ਹੜ੍ਹਾਂ ਨਾਲ਼ ਹੋਈ ਭਾਰੀ ਤਬਾਹੀ ਦਾ ਸਾਰੇ ਪੀੜਤ ਲੋਕਾਂ ਲਈ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪੂਰਾ ਮੁਆਵਜ਼ਾ ਦੇਣ ਦੀ ਕੀਤੀ ਗਈ ਮੰਗ,
ਹੜ੍ਹਾਂ ਨਾਲ਼ ਹੋਈ ਭਾਰੀ ਤਬਾਹੀ ਦਾ ਸਾਰੇ ਪੀੜਤ ਲੋਕਾਂ ਲਈ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪੂਰਾ ਮੁਆਵਜ਼ਾ ਦੇਣ ਦੀ ਕੀਤੀ ਗਈ ਮੰਗ,
ਸਰਕਾਰੀ ਪ੍ਰਬੰਧਾਂ ਦੀ ਅਣਹੋਂਦ ਨੂੰ ਦੱਸਿਆ ਭਾਰੀ ਤਬਾਹੀ ਦਾ ਕਾਰਨ- ਉਗਰਾਹਾਂ
ਚੰਡੀਗੜ੍ਹ 27 ਅਗਸਤ ( ਰਣਜੀਤ ਧਾਲੀਵਾਲ ) : ਇਸ ਸਾਲ ਵੀ ਭਾਰੀ ਮੀਂਹਾਂ ਕਾਰਨ ਹੜ੍ਹਾਂ ਨੇ ਕਿਸਾਨਾਂ ਦੀਆਂ ਫਸਲਾਂ, ਦੁਧਾਰੂ ਤੇ ਹੋਰ ਪਸ਼ੂਆਂ ਸਮੇਤ ਗ਼ਰੀਬਾਂ ਦੇ ਘਰਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਬਰਸਾਤ ਦੇ ਦਿਨਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ। ਨਹਿਰਾਂ, ਨਦੀਆਂ, ਨਾਲਿਆਂ ਦੀ ਸਫਾਈ ਨਹੀਂ ਕਰਵਾਈ ਗਈ ਜਿਸ ਕਾਰਨ ਵੱਡੀ ਪੱਧਰ ਤੇ ਨਹਿਰਾਂ ਰਜਵਾਹੇ ਟੁੱਟ ਗਏ ਜਿਨ੍ਹਾਂ ਨੇ ਕਿਸਾਨਾਂ ਦੀ ਪੱਕਣ ਤੇ ਆਈ ਹੋਈ ਧੀਆਂ ਪੁੱਤਾਂ ਵਾਂਗੂ ਪਾਲੀਆਂ ਹੋਈਆਂ ਦਹਿ ਹਜ਼ਾਰਾਂ ਏਕੜ ਫ਼ਸਲਾਂ ਬਰਬਾਦ ਕਰ ਦਿੱਤੀਆਂ। ਜ਼ਿਆਦਾ ਮੀਂਹ ਪੈਣ ਕਾਰਨ ਕੁਦਰਤੀ ਕਰੋਪੀ ਨੇ ਦੁਧਾਰੂ ਪਸ਼ੂਆਂ ਤੇ ਭੇਡਾਂ ਬੱਕਰੀਆਂ ਵਗੈਰਾ ਦਾ ਵੀ ਕਾਫ਼ੀ ਨੁਕਸਾਨ ਕਰ ਦਿੱਤਾ, ਗਰੀਬ ਘਰਾਂ ਦੇ ਮਕਾਨ ਡਿੱਗ ਗਏ ਅਤੇ ਬਹੁਤ ਸਾਰੇ ਡਿੱਗਣ ਕਿਨਾਰੇ ਹਨ। ਕਿਸਾਨ ਆਗੂਆਂ ਨੇ ਵਿਰੋਧੀ ਵੋਟ ਪਾਰਟੀਆਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਦੀਆਂ ਸਰਕਾਰਾਂ ਦੌਰਾਨ ਵੀ ਇਹੀ ਕੁਝ ਵਾਪਰਦਾ ਰਿਹਾ ਹੈ ਪਰ ਹੁਣ ਉਹ ਸਿਆਸੀ ਰੋਟੀਆਂ ਸੇਕ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਵੇਲੇ ਇਸ ਕਰੋਪੀ ਨੂੰ ਕੁਦਰਤ ਦਾ ਕਹਿਰ ਕਹਿਣ ਦੀ ਬਜਾਏ ਸਰਕਾਰਾਂ ਨੂੰ ਜ਼ਿੰਮੇਂਵਾਰ ਠਹਿਰਾਉਂਦਾ ਰਿਹਾ ਹੈ, ਪਰ ਖੁਦ ਉਨ੍ਹਾਂ ਨਾਲੋਂ ਵੀ ਨਖਿੱਧ ਸਾਬਤ ਹੋਇਆ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਤੋਂ ਪ੍ਰਭਾਵਿਤ ਘਰੋਂ ਬੇਘਰ ਹੋਏ ਲੋਕਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਫੌਰੀ ਕੀਤਾ ਜਾਵੇ, ਬਿਮਾਰੀਆਂ ਫੈਲਣ ਤੋਂ ਰੋਕਣ ਲਈ ਦਵਾਈਆਂ ਤੇ ਬਿਮਾਰੀ ਫੈਲਾਉਣ ਵਾਲੇ ਕੀਟਾਂ ਨੂੰ ਮਾਰਨ ਦਾ ਪ੍ਰਬੰਧ ਕੀਤਾ ਜਾਵੇ, ਫਸਲਾਂ ਦੀ ਬਰਬਾਦੀ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਉਜਾੜੇ ਦੇ ਨੁਕਸਾਨ ਦਾ 100 % ਭਰਪਾਈ ਕਰਦਾ ਮੁਆਵਜ਼ਾ ਦਿੱਤਾ ਜਾਵੇ, ਪਸ਼ੂਆਂ ਤੇ ਘਰਾਂ ਦੇ ਹੋਏ ਨੁਕਸਾਨ ਦਾ ਪੂਰਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਇਸ ਕੁਦਰਤੀ ਆਫਤ ਨੂੰ ਰੋਕਣ ਲਈ ਨਦੀਆਂ ਨਾਲਿਆਂ ਦੀ ਸਫਾਈ ਦੇ ਪ੍ਰਬੰਧ ਕੀਤੇ ਜਾਣ ਅਤੇ ਉਸ ਲਈ ਬਜਟ ਜੁਟਾਇਆ ਜਾਵੇ, ਨਵੇਂ ਡੈਮ ਬਣਵਾ ਕੇ ਵਾਧੂ ਦਰਿਆਈ ਪਾਣੀ ਨੂੰ ਇਕੱਠਾ ਕਰਕੇ ਦੁਬਾਰਾ ਲੋੜ ਪੈਣ ਤੇ ਫਸਲਾਂ ਦੀ ਸਿੰਚਾਈ ਅਤੇ ਪਣਬਿਜਲੀ ਪੈਦਾ ਕਰਨ ਲਈ ਵਰਤੋਂ ਦਾ ਪ੍ਰਬੰਧ ਕੀਤਾ ਜਾਵੇ, ਪਹਿਲਾਂ ਵਾਲੇ ਡੈਮਾਂ ਦੀ ਸਫਾਈ ਕਰਾ ਕੇ ਉਸ ਨੂੰ ਪੂਰੀ ਸਮਰੱਥਾ ਚ ਪਾਣੀ ਜਮ੍ਹਾਂ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਧਰਤੀ ਵਿੱਚ ਰੀਚਾਰਜਿੰਗ ਲਈ ਦਰਿਆਵਾਂ ਦੇ ਕਿਨਾਰਿਆਂ ਅਤੇ ਖੇਤਾਂ ਦੇ ਨੀਵੇਂ ਖੇਤਰਾਂ ਵਿੱਚ ਵਿਆਪਕ ਪ੍ਰਬੰਧ ਕੀਤੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੁਆਰਾ ਫੌਰੀ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੀ ਸੂਰਤ ਵਿੱਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋਏ ਇਸ ਦੀ ਜ਼ਿੰਮੇਵਾਰ ਸਰਕਾਰ ਨੂੰ ਮੰਨ ਕੇ ਪੰਜਾਬ ਸਰਕਾਰ ਤੋਂ ਪ੍ਰਬੰਧ ਕਰਾਉਣ ਲਈ ਉਕਤ ਮੰਗਾਂ ਮੰਨਣ ਲਈ ਮਜਬੂਰ ਕਰਨ ਵਾਲੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣ।
Comments
Post a Comment