ਚੰਡੀਗੜ੍ਹ 27 ਅਗਸਤ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਚਾਰਟਡ ਅਕਾਉਂਟੈਂਟਸ ਟੈਕਸੇਸ਼ਨ ਐਸੋਸੀਏਸ਼ਨ (ਸੀਸੀਏਟੈਕਸ) ਨੇ ਕੇਂਦਰੀ ਪ੍ਰਤੱਖ ਕਰ ਬੋਰਡ ਨੂੰ ਅਪੀਲ ਕੀਤੀ ਹੈ ਕਿ ਆਮਦਨ ਕਰ ਰਿਟਰਨ (ਆਈਟੀਆਰ) ਅਤੇ ਆਡਿਟ ਰਿਪੋਰਟਾਂ ਦਾਖਲ ਕਰਨ ਦੀਆਂ ਮਿਆਦਾਂ ਵਧਾਈਆਂ ਜਾਣ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਵਾਰ ਟੈਕਸਪੇਅਰਜ਼ ਅਤੇ ਪੇਸ਼ੇਵਰਾਂ ਨੂੰ ਸਮੇਂ ‘ਤੇ ਫਾਈਲਿੰਗ ਕਰਨ ਵਿੱਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ। ਐਸੋਸੀਏਸ਼ਨ ਨੇ ਦੱਸਿਆ ਕਿ 20 ਅਗਸਤ ਤੱਕ ਕੇਵਲ 3.35 ਕਰੋੜ ਰਿਟਰਨ ਹੀ ਦਾਖਲ ਹੋਏ ਹਨ, ਜਦਕਿ ਪਿਛਲੇ ਸਾਲ 31 ਜੁਲਾਈ ਤੱਕ ਇਹ ਗਿਣਤੀ 7.41 ਕਰੋੜ ਸੀ। ਇਸ ਤਰ੍ਹਾਂ ਲਗਭਗ 55 ਫੀਸਦੀ ਦੀ ਘਾਟ ਹੈ, ਜਦਕਿ 15 ਸਤੰਬਰ ਦੀ ਡੈਡਲਾਈਨ ਹੁਣ ਬਹੁਤ ਨੇੜੇ ਹੈ। ਦੇਰੀ ਦੇ ਕਾਰਨ ਵਜੋਂ ਆਈਟੀਆਰ ਅਤੇ ਆਡਿਟ ਯੂਟਿਲਿਟੀ ਦੇ ਦੇਰ ਨਾਲ ਜਾਰੀ ਹੋਣਾ, ਇਨਕਮ ਟੈਕਸ ਪੋਰਟਲ ‘ਤੇ ਲਗਾਤਾਰ ਤਕਨੀਕੀ ਖਾਮੀਆਂ, ਆਈਸੀਆਏਆਈ ਵੱਲੋਂ ਨਵੇਂ ਰਿਪੋਰਟਿੰਗ ਫਾਰਮੈਟ ਅਤੇ ਕਈ ਰਾਜਾਂ ਵਿੱਚ ਭਾਰੀ ਮੀਂਹ ਨਾਲ ਜੀਵਨ ਪ੍ਰਭਾਵਿਤ ਹੋਣਾ ਦਰਸਾਇਆ ਗਿਆ ਹੈ। ਸੀਸੀਏਟੈਕਸ ਨੇ ਮੰਗ ਕੀਤੀ ਹੈ ਕਿ ਨਾਨ-ਆਡਿਟ ਕੇਸਾਂ ਦੀ ਮਿਆਦ 31 ਅਕਤੂਬਰ ਤੱਕ, ਟੈਕਸ ਆਡਿਟ ਰਿਪੋਰਟ 30 ਨਵੰਬਰ ਤੱਕ, ਆਡਿਟ ਕੇਸ 31 ਦਸੰਬਰ ਤੱਕ ਅਤੇ ਸੋਧੇ ਹੋਏ ਜਾਂ ਦੇਰ ਨਾਲ ਭਰੇ ਰਿਟਰਨ ਦੀ ਮਿਆਦ 31 ਮਾਰਚ 2026 ਤੱਕ ਵਧਾਈ ਜਾਵੇ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਅਤੇ ਸਕੱਤਰ ਮਨੋਜ ਕੋਹਲੀ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਰਾਹਤ ਦਿੱਤੀ ਜਾਂਦੀ ਹੈ ਤਾਂ ਟੈਕਸਪੇਅਰਜ਼ ਦੀਆਂ ਮੁਸ਼ਕਲਾਂ ਘੱਟਣਗੀਆਂ ਅਤੇ ਰਿਟਰਨ ਦੀ ਗੁਣਵੱਤਾ ਵੀ ਸੁਧਰੇਗੀ।
Comments
Post a Comment