ਡੀ ਟੀ ਐੱਫ਼ ਵੱਲੋਂ 5 ਸਤੰਬਰ ਦਾ ਸੂਬਾ ਪੱਧਰੀ ਐਕਸ਼ਨ ਮੁਲਤਵੀ
ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪੀੜਤ ਲੋਕਾਂ ਨਾਲ ਖੜ੍ਹਨ ਦਾ ਫੈਸਲਾ
ਚੰਡੀਗੜ੍ਹ 31 ਅਗਸਤ ( ਰਣਜੀਤ ਧਾਲੀਵਾਲ ) : ਡੀ ਟੀ ਐੱਫ ਪੰਜਾਬ ਵੱਲੋਂ 5 ਸਤੰਬਰ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਪਿਛਲੇ ਦਿਨੀਂ ਹੋਈ ਸਿੱਖਿਆ ਸਕੱਤਰ ਨਾਲ ਮੀਟਿੰਗ ਅਤੇ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਮੁਅੱਤਲ ਕਰ ਦਿੱਤੀ ਗਈ ਹੈ। ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਜੁਲਾਈ ਮਹੀਨੇ ਮੋਗਾ ਵਿਖੇ ਕੀਤੀ ਸੂਬਾਈ ਮੀਟਿੰਗ ਵਿੱਚ ਵਿਭਾਗੀ ਮੰਗਾਂ ਹੱਲ ਕਰਾਉਣ ਲਈ 5 ਸਤੰਬਰ ਨੂੰ ਸਰਕਾਰੀ ਸਮਾਗਮ ਦੇ ਸਮਾਂਤਰ ਮੋਹਾਲੀ ਸਿੱਖਿਆ ਦਫਤਰ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸੇ ਮੀਟਿੰਗ ਦੇ ਫੈਸਲੇ ਅਨੁਸਾਰ ਅਗਸਤ ਮਹੀਨੇ ਦੇ ਪਹਿਲੇ ਹਫਤੇ 400 ਤੋਂ ਵੱਧ ਅਧਿਆਪਕਾਂ ਦਾ ਵੱਡਾ ਵਫਦ ਲੈ ਕੇ ਡੀ.ਐਸ.ਈ.(ਸੈਕੰਡਰੀ ਅਤੇ ਪ੍ਰਾਇਮਰੀ ) ਰਾਹੀਂ ਸਿੱਖਿਆ ਸਕੱਤਰ ਪੰਜਾਬ ਨੂੰ ਧਰਨੇ ਦੇ ਰੂਪ ਵਿੱਚ 5 ਸਤੰਬਰ ਦੀ ਰੈਲੀ ਦਾ ਨੋਟਿਸ ਦੋਨੋਂ ਡੀ ਐੱਸ ਈ (ਪ੍ਰਾਇਮਰੀ ਅਤੇ ਸੈਕੰਡਰੀ) ਨੂੰ ਦਿੱਤਾ ਗਿਆ। ਇਸ ਧਰਨੇ ਨੁਮਾ ਮਾਸ ਡੈਪੂਟੇਸ਼ਨ ਰੈਲੀ ਦੇ ਦਬਾਅ ਸਦਕਾ 21 ਅਗਸਤ ਨੂੰ ਸਿੱਖਿਆ ਸਕੱਤਰ ਮੈਡਮ ਅਨੰਦਿਤਾ ਮਿੱਤਰਾ ਨਾਲ ਹੋਈ ਮੀਟਿੰਗ ਉਪਰੰਤ ਨਰਿੰਦਰ ਭੰਡਾਰੀ ਦੇ ਰੈਗੂਲਰ ਦੇ ਆਰਡਰ ਜਾਰੀ ਹੋਣੇ, 5178 ਅਧਿਆਪਕਾਂ ਦੇ ਅਦਾਲਤੀ ਫੈਸਲੇ ਸਬੰਧੀ ਸਪੀਕਿੰਗ ਆਰਡਰ ਜਾਰੀ ਹੋਣੇ, 3582 ਅਧਿਆਪਕਾਂ ਦੀ ਮੁੱਢਲੀ ਜੁਆਇੰਨਿੰਗ ਤੋਂ ਲਾਭ ਦੇਣ ਲਈ ਸਹਿਮਤੀ ਹੋਣੀ, 100 ਤੋਂ ਵਧੇਰੇ ਰੈਗੂਲਰ ਹੋ ਚੁੱਕੇ ਓ ਡੀ ਐਲ ਅਧਿਆਪਕਾਂ ਦੇ ਰਹਿੰਦੇ ਰੈਗੂਲਰ ਦੀ ਮਿਤੀ ਤੋਂ ਬਕਾਏ ਜਾਰੀ ਕਰਨ 