77 ਸਾਲਾ ਐਨ.ਆਰ.ਆਈ. ਮਹਿਲਾ ਜੋਗਿੰਦਰ ਕੌਰ ਸੰਧੂ ਨੇ 15 ਅਗਸਤ ਨੂੰ ਕਾਲੀ ਅਜ਼ਾਦੀ ਦਿਵਸ ਮਨਾਉਣ ਦਾ ਕੀਤਾ ਐਲਾਨ,
22 ਸਾਲਾਂ ਤੋਂ ਇਨਸਾਫ ਲਈ ਖਾ ਰਹੀ ਹੈ ਦਰ ਦਰ ਦੀਆਂ ਠੋਕਰਾਂ, ਤਿੰਨ ਸਰਕਾਰਾਂ ਨੇ ਵੀ ਨਹੀਂ ਕੀਤੀ ਸੁਣਵਾਈ,
ਮਾਨਯੋਗ ਮੁੱਖ ਮੰਤਰੀ ਦਾ ਇਹ ਬਿਆਨ ਕਿ ਵਿਦੇਸ਼ਾਂ ਤੋਂ ਲੋਕ ਆਕੇ ਪੰਜਾਬ ਵਿੱਚ ਵਸਣਗੇ, ਹੋਇਆ ਹਾਸੋਹੀਣਾ ਵਿਅੰਗ ਸਾਬਤ : ਪ੍ਰਧਾਨ ਕੁੰਭੜਾ,
ਐਸ.ਏ.ਐਸ.ਨਗਰ 12 ਅਗਸਤ ( ਰਣਜੀਤ ਧਾਲੀਵਾਲ ) : ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਮਾਲੀ ਫੇਸ ਸਾਥ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਅੱਜ 77 ਸਾਲਾਂ ਐਨ.ਆਰ.ਆਈ. ਬੀਬੀ ਜੋਗਿੰਦਰ ਕੌਰ ਸੰਧੂ ਨੇ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਕੀਤੀ ਤੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਵੱਡੇ ਖੁਲਾਸੇ ਕੀਤੇ। ਉਹਨਾਂ ਐਲਾਨ ਕੀਤਾ ਕਿ ਆਉਣ ਵਾਲੇ 15 ਅਗਸਤ ਨੂੰ ਕਾਲੀ ਆਜ਼ਾਦੀ ਦਾ ਦਿਵਸ ਮਨਾਵਾਂਗੀ ਤੇ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈਜ ਨੂੰ ਲੈ ਕੇ ਕੀਤੇ ਜਾਂਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲੀ। ਉਹਨਾਂ ਕਿਹਾ ਕਿ ਪੰਜਾਬ ਦੀ ਪੁਲਿਸ ਮਾਨਯੋਗ ਅਦਾਲਤ ਲੁਧਿਆਣਾ ਦੇ ਸੰਮਨ, ਨੋਟਿਸਾਂ ਤੇ ਗ੍ਰਿਫਤਾਰੀ ਤੇ ਵਾਰੰਟਾਂ ਦੀ ਵੀ ਕੋਈ ਪਰਵਾਹ ਨਹੀਂ ਕਰਦੀ। ਜਿੱਥੇ ਕਿ ਕੋਰਟ ਨੇ ਸੁਣਵਾਈ ਕਰਦਿਆਂ ਸੀਪੀ ਲੁਧਿਆਣਾ ਨੂੰ ਡੀਐਸਪੀ ਮੋਹਨ ਲਾਲ ਦੇ ਰਿਕਾਰਡ ਪੇਸ਼ ਕਰਨ ਦੇ ਵਰੰਟ ਜਾਰੀ ਕੀਤੇ ਸਨ। ਪਰ ਹਾਸੋਹੀਣੀ ਗੱਲ ਉਸ ਵੇਲੇ ਹੋਈ, ਜਦੋਂ ਸੀਪੀ ਲੁਧਿਆਣਾ ਵੱਲੋਂ ਭੇਜੇ ਗਏ ਮੁਲਾਜ਼ਮ ਨੇ ਕੋਰਟ ਵਿੱਚ ਇਹ ਕਿਹਾ ਕਿ ਇਸ ਡੀਐਸਪੀ ਦਾ ਸਾਡੇ ਕੋਲ ਕੋਈ ਰਿਕਾਰਡ ਹੀ ਨਹੀਂ ਹੈ। ਬੀਬੀ ਸੰਧੂ ਨੇ ਕਿਹਾ ਕਿ ਗਹਿਣੇ, ਕੈਸ਼, ਮੋਬਾਈਲ ਲੁੱਟਣ ਵਾਲੇ ਐਸਐਚਓ ਰਜੇਸ਼ ਕੁਮਾਰ ਦੇ ਖਿਲਾਫ ਸਿਰਫ ਐਫ.ਆਈ.