ਵੱਖ ਵੱਖ ਕੇਸਾਂ ਵਿੱਚ ਪੀੜਿਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਨੂੰ ਦਿੱਤਾ ਮੰਗ ਪੱਤਰ ਤੇ ਲਗਾਈ ਇਨਸਾਫ ਦੀ ਗੁਹਾਰ
ਮਾਨਯੋਗ ਚੇਅਰ ਪਰਸਨ ਦੀ ਗੈਰ ਹਾਜ਼ਰੀ ਵਿੱਚ ਡਿਪਟੀ ਡਾਇਰੈਕਟਰ ਨੇ ਲਿਆ ਮੰਗ ਪੱਤਰ ਤੇ ਜਲਦ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਐਸ.ਏ.ਐਸ.ਨਗਰ 13 ਅਗਸਤ ( ਰਣਜੀਤ ਧਾਲੀਵਾਲ ) : ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਵੱਖ-ਵੱਖ ਮਾਮਲਿਆਂ ਨਾਲ ਸੰਬੰਧਿਤ ਪੀੜਿਤ ਮਹਿਲਾਵਾਂ ਵੱਲੋਂ ਮਾਨਯੋਗ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਨੂੰ ਉਨਾਂ ਦੇ ਮੁੱਖ ਦਫਤਰ ਵਿੱਚ ਜਾਕੇ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ 6 ਕੇਸਾਂ ਦਾ ਵੇਰਵਾ ਦਿੱਤਾ ਗਿਆ। ਮਾਨਯੋਗ ਚੇਅਰਪਰਸਨ ਦੀ ਗੈਰ ਹਾਜ਼ਰੀ ਵਿੱਚ ਡਿਪਟੀ ਡਾਇਰੈਕਟਰ ਅਨੂਪ੍ਰਿਆ ਸਿੰਘ ਨੇ ਮੰਗ ਪੱਤਰ ਲਿਆ ਤੇ ਸਮੂਹ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨਪੂਰਵਕ ਸੁਣਿਆ ਤੇ ਮਾਨਯੋਗ ਚੇਅਰਪਰਸਨ ਨਾਲ ਗੱਲਬਾਤ ਕਰਕੇ ਇਹਨਾਂ ਇਸ ਮੰਗ ਪੱਤਰ ਦੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਦੋ ਨਾਬਾਲਗ ਬੱਚਿਆਂ ਦੇ ਕੇਸਾਂ ਸਬੰਧੀ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਸਾਹਿਬ ਦੇ ਧਿਆਨ ਵਿੱਚ ਲਿਆਉਣ ਦੀ ਵੀ ਸਲਾਹ ਦਿੱਤੀ ਪ੍ਰਧਾਨ ਕੁੰਭੜਾ ਦੀ ਅਗਵਾਈ ਵਿੱਚ ਦੋ ਬੱਚੀਆਂ ਦੇ ਜਬਰ ਜਿਨਾਹ ਦੇ ਮਾਮਲਿਆਂ ਸਬੰਧੀ ਬੱਚੀਆਂ ਦੀਆਂ ਮਾਤਾਵਾਂ ਨੇ ਮਾਨਯੋਗ ਚੇਅਰਮੈਨ ਸਾਹਿਬ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਮੁੱਖ ਦਫ਼ਤਰ ਸੈਕਟਰ 68 ਐਸ ਏ ਐਸ ਨਗਰ ਮੋਹਾਲੀ ਵਿਖ਼ੇ ਜਾ ਕੇ ਦਰਖ਼ਾਸਤਾਂ ਦਿੱਤੀਆਂ।
ਇੱਥੇ ਇਹ ਵੀ ਦੱਸ ਦਈਏ ਕਿ ਇਹਨਾਂ 6 ਕੇਸਾਂ ਦੇ ਮਾਮਲੇ ਵਿੱਚ ਕਈ ਵਾਰ ਮੋਰਚਾ ਸਥਾਨ ਤੇ ਰੋਸ ਪ੍ਰਦਰਸ਼ਨ ਹੋ ਚੁੱਕੇ ਹਨ। ਪਰ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੰਗ ਪੱਤਰ ਵਿੱਚ ਡੇਰਾਬਸੀ ਦੀ ਪਰਮਜੀਤ ਕੌਰ ਦੀ 12 ਸਾਲਾ ਨਾਬਾਲਗ ਬੱਚੀ ਨਾਲ ਉਸੇ ਦੀ ਭੂਆ ਦੇ ਬੇਟੇ ਇੰਦਰਜੀਤ ਸਿੰਘ ਪਿੰਡ ਬੁੱਟਰ ਕਲਾਂ (ਬਟਾਲਾ) ਵੱਲੋਂ ਕਈ ਵਾਰ ਕੀਤੇ ਗਏ ਦੁਸ਼ਕਰਮ ਦਾ ਮਾਮਲਾ ਹੈ। ਦੂਸਰਾ ਪੁਨਮ ਰਾਣੀ ਪਤਨੀ ਗੁਰਵਿੰਦਰ ਸਿੰਘ ਦੀ 16 ਸਾਲਾਂ ਨਾਬਾਲਗ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਲਗਾਤਾਰ ਜਬਰ ਜਿਨਾਹ ਕਰਨਾ ਅਤੇ ਅੱਜ ਤੱਕ ਬੱਚੀ ਦਾ ਵਾਪਸ ਨਾ ਆਉਣ ਤੇ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਾ ਕਰਨਾ। ਤੀਜਾ ਗੁਰਨਾਮ ਕੌਰ ਪਤਨੀ ਬਲਵਿੰਦਰ ਸਿੰਘ ਤੇ ਹੋਏ ਨਜਾਇਜ਼ ਪਰਚੇ ਨੂੰ ਰੱਦ ਕਰਾਉਣ ਬਾਰੇ, ਜਿਸ ਸਬੰਧੀ ਪੁਲਿਸ ਬਿਆਨ ਵੀ ਦੇ ਚੁੱਕੀ ਹੈ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਦੇ ਬਾਵਜੂਦ ਪਰਚਾ ਰੱਦ ਨਹੀਂ ਕੀਤਾ ਜਾ ਰਿਹਾ। ਚੌਥਾ ਮਾਮਲਾ ਮੋਨਿਕਾ ਰਾਣੀ ਪਤਨੀ ਹਰਮੀਤ ਸਿੰਘ ਦੀ ਜਨਰਲ ਜਾਤੀ ਦੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਤੇ ਜਾਤੀ ਸੂਚਕ ਸ਼ਬਦ ਬੋਲਣ ਤੇ ਐਸਸੀ ਐਕਟ ਲੱਗਣ ਦੇ ਬਾਵਜੂਦ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ ਬਾਰੇ ਹੈ। ਪੰਜਵਾਂ ਮਾਮਲਾ ਬਲਵਿੰਦਰ ਕੌਰ ਪੁੱਤਰੀ ਕਾਕਾ ਸਿੰਘ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨਾ ਅਤੇ ਪਿੰਡ ਦੇ ਸਰਪੰਚ ਵੱਲੋਂ ਸਾਰਾ ਦਿਨ ਬੰਦੀ ਬਣਾ ਕੇ ਰੱਖਣ ਅਤੇ ਪੁਲਿਸ ਵੱਲੋਂ ਨਜਾਇਜ਼ ਤੰਗ ਪਰੇਸ਼ਾਨ ਕਰਨ ਬਾਰੇ ਹੈ। ਛੇਵਾਂ ਮਾਮਲਾ ਜਨਕ ਕੁਮਾਰੀ ਪਤਨੀ ਅਸ਼ੋਕ ਕੁਮਾਰ ਦੀ ਕੀਤੀ ਕਈ ਲੁੱਟ ਮਾਰ ਬਾਰੇ ਹੈ। ਜਿਸ ਦੀ ਪੁਲਿਸ ਥਾਣੇ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਨੇ ਕਿਹਾ ਕਿ ਜੇਕਰ 15 ਦਿਨਾਂ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਇਨਸਾਫ ਨਾ ਮਿਲਿਆ ਤਾਂ ਮਹਿਲਾ ਕਮਿਸ਼ਨ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਮਹਿਲਾ ਕਮਿਸ਼ਨ ਦੀ ਹੋਵੇਗੀ। ਇਸ ਮੌਕੇ ਹਰਨੇਕ ਸਿੰਘ ਮਲੋਆ, ਸ਼ਿਕਸ਼ਾ ਸ਼ਰਮਾ, ਸੁਰਿੰਦਰ ਕੌਰ, ਕਰਮ ਸਿੰਘ ਕੁਰੜੀ, ਪੂਨਮ ਰਾਣੀ, ਪਰਮਜੀਤ ਕੌਰ, ਮੋਨਿਕਾ ਰਾਣੀ, ਰਜਿੰਦਰ ਕੌਰ, ਜਨਕ ਕੁਮਾਰੀ, ਬਲਵਿੰਦਰ ਕੌਰ, ਸੋਨੀਆ ਰਾਣੀ, ਹਰਮੀਤ ਸਿੰਘ, ਕਰਮਜੀਤ ਸਿੰਘ, ਨੀਲਮ, ਹਰਪਾਲ ਸਿੰਘ ਢਿੱਲੋ ਆਦਿ ਹਾਜ਼ਰ ਸਨ।
Comments
Post a Comment