'ਤੇ ਵੀ ਸਹਿਮਤੀ ਹੋਣੀ ਜੱਥੇਬੰਦੀ ਦੀਆਂ ਪ੍ਰਾਪਤੀਆਂ ਹਨ। ਵੱਖ ਵੱਖ ਭਾਰਤੀਆਂ ਵਿੱਚੋਂ ਰਿਕਾਸਟ ਇਸੇ ਮੀਟਿੰਗ ਵਿੱਚ ਸੂਚੀਆਂ ਤੋਂ ਬਾਹਰ ਕੀਤੇ 300 ਤੋਂ ਵਧੇਰੇ ਅਧਿਆਪਕਾਂ ਦਾ ਭਵਿੱਖ ਸੁਰੱਖਿਤ ਕਰਕੇ ਮੁਢੱਲੀ ਜੁਆਇੰਨਿੰਗ ਤੋਂ ਨੌਕਰੀ ਜਾਰੀ ਕਰਨ ਸਬੰਧੀ ਕੰਮ ਪਾਈਪਲਾਈਨ ਵਿੱਚ ਹੋਣ, ਸਾਥੀ ਰਵਿੰਦਰ ਕੰਬੋਜ ਦੇ ਟਰਮੀਨੇਸ਼ਨ ਆਰਡਰ ਰੱਦ ਕਰਕੇ 10 ਸਾਲ ਤੋਂ ਪੈਂਡਿੰਗ ਆਰਡਰ ਜਾਰੀ ਕਰਨ ਅਤੇ 180 ਈ ਟੀ ਟੀ ਅਧਿਆਪਕਾਂ ਤੇ ਪੰਜਾਬ ਸਕੇਲ ਲਾਗੂ ਕਰਕੇ ਮੁੱਢਲੀ ਜੁਆਇੰਨਿੰਗ ਤੋਂ ਲਾਭ ਦੇਣ, ਐੱਸ ਐੱਸ ਏ/ਰਮਸਾ ਸਮੇਤ ਬਾਕੀ ਸਮਾਨ ਕੇਸਾਂ ਵਿੱਚ ਠੇਕਾ ਅਧਾਰਿਤ ਨੌਕਰੀ ਦੇ ਸਮੇਂ ਨੂੰ ਪੁਰਸ਼ ਅਧਿਆਪਕਾਂ ਦੇ ਇਤਫ਼ਾਕੀਆ ਛੁੱਟੀਆਂ ਦੇ ਵਾਧੇ ਲਈ ਮੰਨਣ ਦਾ ਮਾਮਲੇ ਸਿੱਖਿਆ ਸਕੱਤਰ ਦੇ ਪੱਧਰ 'ਤੇ ਸੁਹਿਰਦਤਾ ਨਾਲ ਵਿਚਾਰਨ ਦੇ ਭਰੋਸੇ ਮਿਲੇ ਹਨ। ਇਸੇ ਤਰ੍ਹਾਂ 17-07-2020 ਤੋਂ ਬਾਅਦ ਭਰਤੀਆਂ ਵਾਲੇ ਸਮੂਹ ਅਧਿਆਪਕਾਂ 'ਤੇ ਪੰਜਾਬ ਸਕੇਲ ਲਾਗੂ ਕਰਨ, ਸਾਰੇ ਕੇਸਾਂ 'ਤੇ ਸਪੀਕਿੰਗ ਆਰਡਰ ਜਾਰੀ ਕਰਨ, ਰਹਿੰਦੇ ਸਾਰੇ ਕਾਡਰਾਂ ਦੀਆਂ ਸਾਰੀਆਂ ਪ੍ਰਮੋਸ਼ਨਾਂ 30 ਸਤੰਬਰ ਤੱਕ ਮੁਕੰਮਲ ਕਰਨ ਦਾ ਭਰੋਸੇ ਮਿਲੇ ਹਨ। ਉਪਰੋਕਤ ਮੁੱਦਿਆਂ ਤੋਂ ਇਲਾਵਾ ਡੀ ਟੀ ਐੱਫ ਦੇ ਵਿਭਾਗੀ ਮੰਗਾਂ ਨੂੰ ਲੈ ਕੇ ਤਿਆਰ ਕੀਤੇ ਮੰਗ ਪੱਤਰ 'ਤੇ ਵਿਚਾਰ ਕਰਕੇ ਫ਼ੈਸਲਾ ਲੈਣ ਲਈ ਸਿੱਖਿਆ ਸਕੱਤਰ ਵੱਲੋਂ ਸਹਿਮਤੀ ਦਿੱਤੀ ਗਈ। ਓਡੀਐੱਲ ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਵਾਉਣ ਲਈ ਸੰਘਰਸ਼ੀ ਯਤਨ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿੱਖਿਆ ਸਕੱਤਰ ਵੱਲੋਂ ਦਿੱਤੇ ਭਰੋਸੇ ਅਨੁਸਾਰ ਰਹਿੰਦੇ ਵਿਭਾਗੀ ਮਾਮਲੇ ਹੱਲ ਨਾ ਹੋਣ ਦੀ ਸੂਰਤ ਵਿੱਚ ਅਗਲੀ ਸੂਬਾ ਕਮੇਟੀ ਮੀਟਿੰਗ ਕਰਕੇ ਭਵਿੱਖ ਦੇ ਪ੍ਰੋਗਰਾਮ ਉਲੀਕੇ ਜਾਣਗੇ।
Comments
Post a Comment