ਆਰ. ਦਰਜ ਕਰਕੇ ਖਾਨਾ ਪੂਰਤੀ ਕੀਤੀ ਗਈ ਹੈ। ਉਸ ਤੋਂ ਅਗਲੇਰੀ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂ 22 ਸਾਲਾਂ ਤੋਂ ਤਿੰਨ ਸਰਕਾਰਾਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਫਤਰਾਂ ਦੇ ਗੇੜੇ ਮਾਰ ਮਾਰ ਥੱਕ ਚੁੱਕੀ ਹਾਂ। ਪਰ ਕਿਸੇ ਵੀ ਅਧਿਕਾਰੀ ਨੇ ਮੈਨੂੰ 77 ਸਾਲਾ ਸੀਨੀਅਰ ਸਿਟੀਜਨ ਦੀ ਕੋਈ ਸੁਣਵਾਈ ਨਹੀਂ ਕੀਤੀ, ਬਸ ਲਾਰੇ ਲਗਾਏ ਅਤੇ ਇਧਰ ਉਧਰ ਭੇਜਿਆ। ਮੈਂ ਸਮੂਹ ਐਨ.ਆਰ.ਆਈਜ ਨੂੰ ਅਪੀਲ ਕਰਦੀ ਹਾਂ ਕਿ ਪੰਜਾਬ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੈ, ਇੱਥੇ ਸਾਰੇ ਐਨ.ਆਰ.ਆਈ. ਰੁਲਦੇ ਫਿਰਦੇ ਹਨ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕਹਿਣਾ ਕਿ ਇੱਥੇ ਬਾਹਰੋਂ ਲੋਕ ਆਕੇ ਵਸਣਗੇ ਇੱਕ ਹਾਸੋਹੀਣਾ ਵਿਅੰਗ ਸਾਬਤ ਹੋਇਆ ਹੈ। ਸਾਡੇ ਕੋਲ ਕਿੰਨੇ ਹੀ ਐਨ.ਆਰ.ਆਈ. ਦੇ ਕੇਸ ਹਨ ਜੋ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਪਰ ਇਹ ਬੜਬੋਲੀ ਸਰਕਾਰ ਸਿਰਫ ਬਿਆਨਬਾਜੀ ਹੀ ਕਰਦੀ ਹੈ। ਅਸਲੀਅਤ ਵਿੱਚ ਇਹ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਦਾ ਮਿਆਰ ਬਹੁਤ ਗਿਰ ਚੁੱਕਿਆ ਹੈ ਤੇ ਗਰੀਬ ਲੋਕ ਸ਼ਰੇਆਮ ਲਤਾੜੇ ਜਾ ਰਹੇ ਹਨ ਤੇ ਐਨ.ਆਰ.ਆਈ. ਦੀ ਲੁੱਟ ਖੁਦ ਪੁਲਿਸ ਵਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਬਹੁਤ ਜਲਦ ਸੂਬਾ ਪਧਰੀ ਸੰਘਰਸ਼ ਵਿੱਡਿਆ ਜਾਵੇਗਾ। ਇਸ ਮੌਕੇ ਨੰਬਰਦਾਰ ਹਰਚੰਦ ਸਿੰਘ ਜਖਵਾਲੀ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਗੁਰਨਾਮ ਸਿੰਘ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਬੀਬੀ ਸ਼ਿਕਸ਼ਾ ਸ਼ਰਮਾ, ਹਰਮੀਤ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ, ਨੀਲਮ, ਪੂਨਮ ਰਾਣੀ, ਸੋਨੀਆ ਰਾਣੀ, ਬਲਜੀਤ ਸਿੰਘ, ਸੁਰਿੰਦਰ ਕੌਰ, ਰਜਿੰਦਰ ਕੌਰ, ਹਰਪਾਲ ਸਿੰਘ ਢਿੱਲੋ, ਮੋਨਿਕਾ ਰਾਣੀ, ਕਰਮਜੀਤ ਸਿੰਘ, ਦਲਵੀਰ ਸਿੰਘ, ਰਾਜੇਸ਼ ਕੁਮਾਰ ਬਨੂੜ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਜਨਕ ਕੁਮਾਰੀ ਆਦਿ ਹਾਜ਼ਰ ਹੋਏ।
Comments
Post a Comment