇ ਗਏ ਸੀ। ਪਰ ਕਿਸੇ ਨੇ ਵੀ ਇਸ ਮਾਮਲੇ ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਨੂੰ ਲੈ ਕੇ 15 ਅਗਸਤ ਨੂੰ ਕਾਲੀ ਆਜ਼ਾਦੀ ਦਿਵਸ ਵੀ ਮਨਾਇਆ, ਪਰ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਇਸ ਮਾਮਲੇ ਬਾਰੇ ਥਾਣਾ ਸਦਰ ਖਰੜ ਦੇ ਐਸ.ਐਚ.ਓ. ਨਾਲ ਕਈ ਵਾਰ ਫੋਨ ਰਾਹੀਂ ਗੱਲਬਾਤ ਕਰਨੀ ਚਾਹੀ। ਪਰ ਉਹਨਾਂ ਨੇ ਫੋਨ ਚੁੱਕਣਾ ਵੀ ਮੁਨਾਸਿਬ ਨਾ ਸਮਝਿਆ। ਅਖੀਰ ਸਮੂਹ ਮੋਰਚਾ ਆਗੂਆਂ ਦੀ ਸਹਿਮਤੀ ਨਾਲ ਇਹ ਫੈਸਲਾ ਕੀਤਾ ਕਿ 26 ਅਗਸਤ ਨੂੰ ਸਵੇਰੇ 11 ਵਜੇ ਥਾਣਾ ਸਦਰ ਖਰੜ ਦਾ ਘਿਰਾਓ ਕੀਤਾ ਜਾਵੇਗਾ। ਇਸ ਘਿਰਾਓ ਵਿੱਚ ਸਮੂਹ ਸਮਾਜਿਕ ਜਥੇਬੰਦੀਆਂ ਇਸ ਪੀੜਿਤ ਮਹਿਲਾ ਦੇ ਸਹਿਯੋਗ ਲਈ ਵੱਧ ਚੜਕੇ ਪਹੁੰਚਣਗੀਆਂ। ਇਸ ਮੌਕੇ ਕਰਮ ਸਿੰਘ ਕੁਰੜੀ, ਹਰਨੇਕ ਸਿੰਘ ਮਲੋਆ, ਹਰਪਾਲ ਸਿੰਘ ਢਿੱਲੋਂ, ਪਰਮਜੀਤ ਕੌਰ, ਬਲਵਿੰਦਰ ਕੌਰ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਸੋਨੀਆ ਰਾਣੀ, ਰਜਿੰਦਰ ਕੌਰ, ਕਰਮਜੀਤ ਸਿੰਘ, ਬਨਵਾਰੀ ਲਾਲ ਮਾਸਟਰ ਆਦਿ ਹਾਜ਼ਰ ਹੋਏ।
Comments
Post a Comment