ਸੀਬੀਆਈ ਅਦਾਲਤ ਵੱਲੋਂ ਤਰਨਤਾਰਨ ਫਰਜ਼ੀ ਪੁਲਿਸ ਮੁਕਾਬਲਾ ਮਾਮਲੇ ’ਚ ਤਤਕਾਲੀ SSP, DSP ਸਮੇਤ 5 ਨੂੰ ਉਮਰਕੈਦ
ਐਸ.ਏ.ਐਸ.ਨਗਰ 4 ਅਗਸਤ ( ਰਣਜੀਤ ਧਾਲੀਵਾਲ ) : ਤਰਨਤਾਰਨ ਵਿੱਚ ਹੋਏ ਫਰਜ਼ੀ ਪੁਲਿਸ ਮੁਕਾਬਲਾ ਮਾਮਲੇ ਵਿੱਚ ਮੋਹਾਲੀ ਦੀ ਸੀ ਬੀ ਆਈ ਅਦਾਲਤ ਵੱਲੋਂ ਵੱਡਾ ਫੈਸਲਾ ਸੁਦਾਇਆ ਗਿਆ ਹੈ। ਸੀਬੀਆਈ ਅਦਾਲਤ ਵੱਲੋਂ 1993 ਵਿੱਚ ਹੋਏ ਫਰਜ਼ੀ ਪੁਲਿਸ ਮੁਕਾਬਲੇ ਮਾਮਲੇ ਵਿੱਚ 5 ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਸੇਵਾਮੁਕਤ ਐਸ ਐਸ ਪੀ ਭੁਪਿੰਦਰਜੀਤ ਸਿੰਘ ਅਤੇ ਸੇਵਾ ਮੁਕਤ ਡੀ ਐਸ ਪੀ ਦਵਿੰਦਰ ਸਿੰਘ ਸਮੇਤ 5 ਨੂੰ ਉਮਰ ਕੈਦ ਸੁਣਾਈ ਹੈ। ਇਹ ਮਾਮਲਾ 1993 ਦਾ ਹੈ, ਜਦੋਂ 7 ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਹੋਇਆ ਦਿਖਾਇਆ ਗਿਆ ਸੀ। ਇਨ੍ਹਾਂ ਵਿੱਚੋਂ 4 ਤਾਂ ਸਪੈਸ਼ਲ ਪੁਲਿਸ ਅਫਸਰ (SPO) ਵਜੋਂ ਤਾਇਨਾਤ ਸਨ। 27 ਜੂਨ 1993 ਨੂੰ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਇਹ ਵੀ ਵਰਨਣਯੋਗ ਹੈ ਕਿ 28 ਜੁਲਾਈ 1993 ਨੂੰ ਡੀ.ਐਸ.ਪੀ. ਭੁਪਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਦੋ ਵੱਖ-ਵੱਖ ਥਾਣਿਆਂ (ਵੈਰੋਵਾਲ ਅਤੇ ਸਹਿਰਾਲੀ) ਵਿੱਚ ਫਰਜ਼ੀ ਮੁਕਾਬਲਿਆਂ ਦੀਆਂ ਐਫ.ਆਈ.ਆਰ. ਦਰਜ ਕੀਤੀਆਂ ਗਈਆਂ, ਜਿਸ ਵਿੱਚ 7 ਲੋਕਾਂ ਨੂੰ ਝੂਠੇ ਐਨਕਾਊਂਟਰ ਵਿੱਚ ਮਾਰਿਆ ਗਿਆ ਦਿਖਾਇਆ ਗਿਆ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ 1996 ਵਿੱਚ ਇਹ ਕੇਸ ਸੀ.ਬੀ.ਆਈ. ਨੂੰ ਸੌਂਪਿਆ ਗਿਆ। ਸੀ.ਬੀ.ਆਈ. ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਮੁਕਾਬਲੇ ਫਰਜ਼ੀ ਸਨ। ਪੋਸਟਮਾਰਟਮ ਰਿਪੋਰਟਾਂ ਤੋਂ ਪਤਾ ਲੱਗਾ ਕਿ ਮਾਰੇ ਜਾਣ ਤੋਂ ਪਹਿਲਾਂ ਇਨ੍ਹਾਂ ਲੋਕਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ।
Comments
Post a Comment